ਸ਼ੀ-ਟਰੰਪ ਮੀਟਿੰਗ: ਨਿੱਘੀਆਂ ਜੱਫੀਆਂ ਪਰ ਇਰਾਨ ਜੰਗ 'ਤੇ ਅਮਰੀਕਾ ਦੀਆਂ ਉਮੀਦਾਂ ਠੁੱਸ!

​*ਬੀਜਿੰਗ ਤੋਂ ਖਾਲੀ ਹੱਥ ਪਰਤੇ ਟਰੰਪ ਇਰਾਨ ਮੁੱਦੇ 'ਤੇ ਚੀਨ ਨੇ ਦਿਖਾਈ ਅੱਖ।
​ਸ਼ੀ ਜਿਨਪਿੰਗ ਦੀ ਟਰੰਪ ਨੂੰ ਸਿੱਧੀ ਚੇਤਾਵਨੀ: 'ਤਾਈਵਾਨ ਮੁੱਦੇ 'ਤੇ ਗਲਤੀ ਪਵੇਗੀ ਮਹਿੰਗੀ!'

​ਬੀਜਿੰਗ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 40 ਘੰਟਿਆਂ ਤੋਂ ਵੱਧ ਸਮਾਂ ਬਿਤਾਉਣ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕਈ ਦੌਰ ਦੀਆਂ ਅਹਿਮ ਮੁਲਾਕਾਤਾਂ ਕਰਨ ਤੋਂ ਬਾਅਦ ਬੀਤੇ ਦਿਨੀਂ ਦੁਪਹਿਰ ਨੂੰ ਏਅਰ ਫੋਰਸ ਵਨ ਰਾਹੀਂ ਰਵਾਨਾ ਹੋ ਗਏ ਸਨ। ਪਰ ਵਾਈਟ ਹਾਊਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ, ਦੁਨੀਆ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਮਹਾਂਸ਼ਕਤੀਆਂ ਵਿਚਕਾਰ ਇਰਾਨ ਜੰਗ ਨੂੰ ਖ਼ਤਮ ਕਰਨ ਦੇ ਤਰੀਕੇ 'ਤੇ ਕੋਈ ਠੋਸ ਸਮਝੌਤਾ ਹੁੰਦਾ ਨਜ਼ਰ ਨਹੀਂ ਆਇਆ।
​ਇਹ ਸਿਖਰ ਸੰਮੇਲਨ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਨੂੰ 77 ਦਿਨ ਹੋ ਚੁੱਕੇ ਹਨ। ਅਮਰੀਕੀ ਪ੍ਰਸ਼ਾਸਨ ਲਗਾਤਾਰ ਚੀਨ 'ਤੇ ਦਬਾਅ ਬਣਾ ਰਿਹਾ ਸੀ ਕਿ ਉਹ ਇਰਾਨ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰੇ, ਪਰ ਬੀਜਿੰਗ ਨੇ ਆਪਣੇ ਪੁਰਾਣੇ ਰੁਖ਼ ਵਿੱਚ ਕੋਈ ਬਦਲਾਅ ਨਹੀਂ ਕੀਤਾ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਜੰਗ ਦੀ ਸਖ਼ਤ ਨਿਖੇਧੀ ਕੀਤੀ ਹੈ। ਚੀਨ ਨੇ ਕਿਹਾ ਕਿ ਇਸ ਸੰਘਰਸ਼ ਕਾਰਨ ਇਰਾਨ ਅਤੇ ਖੇਤਰ ਦੇ ਹੋਰ ਦੇਸ਼ਾਂ ਦੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ (ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 3,000 ਤੋਂ ਵੱਧ ਇਰਾਨੀ ਮਾਰੇ ਜਾ ਚੁੱਕੇ ਹਨ)।ਚੀਨ ਨੇ ਕਿਹਾ, "ਇਹ ਜੰਗ ਕਦੇ ਹੋਣੀ ਹੀ ਨਹੀਂ ਚਾਹੀਦੀ ਸੀ ਅਤੇ ਇਸ ਨੂੰ ਜਾਰੀ ਰੱਖਣ ਦਾ ਕੋਈ ਤਰਕ ਨਹੀਂ ਹੈ।"
​ਅਮਰੀਕਾ ਨੂੰ ਉਮੀਦ ਸੀ ਕਿ ਚੀਨ ਇਰਾਨ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਉਸ ਨੂੰ ਸਮਝੌਤੇ ਲਈ ਮਨਾਏਗਾ, ਪਰ ਮਾਹਿਰਾਂ ਮੁਤਾਬਕ ਚੀਨ ਇਰਾਨ ਨੂੰ ਅਮਰੀਕਾ ਦੇ ਖਿਲਾਫ ਇੱਕ ਰਣਨੀਤਕ ਸੰਤੁਲਨ ਵਜੋਂ ਦੇਖਦਾ ਹੈ, ਇਸ ਲਈ ਉਹ ਇਰਾਨ 'ਤੇ ਕੋਈ ਸਖ਼ਤ ਦਬਾਅ ਨਹੀਂ ਪਾਏਗਾ। ਹਾਲਾਂਕਿ ਵਾਈਟ ਹਾਊਸ ਨੇ ਕਿਹਾ ਕਿ ਦੋਵੇਂ ਆਗੂ ਹਰਮੁਜ਼ ਜਲਡਮਰੂ ਨੂੰ ਖੋਲ੍ਹਣ ਅਤੇ ਚੀਨ ਵੱਲੋਂ ਅਮਰੀਕੀ ਤੇਲ ਖਰੀਦਣ 'ਤੇ ਸਹਿਮਤ ਹੋਏ ਹਨ, ਪਰ ਚੀਨ ਵੱਲੋਂ ਲਿਖਤੀ ਵਿੱਚ ਕੋਈ ਖਾਸ ਵਾਅਦਾ ਨਹੀਂ ਕੀਤਾ ਗਿਆ।
​ਚੀਨ ਨੇ ਪਾਕਿਸਤਾਨ ਦੀ ਵਿਚੋਲਗੀ ਹੇਠ ਚੱਲ ਰਹੀਆਂ ਜੰਗਬੰਦੀ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕੀਤਾ ਸੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ 'ਚਾਰ-ਨੁਕਾਤੀ ਸ਼ਾਂਤੀ ਫਾਰਮੂਲੇ' (ਸ਼ਾਂਤਮਈ ਸਹਿ-ਹੋਂਦ, ਸਿਆਸੀ ਗੱਲਬਾਤ, ਸਾਂਝੀ ਸੁਰੱਖਿਆ ਅਤੇ ਵਿਕਾਸ) 'ਤੇ ਜ਼ੋਰ ਦਿੱਤਾ ਸੀ।

