ਦੂਜੇ ਦੇਸ਼ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਭਾਰਤੀ ਪਾਸਪੋਰਟ ਦੀ ਵਰਤੋਂ ਕਰਨਾ ਕਾਨੂੰਨਨ ਅਪਰਾਧ

ਨਵੀਂ ਦਿੱਲੀ: ਹਰ ਸਾਲ ਹਜ਼ਾਰਾਂ ਭਾਰਤੀ ਚੰਗੇ ਰੁਜ਼ਗਾਰ ਅਤੇ ਜੀਵਨ ਪੱਧਰ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ ਅਤੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲੈਂਦੇ ਹਨ। ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਦੂਜੇ ਦੇਸ਼ ਦਾ ਨਾਗਰਿਕ ਬਣਦੇ ਹੀ ਵਿਅਕਤੀ ਦੇ ਭਾਰਤ ਨਾਲ ਕਾਨੂੰਨੀ ਸਬੰਧ ਅਤੇ ਅਧਿਕਾਰ ਪੂਰੀ ਤਰ੍ਹਾਂ ਬਦਲ ਜਾਂਦੇ ਹਨ।
ਦੋਹਰੀ ਨਾਗਰਿਕਤਾ ਦੀ ਮਨਾਹੀ
ਭਾਰਤੀ ਸੰਵਿਧਾਨ ਅਨੁਸਾਰ ਇੱਥੇ 'ਦੋਹਰੀ ਨਾਗਰਿਕਤਾ' ਦਾ ਕੋਈ ਨਿਯਮ ਨਹੀਂ ਹੈ। ਜਦੋਂ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਂਦਾ ਹੈ, ਤਾਂ ਉਸ ਦੀ ਭਾਰਤੀ ਨਾਗਰਿਕਤਾ ਆਪਣੇ ਆਪ ਖ਼ਤਮ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਭਾਰਤੀ ਪਾਸਪੋਰਟ ਰੱਖਣਾ ਜਾਂ ਵਰਤਣਾ ਗੈਰ-ਕਾਨੂੰਨੀ ਹੈ। ਨਾਗਰਿਕਤਾ ਬਦਲਣ ਤੋਂ ਬਾਅਦ ਪਾਸਪੋਰਟ ਵਿਭਾਗ ਨੂੰ ਸੌਂਪਣਾ (ਸਰੈਂਡਰ ਕਰਨਾ) ਲਾਜ਼ਮੀ ਹੈ, ਨਹੀਂ ਤਾਂ ਭਾਰੀ ਜੁਰਮਾਨਾ ਹੋ ਸਕਦਾ ਹੈ।
ਭਾਰਤ ਵਿੱਚ ਰਹਿਣ ਲਈ ਮਿਲਦੀਆਂ ਸਹੂਲਤਾਂ
ਵਿਦੇਸ਼ੀ ਨਾਗਰਿਕ ਬਣ ਚੁੱਕੇ ਭਾਰਤੀ ਮੂਲ ਦੇ ਲੋਕਾਂ ਲਈ ਸਰਕਾਰ ਨੇ 'ਓਵਰਸੀਜ਼ ਸਿਟੀਜ਼ਨ ਆਫ ਇੰਡੀਆ' (ਓ.ਸੀ.ਆਈ.) ਕਾਰਡ ਦੀ ਸਹੂਲਤ ਦਿੱਤੀ ਹੈ। ਇਸ ਦੇ ਫਾਇਦੇ ਹਨ:
ਬਿਨਾਂ ਕਿਸੇ ਰੋਕ-ਟੋਕ ਜਾਂ ਵਾਰ-ਵਾਰ ਵੀਜ਼ਾ ਲਏ ਜੀਵਨ ਭਰ ਭਾਰਤ ਆਉਣ-ਜਾਣ ਦੀ ਆਗਿਆ।
ਭਾਰਤ ਵਿੱਚ ਬੈਂਕ ਖਾਤਾ ਖੋਲ੍ਹਣ ਅਤੇ ਨਿਵੇਸ਼ ਕਰਨ ਦੀ ਸਹੂਲਤ।
ਕਿਹੜੇ ਅਧਿਕਾਰ ਹੋ ਜਾਂਦੇ ਹਨ ਖ਼ਤਮ?
