ਰਾਸ਼ਟਰਪਤੀ ਟਰੰਪ ਈਰਾਨ ਜੰਗ ਦਾ ਸਪੱਸ਼ਟ ਕਾਰਨ ਦੱਸਣ ਵਿੱਚ ਨਾਕਾਮ ਰਹੇ-ਸਰਵੇ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਦੋ ਤਿਹਾਈ ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਈਰਾਨ ਜੰਗ ਦਾ ਅਸਲ ਕਾਰਨ ਦੱਸਣ ਵਿੱਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਰਾਈਟਰ ਤੇ ਇਪਸਾਸ ਦੇ ਇਕ ਤਾਜ਼ਾ ਸਰਵੇ ਵਿੱਚ ਏਨੇ ਹੀ ਲੋਕਾਂ ਨੇ ਕਿਹਾ ਹੈ ਕਿ ਈਰਾਨ ਨਾਲ ਜੰਗ ਕਾਰਨ ਵਿੱਤੀ ਬੋਝ ਪਿਆ ਹੈ ਤੇ ਗੈਸ ਦੀਆਂ ਕੀਮਤਾਂ ਵਧੀਆਂ ਹਨ। ਦੂਸਰੇ ਪਾਸੇ ਟਰੰਪ ਦੀ ਪ੍ਰਵਾਨਗੀ ਦਰ ਵਿਚ ਮਮੂਲੀ ਸੁਧਾਰ ਵੀ ਵੇਖਣ ਨੂੰ ਮਿਲਿਆ ਹੈ ਜੋ ਵਧ ਕੇ 36% ਹੋ ਗਈ ਹੈ ਜਦ ਕਿ ਅਪ੍ਰੈਲ ਦੇ ਆਖੀਰ ਵਿਚ ਪ੍ਰਵਾਨਗੀ ਦਰ ਸਭ ਤੋ ਹੇਠਲੇ ਪੱਧਰ ਤੇ 34
% ਸੀ। ਰਾਸ਼ਟਰਪਤੀ ਦੀ ਸਭ ਤੋਂ ਵਧ ਪ੍ਰਵਾਨਗੀ ਦਰ ਜਨਵਰੀ 2025 ਵਿੱਚ 47% ਸੀ। ਸਰਵੇ ਵਿੱਚ ਦੇਸ਼ ਭਰ ਦੇ 1254 ਬਾਲਗਾਂ ਦੀ ਰਾਏ ਲਈ ਗਈ। 8 ਤੋਂ 11 ਜਨਵਰੀ ਤੱਕ ਕੀਤੇ ਸਰਵੇ ਵਿੱਚ 66% ਅਮਰੀਕੀਆਂ ਨੇ ਕਿਹਾ ਕਿ ਟਰੰਪ ਈਰਾਨ ਜੰਗ ਵਿੱਚ ਫੌਜ ਦੇ ਟੀਚੇ ਨੂੰ ਸਪੱਸ਼ਟ ਤੌਰ ਤੇ ਬਿਆਨ ਨਹੀਂ ਕਰ ਸਕੇ ਜਦ ਕਿ 63% ਲੋਕਾਂ ਦਾ ਮੰਨਣਾ ਹੈ ਕਿ ਗੈਸ ਦੀਆਂ ਕੀਮਤਾਂ ਵਧਣ ਕਾਰਨ ਉਹ ਆਰਥਕ ਤੌਰ ਤੇ ਪ੍ਰਭਾਵਿਤ ਹੋਏ ਹਨ।