ਦੂਜੇ ਪਾਸੇ, ਟਰੰਪ ਪ੍ਰਸ਼ਾਸਨ ਨੇ ਇਸ ਜੰਗ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਇਸ ਦਾ ਮਕਸਦ ਇਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਹੈ, ਹਾਲਾਂਕਿ ਇਰਾਨ ਹਮੇਸ਼ਾ ਇਨ੍ਹਾਂ ਦਾਅਵਿਆਂ ਨੂੰ ਨਕਾਰਦਾ ਆਇਆ ਹੈ।ਜੰਗ ਦੇ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਰਾਨ ਨੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਟੈਕਸ ਲਗਾਉਣ ਦੀ ਤਜਵੀਜ਼ ਰੱਖੀ ਸੀ, ਜਿਸ ਨੂੰ ਅਮਰੀਕਾ ਨੇ ਰੱਦ ਕਰ ਦਿੱਤਾ ਸੀ ਅਤੇ ਅਪ੍ਰੈਲ ਵਿੱਚ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਕਰ ਦਿੱਤੀ ਸੀ।
ਅਮਰੀਕਾ ਮੁਤਾਬਕ ਰਾਸ਼ਟਰਪਤੀ ਸ਼ੀ ਜਲਡਮਰੂ ਦੇ ਫੌਜੀਕਰਨ ਅਤੇ ਟੈਕਸ ਲਗਾਉਣ ਦੇ ਖਿਲਾਫ ਹਨ ਅਤੇ ਚੀਨ ਨੇ ਭਵਿੱਖ ਵਿੱਚ ਆਪਣੀ ਨਿਰਭਰਤਾ ਘਟਾਉਣ ਲਈ ਅਮਰੀਕਾ ਤੋਂ ਹੋਰ ਤੇਲ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ।
ਹਾਲਾਂਕਿ, ਚੀਨ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਸਪਲਾਈ ਚੇਨ ਅਤੇ ਤੇਲ ਦੀ ਸਪਲਾਈ ਵਿੱਚ ਵਿਘਨ 'ਤੇ ਚਿੰਤਾ ਤਾਂ ਜਤਾਈ, ਪਰ ਇਰਾਨੀ ਟੈਕਸਾਂ ਜਾਂ ਜਲਡਮਰੂ ਦੇ ਫੌਜੀਕਰਨ ਬਾਰੇ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ। ਚੀਨ ਇਰਾਨੀ ਤੇਲ ਦਾ ਇੱਕ ਵੱਡਾ ਖਰੀਦਦਾਰ ਹੈ।

​ਵਾਈਟ ਹਾਊਸ ਨੇ ਬਿਆਨ ਦਿੱਤਾ ਸੀ ਕਿ ਦੋਵੇਂ ਦੇਸ਼ ਇਸ ਗੱਲ 'ਤੇ ਸਹਿਮਤ ਹਨ ਕਿ "ਇਰਾਨ ਕੋਲ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਹੋਣਾ ਚਾਹੀਦਾ।"
​ਪਰ ਚੀਨ ਦੇ ਬਿਆਨ ਵਿੱਚ ਅਜਿਹੀ ਕੋਈ ਸਿੱਧੀ ਸ਼ਰਤ ਨਹੀਂ ਸੀ। ਚੀਨ ਨੇ ਸਿਰਫ਼ ਇਹ ਕਿਹਾ ਕਿ ਸਾਰੀਆਂ ਧਿਰਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਆਸੀ ਗੱਲਬਾਤ ਰਾਹੀਂ ਪ੍ਰਮਾਣੂ ਮੁੱਦੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।

​ਅਮਰੀਕੀ ਪ੍ਰਸ਼ਾਸਨ ਦੇ ਬਦਲਦੇ ਸੁਰ

​ਦੌਰੇ ਦੌਰਾਨ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ਵਿੱਚ ਨਿਰਾਸ਼ਾ ਅਤੇ ਵਿਰੋਧਾਭਾਸ ਸਾਫ਼ ਦੇਖਣ ਨੂੰ ਮਿਲਿਆ।ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਸੀ, "ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਰਾਨ ਦੇ ਮੁੱਦੇ 'ਤੇ ਕਿਸੇ ਦੀ ਮਦਦ ਦੀ ਲੋੜ ਹੈ, ਅਸੀਂ ਇਹ ਜੰਗ ਜਿੱਤ ਜਾਵਾਂਗੇ।"
​ਪਰ ਦੂਜੇ ਪਾਸੇ, ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੈਥ, ਵਿੱਤ ਮੰਤਰੀ ਸਕਾਟ ਬੇਸੈਂਟ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਲਗਾਤਾਰ ਚੀਨ ਨੂੰ ਅਪੀਲ ਕੀਤੀ ਕਿ ਉਹ ਹਰਮੁਜ਼ ਜਲਡਮਰੂ ਨੂੰ ਖੁਲ੍ਹਵਾਉਣ ਅਤੇ ਇਰਾਨ ਨੂੰ ਪਿੱਛੇ ਹਟਣ ਲਈ ਮਨਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਏ।

