ਪੰਜਾਬੀ ਡੈਵਿਲਜ ਮੋਟਰ ਸਾਈਕਲ ਕਲੱਬ ਦੇ ਸੰਸਥਾਪਕ ਨੂੰ 5 ਸਾਲ ਤੋਂ ਵਧ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਟਾਕਟਨ ਦੇ ਪੰਜਾਬੀ ਡੈਵਿਲਜ ਮੋਟਰ ਸਾਈਕਲ ਕਲੱਬ ਦੇ ਸੰਸਥਾਪਕ ਜਸ਼ਨਪ੍ਰੀਤ ਸਿੰਘ ਨੂੰ ਅਗਨ ਸ਼ਸ਼ਤਰਾਂ ਦਾ ਗੈਰਕਾਨੂੰਨੀ ਵਪਾਰ ਕਰਨ ਤੇ ਮਸ਼ੀਨ ਗੰਨ ਰੱਖਣ ਦੇ ਮਾਮਲੇ ਵਿੱਚ 5 ਸਾਲ ਤੇ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਨੇ ਉਸ ਨੂੰ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਹਵਾਈ ਅੱਡੇ ਤੋਂ 26 ਜੁਲਾਈ,2025 ਨੂੰ ਗ੍ਰਿਫਤਾਰ ਕੀਤਾ ਸੀ ਜਿਥੋਂ ਉਹ ਭਾਰਤ ਆਉਣ ਦੀ ਤਿਆਰੀ ਵਿਚ ਸੀ। ਪੂਰਬੀ ਡਿਸਟ੍ਰਿਕਟ ਕੈਲੀਫੋਰਨੀਆ ਦੇ ਯੂ ਐਸ ਅਟਾਰਨੀ ਦਫਤਰ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਜੂਨ 2025 ਵਿੱਚ ਗੁਪਤ ਢੰਗ ਤਰੀਕੇ ਨਾਲ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਨਾਂ ਹਥਿਆਰਾਂ ਵਿੱਚ ਇਕ ਸ਼ਾਰਟ ਬੈਰਲ ਰਾਈਫਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਸ਼ਨ ਡਿਵਾਈਸਾਂ ਤੇ ਇਕ ਰਿਵਾਲਵਰ ਸ਼ਾਮਿਲ ਹੈ। ਬਾਅਦ ਵਿਚ ਜਸ਼ਨਪ੍ਰੀਤ ਸਿੰਘ ਦੀ ਰਿਹਾਇਸ਼ ਤੋਂ ਵੀ ਹਥਿਆਰ ਤੇ ਹਥਿਆਰਾਂ ਦੇ ਹਿੱਸੇ ਪੁਰਜੇ ਬਰਾਮਦਹੋਏ ਸਨ।