ਓ.ਸੀ.ਆਈ. ਕਾਰਡ ਹੋਣ ਦੇ ਬਾਵਜੂਦ ਵਿਦੇਸ਼ੀ ਨਾਗਰਿਕਾਂ ਨੂੰ ਭਾਰਤੀ ਨਾਗਰਿਕਾਂ ਵਰਗੇ ਪੂਰੇ ਅਧਿਕਾਰ ਨਹੀਂ ਮਿਲਦੇ:
ਵੋਟ ਪਾਉਣ ਦਾ ਅਧਿਕਾਰ: ਉਹ ਵੋਟ ਨਹੀਂ ਪਾ ਸਕਦੇ ਅਤੇ ਨਾ ਹੀ ਚੋਣ ਲੜ ਸਕਦੇ ਹਨ।
ਸਰਕਾਰੀ ਨੌਕਰੀਆਂ: ਉਹ ਫੌਜ ਜਾਂ ਉੱਚ ਪ੍ਰਸ਼ਾਸਨਿਕ ਸੇਵਾਵਾਂ (ਆਈ.ਏ.ਐੱਸ., ਆਈ.ਪੀ.ਐੱਸ.) ਵਿੱਚ ਨੌਕਰੀ ਨਹੀਂ ਕਰ ਸਕਦੇ।
ਜ਼ਮੀਨ ਦੀ ਖਰੀਦ: ਉਹ ਖੇਤੀਬਾੜੀ ਵਾਲੀ ਜ਼ਮੀਨ ਜਾਂ ਬਾਗ਼ ਨਹੀਂ ਖਰੀਦ ਸਕਦੇ, ਹਾਲਾਂਕਿ ਘਰ ਜਾਂ ਵਪਾਰਕ ਇਮਾਰਤ ਖਰੀਦਣ ਦੀ ਇਜਾਜ਼ਤ ਹੈ।
ਪ੍ਰਵਾਸੀ ਭਾਰਤੀ (ਐੱਨ.ਆਰ.ਆਈ.) ਅਤੇ ਓ.ਸੀ.ਆਈ. ਵਿੱਚ ਫਰਕ
ਅਕਸਰ ਲੋਕ ਇਨ੍ਹਾਂ ਦੋਵਾਂ ਨੂੰ ਇੱਕੋ ਸਮਝਦੇ ਹਨ, ਪਰ ਇਨ੍ਹਾਂ ਵਿੱਚ ਵੱਡਾ ਅੰਤਰ ਹੈ। ਐੱਨ.ਆਰ.ਆਈ. ਉਹ ਭਾਰਤੀ ਨਾਗਰਿਕ ਹੈ ਜੋ ਸਿਰਫ ਕੰਮ ਜਾਂ ਪੜ੍ਹਾਈ ਲਈ ਵਿਦੇਸ਼ ਰਹਿੰਦਾ ਹੈ ਪਰ ਉਸ ਕੋਲ ਪਾਸਪੋਰਟ ਭਾਰਤੀ ਹੀ ਹੁੰਦਾ ਹੈ ਅਤੇ ਉਸ ਨੂੰ ਵੋਟ ਪਾਉਣ ਦਾ ਪੂਰਾ ਹੱਕ ਹੁੰਦਾ ਹੈ। ਇਸ ਦੇ ਉਲਟ, ਓ.ਸੀ.ਆਈ. ਕਾਰਡ ਧਾਰਕ ਇੱਕ ਵਿਦੇਸ਼ੀ ਨਾਗਰਿਕ ਹੁੰਦਾ ਹੈ ਜਿਸ ਕੋਲ ਦੂਜੇ ਦੇਸ਼ ਦਾ ਪਾਸਪੋਰਟ ਹੁੰਦਾ ਹੈ।
ਸਰਕਾਰ ਨੇ ਇਹ ਪ੍ਰਬੰਧ ਇਸ ਲਈ ਕੀਤਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਵੱਸੇ ਭਾਰਤੀ ਆਪਣੀ ਮਾਤ-ਭੂਮੀ ਅਤੇ ਸੱਭਿਆਚਾਰ ਨਾਲ ਜੁੜੇ ਰਹਿ ਸਕਣ।