ਇਸ ਹਾਈ-ਪ੍ਰੋਫਾਈਲ ਸਿਖਰ ਸੰਮੇਲਨ ਤੋਂ ਇਹ ਸਾਫ਼ ਹੋ ਗਿਆ ਹੈ ਕਿ ਚੀਨ ਅਮਰੀਕਾ ਦੇ ਕਹਿਣ 'ਤੇ ਇਰਾਨ ਵਿਰੁੱਧ ਕੋਈ ਸਖ਼ਤ ਕਦਮ ਚੁੱਕਣ ਲਈ ਤਿਆਰ ਨਹੀਂ ਹੈ, ਜਿਸ ਕਾਰਨ ਮੱਧ ਪੂਰਬ ਵਿੱਚ ਸ਼ਾਂਤੀ ਬਹਾਲੀ ਦੇ ਯਤਨ ਫਿਲਹਾਲ ਅੱਧ -ਵਿਚਕਾਰ ਲਟਕ ਗਏ ਹਨ।

ਰਾਸ਼ਟਰਪਤੀ ਟਰੰਪ ਨੇ ਫੌਕਸ ਨਿਊਜ਼ ਨੂੰ ਦੱਸਿਆ ਸੀ ਕਿ ਚੀਨ ਨੇ ਅਮਰੀਕਾ ਤੋਂ 200 ਬੋਇੰਗ ਜਹਾਜ਼ ਖਰੀਦਣ 'ਤੇ ਸਹਿਮਤੀ ਜਤਾਈ ਹੈ। ਲਗਭਗ ਇੱਕ ਦਹਾਕੇ ਵਿੱਚ ਚੀਨ ਵੱਲੋਂ ਅਮਰੀਕੀ ਵਪਾਰਕ ਜਹਾਜ਼ਾਂ ਦੀ ਇਹ ਪਹਿਲੀ ਖਰੀਦ ਹੈ। ਪਰ ਬਾਜ਼ਾਰ ਨੂੰ ਲਗਭਗ 500 ਜਹਾਜ਼ਾਂ ਦੇ ਆਰਡਰ ਦੀ ਉਮੀਦ ਸੀ। ਉਮੀਦ ਤੋਂ ਘੱਟ ਆਰਡਰ ਮਿਲਣ ਕਾਰਨ ਬੋਇੰਗ ਦੇ ਸ਼ੇਅਰ 4% ਤੋਂ ਵੱਧ ਟੁੱਟ ਗਏ, ਜਿਸ ਕਾਰਨ ਚੀਨੀ ਅਤੇ ਅਮਰੀਕੀ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।
​ਇਸ ਤੋਂ ਇਲਾਵਾ ਐਨਵੀਡੀਆ ਦੇ ਐਡਵਾਂਸਡ ਏਆਈ ਚਿਪਸ ਦੀ ਚੀਨ ਨੂੰ ਵੇਚਣ 'ਤੇ ਵੀ ਕੋਈ ਫੈਸਲਾ ਨਹੀਂ ਹੋ ਸਕਿਆ, ਭਾਵੇਂ ਕਿ ਕੰਪਨੀ ਦੇ ਸੀਈਓ ਜੇਨਸਨ ਹੁਆਂਗ ਖ਼ੁਦ ਆਖਰੀ ਸਮੇਂ ਇਸ ਦੌਰੇ ਵਿੱਚ ਸ਼ਾਮਲ ਹੋਏ ਸਨ।

ਚੀਨ ਵੱਲੋਂ ਮਹੱਤਵਪੂਰਨ ਖਣਿਜਾਂ ਦੀ ਸਪਲਾਈ 'ਤੇ ਲਗਾਈਆਂ ਗਈਆਂ ਪਾਬੰਦੀਆਂ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ, ਜਿਸ ਕਾਰਨ ਅਮਰੀਕੀ ਚਿਪਮੇਕਰਾਂ ਅਤੇ ਹਵਾਈ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਸਾਲ ਹੋਏ ਅਸਥਾਈ ਸਮਝੌਤੇ ਨੂੰ ਇਸ ਸਾਲ ਤੋਂ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ, ਇਸ 'ਤੇ ਵੀ ਸਸਪੈਂਸ ਬਰਕਰਾਰ ਹੈ।
ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਬੰਦ ਕਮਰਾ ਗੱਲਬਾਤ ਵਿੱਚ ਰਾਸ਼ਟਰਪਤੀ ਸ਼ੀ ਨੇ ਤਾਈਵਾਨ ਦਾ ਮੁੱਦਾ ਚੁੱਕਿਆ। ਉਨ੍ਹਾਂ ਟਰੰਪ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਤਾਈਵਾਨ ਮੁੱਦੇ 'ਤੇ ਕੋਈ ਵੀ ਗਲਤ ਕਦਮ ਦੋਵਾਂ ਦੇਸ਼ਾਂ ਵਿਚਕਾਰ ਸਿੱਧੀ ਜੰਗ ਦਾ ਰੂਪ ਲੈ ਸਕਦਾ ਹੈ। ਟਰੰਪ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਕੋਈ ਵੀ ਜਨਤਕ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਾਫ਼ ਕੀਤਾ ਕਿ ਤਾਈਵਾਨ 'ਤੇ ਅਮਰੀਕਾ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।

ਚੀਨ ਦੀ ਸਰਕਾਰੀ ਅਖ਼ਬਾਰ ਦਾ ਦਾਅਵਾ

ਚੀਨ ਦੀ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਦੀ ਇੱਕ ਵਿਸ਼ੇਸ਼ ਰਿਪੋਰਟ ਅਨੁਸਾਰ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਈ ਤਾਜ਼ਾ ਇਤਿਹਾਸਕ ਮੁਲਾਕਾਤ ਨੇ ਬਦਲਦੇ ਹੋਏ ਸੰਸਾਰਿਕ ਦ੍ਰਿਸ਼ਟੀਕੋਣ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ। ਅਖ਼ਬਾਰ ਮੁਤਾਬਕ, ਦੋਵਾਂ ਦੇਸ਼ਾਂ ਵੱਲੋਂ "ਰਣਨੀਤਕ ਸਥਿਰਤਾ ਦੇ ਇੱਕ ਰਚਨਾਤਮਕ ਚੀਨ-ਅਮਰੀਕਾ ਸਬੰਧ" ਨੂੰ ਬਣਾਉਣ ਦਾ ਸੰਕਲਪ ਮਹਿਜ਼ ਇੱਕ ਦੁਵੱਲਾ ਸਮਝੌਤਾ ਨਹੀਂ ਹੈ, ਬਲਕਿ ਇਹ ਦੁਨੀਆ ਦੀਆਂ ਦੋ ਮਹਾਂਸ਼ਕਤੀਆਂ ਵੱਲੋਂ ਆਲਮੀ ਸਥਿਰਤਾ ਅਤੇ ਲੋਕ-ਭਲਾਈ ਲਈ ਜ਼ਿੰਮੇਵਾਰੀ ਚੁੱਕਣ ਦਾ ਇੱਕ ਵੱਡਾ ਪ੍ਰਦਰਸ਼ਨ ਹੈ।
​ਗਲੋਬਲ ਟਾਈਮਜ਼ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੱਜ ਦੇ ਦੌਰ ਵਿੱਚ, ਚਾਹੇ ਉਹ ਮੱਧ ਪੂਰਬ ਦਾ ਤਣਾਅ ਹੋਵੇ, ਯੂਕਰੇਨ ਦਾ ਸੰਕਟ ਹੋਵੇ ਜਾਂ ਕੋਰੀਆਈ ਪ੍ਰਾਇਦੀਪ ਦੇ ਮੁੱਦੇ&mdashਇਨ੍ਹਾਂ ਸਾਰੇ ਖੇਤਰੀ ਵਿਵਾਦਾਂ ਦਾ ਹੱਲ ਅਤੇ ਨਵੀਆਂ ਸੰਸਾਰਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਇੱਕ ਸਥਿਰ, ਸਿਹਤਮੰਦ ਅਤੇ ਟਿਕਾਊ ਚੀਨ-ਅਮਰੀਕਾ ਸਬੰਧਾਂ 'ਤੇ ਹੀ ਨਿਰਭਰ ਕਰਦਾ ਹੈ।

​ਰਿਪੋਰਟ ਵਿੱਚ ਨੌਂ ਸਾਲ ਪਹਿਲਾਂ ਦੇ ਮੁਕਾਬਲੇ ਇਸ ਵਾਰ ਰਾਸ਼ਟਰਪਤੀ ਟਰੰਪ ਦੇ ਨਾਲ ਆਏ ਵਪਾਰਕ ਵਫ਼ਦ ਵਿੱਚ ਆਈ ਵੱਡੀ ਤਬਦੀਲੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਜਿੱਥੇ ਪਹਿਲਾਂ ਅਮਰੀਕੀ ਵਫ਼ਦ ਵਿੱਚ ਊਰਜਾ, ਹਵਾਬਾਜ਼ੀ ਅਤੇ ਖੇਤੀਬਾੜੀ ਖੇਤਰਾਂ ਦਾ ਦਬਦਬਾ ਹੁੰਦਾ ਸੀ, ਉੱਥੇ ਹੁਣ ਤਕਨਾਲੋਜੀ ਦੇ ਮਾਹਿਰ ਅਤੇ ਵਾਲ ਸਟ੍ਰੀਟ (ਵਿੱਤੀ ਖੇਤਰ) ਦੇ ਦਿੱਗਜ ਇਸ ਦੀ ਅਗਵਾਈ ਕਰ ਰਹੇ ਹਨ।
​ਚੀਨੀ ਮੀਡੀਆ ਅਨੁਸਾਰ, ਇਹ ਬਦਲਾਅ ਸਿੱਧ ਕਰਦਾ ਹੈ ਕਿ ਦੋਵਾਂ ਦੇਸ਼ਾਂ ਦੇ ਸਹਿਯੋਗ ਦਾ ਦਾਇਰਾ ਹੁਣ ਹੋਰ ਡੂੰਘਾ ਅਤੇ ਵਿਆਪਕ ਹੋ ਚੁੱਕਾ ਹੈ। ਦੱਖਣੀ ਕੋਰੀਆ ਵਿੱਚ ਹੋਈ ਆਰਥਿਕ ਅਤੇ ਵਪਾਰਕ ਸਲਾਹ-ਮਸ਼ਵਰੇ ਦੇ ਸੱਤਵੇਂ ਦੌਰ ਦੇ "ਸੰਤੁਲਿਤ ਅਤੇ ਸਕਾਰਾਤਮਕ ਨਤੀਜੇ" ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਇਹ ਨਵੀਂ ਭਾਈਵਾਲੀ ਹੁਣ ਅਮਲੀ ਰੂਪ ਵਿੱਚ ਜ਼ਮੀਨ 'ਤੇ ਉਤਰ ਰਹੀ ਹੈ।
ਗਲੋਬਲ ਟਾਈਮਜ਼ ਦੀ ਇਸ ਰਿਪੋਰਟ ਮੁਤਾਬਕ, ਇਹ ਨਵਾਂ ਰਣਨੀਤਕ ਮੋੜ ਦੁਨੀਆ ਨੂੰ 'ਜ਼ੀਰੋ-ਸਮ ਗੇਮ' (ਇੱਕ ਦਾ ਫਾਇਦਾ, ਦੂਜੇ ਦਾ ਨੁਕਸਾਨ) ਦੀ ਪੁਰਾਣੀ ਸੋਚ ਤੋਂ ਬਾਹਰ ਨਿਕਲਣ ਦਾ ਇਤਿਹਾਸਕ ਮੌਕਾ ਦਿੰਦਾ ਹੈ। ਜੇਕਰ ਦੋਵੇਂ ਦੇਸ਼ ਆਪਣੀ ਬੁਨਿਆਦ ਨੂੰ ਮਜ਼ਬੂਤ ਰੱਖਦੇ ਹੋਏ ਇੱਕੋ ਦਿਸ਼ਾ ਵਿੱਚ ਕਦਮ ਵਧਾਉਂਦੇ ਹਨ, ਤਾਂ ਇਹ ਅਸ਼ਾਂਤ ਚੱਲ ਰਹੀ ਦੁਨੀਆ ਵਿੱਚ ਸਾਂਝੇ ਵਿਕਾਸ ਅਤੇ ਵਿਸ਼ਵ ਸ਼ਾਂਤੀ ਲਈ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।

​ਸ਼ੀ-ਟਰੰਪ ਮੁਲਾਕਾਤ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਉਛਲੀਆਂ
*ਅਮਰੀਕਾ ਤੋਂ ਤੇਲ ਖਰੀਦੇਗਾ ਚੀਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਆਗੂ ਸ਼ੀ ਜਿਨਪਿੰਗ ਵਿਚਕਾਰ ਹੋਈ ਉੱਚ-ਪੱਧਰੀ ਗੱਲਬਾਤ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਇਹ ਤੇਜ਼ੀ ਰਾਸ਼ਟਰਪਤੀ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਚੀਨ ਅਮਰੀਕਾ ਤੋਂ ਕੱਚਾ ਤੇਲ ਖਰੀਦਣ ਲਈ ਸਹਿਮਤ ਹੋ ਗਿਆ ਹੈ।
​ਇਸ ਖ਼ਬਰ ਦੇ ਆਉਂਦਿਆਂ ਹੀ ਅੰਤਰਰਾਸ਼ਟਰੀ ਬੈਂਚਮਾਰਕ ਬਰੈਂਟ ਕਰੂਡ (Brent crude) ਜੁਲਾਈ ਵਾਅਦਾ 3.25% ਦੀ ਤੇਜ਼ੀ ਨਾਲ 104.46 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਦੂਜੇ ਪਾਸੇ, ਅਮਰੀਕੀ ਵੇਸਟ ਟੈਕਸਾਸ ਇੰਟਰਮੀਡੀਏਟ ਜੂਨ ਵਾਅਦਾ ਵੀ 2.11% ਵਧ ਕੇ 103.30 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।
​"
​ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੈਠਕ ਤੋਂ ਬਾਅਦ ਫੌਕਸ ਨਿਊਜ਼ ਨੂੰ ਦਿੱਤੇ ਇੱਕ ਰਿਕਾਰਡਿਡ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਉਹ (ਚੀਨ) ਸੰਯੁਕਤ ਰਾਜ ਅਮਰੀਕਾ ਤੋਂ ਤੇਲ ਖਰੀਦਣ ਲਈ ਸਹਿਮਤ ਹੋ ਗਏ ਹਨ। ਉਹ ਟੈਕਸਾਸ ਜਾਣਗੇ, ਅਤੇ ਅਸੀਂ ਚੀਨੀ ਜਹਾਜ਼ਾਂ ਨੂੰ ਟੈਕਸਾਸ, ਲੂਸੀਆਨਾ ਅਤੇ ਅਲਾਸਕਾ ਭੇਜਣਾ ਸ਼ੁਰੂ ਕਰਾਂਗੇ।"
​ਹਾਲਾਂਕਿ, ਚੀਨ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਊਰਜਾ ਖਰੀਦਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ।


​ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਦੂਜਾ ਵੱਡਾ ਕਾਰਨ ਦੋਵਾਂ ਰਾਸ਼ਟਰਪਤੀਆਂ ਵਿਚਕਾਰ 'ਹੋਰਮੁਜ਼ ਜਲਡਮਰੂ' ਨੂੰ ਖੁੱਲ੍ਹਾ ਰੱਖਣ 'ਤੇ ਬਣੀ ਸਹਿਮਤੀ ਹੈ। ਵਾਈਟ ਹਾਊਸ ਦੇ ਇੱਕ ਅਧਿਕਾਰੀ ਮੁਤਾਬਕ, ਰਾਸ਼ਟਰਪਤੀ ਸ਼ੀ ਨੇ ਸਪੱਸ਼ਟ ਕੀਤਾ ਹੈ ਕਿ ਚੀਨ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦੇ ਫੌਜੀਕਰਨ ਅਤੇ ਉੱਥੋਂ ਲੰਘਣ ਵਾਲੇ ਜਹਾਜ਼ਾਂ 'ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਲਗਾਉਣ ਦੇ ਸਖ਼ਤ ਖ਼ਿਲਾਫ਼ ਹੈ।
​ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਇੱਕ ਇੰਟਰਵਿਊ ਵਿੱਚ ਭਰੋਸਾ ਜਤਾਇਆ ਕਿ ਚੀਨ ਇਸ ਸੰਕਟ ਨੂੰ ਹੱਲ ਕਰਨ ਲਈ ਪਰਦੇ ਦੇ ਪਿੱਛੇ ਰਹਿ ਕੇ ਮਦਦ ਕਰੇਗਾ। ਉਨ੍ਹਾਂ ਕਿਹਾ, "ਹੋਰਮੁਜ਼ ਜਲਡਮਰੂ ਨੂੰ ਜਲਦੀ ਤੋਂ ਜਲਦੀ ਖੁਲ੍ਹਵਾਉਣਾ ਚੀਨ ਦੇ ਆਪਣੇ ਹਿੱਤ ਵਿੱਚ ਹੈ, ਕਿਉਂਕਿ ਉਨ੍ਹਾਂ ਦੀ ਊਰਜਾ ਸਪਲਾਈ ਇਸ 'ਤੇ ਬਹੁਤ ਨਿਰਭਰ ਕਰਦੀ ਹੈ।"


ਭਾਵੇਂ ਕਿ ਇਸ ਦੌਰੇ ਤੋਂ ਕੋਈ ਵੱਡੇ ਵਪਾਰਕ ਜਾਂ ਸਿਆਸੀ ਨਤੀਜੇ ਨਹੀਂ ਨਿਕਲੇ, ਪਰ ਦੋਵਾਂ ਧਿਰਾਂ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਉਨ੍ਹਾਂ ਦੇ ਆਪਸੀ ਰਿਸ਼ਤੇ ਹੁਣ ਵਧੇਰੇ ਸਥਿਰ ਹਨ। ਰਾਸ਼ਟਰਪਤੀ ਸ਼ੀ ਨੇ ਰਾਤ ਦੇ ਖਾਣੇ ਦੌਰਾਨ ਕਿਹਾ ਸੀ ਕਿ ਚੀਨ-ਅਮਰੀਕਾ ਸਬੰਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਰਿਸ਼ਤੇ ਹਨ ਅਤੇ "ਸਾਨੂੰ ਇਸ ਨੂੰ ਸਫਲ ਬਣਾਉਣਾ ਹੋਵੇਗਾ, ਅਸੀਂ ਇਸ ਨੂੰ ਖਰਾਬ ਨਹੀਂ ਕਰ ਸਕਦੇ।"