ਲੇਬਰ ਪਾਰਟੀ ’ਚ ਲੀਡਰਸ਼ਿਪ ਸੰਕਟ ਹੋਰ ਗਹਿਰਾਇਆ

 ਲੈਸਟਰ(ਇੰਗਲੈਂਡ),,15 ਮਈ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ ਸੱਤਾਧਾਰੀ ਲੇਬਰ ਪਾਰਟੀ ਵਿੱਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਲੀਡਰਸ਼ਿਪ ਨੂੰ ਲੈ ਕੇ ਚੱਲ ਰਹੀ ਚਰਚਾ ਹੋਰ ਤੇਜ਼ ਹੋ ਗਈ ਹੈ। ਸਾਬਕਾ ਸਿਹਤ ਮੰਤਰੀ ਵੇਸ ਸਟਰੀਟਿੰਗ ਦੇ ਇਕ ਸਾਥੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਜੇਕਰ ਲੇਬਰ ਪਾਰਟੀ ਵਿੱਚ ਲੀਡਰਸ਼ਿਪ ਚੋਣ ਹੁੰਦੀ ਹੈ ਤਾਂ ਸਟਰੀਟਿੰਗ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਣ ਦਾ ਇਰਾਦਾ ਰੱਖਦੇ ਹਨ। ਸਟਰੀਟਿੰਗ ਨੇ ਵੀਰਵਾਰ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਕੀਰ ਸਟਾਰਮਰ ਦੀ ਲੀਡਰਸ਼ਿਪ &rsquoਤੇ ਭਰੋਸਾ ਨਹੀਂ ਰਿਹਾ। ਇਸੇ ਦੌਰਾਨ ਗਰੇਟਰ ਮੈਨਚੈਸਟਰ ਦੇ ਮੇਅਰ ਐਂਡੀ ਬਰਨਹੈਮ ਦੀ ਵੈਸਟਮਿੰਸਟਰ ਵਾਪਸੀ ਦੀ ਕੋਸ਼ਿਸ਼ ਨੂੰ ਲੇਬਰ ਪਾਰਟੀ ਅੰਦਰ ਕਈ ਆਗੂਆਂ ਵੱਲੋਂ ਸਮਰਥਨ ਮਿਲ ਰਿਹਾ ਹੈ। ਲੇਬਰ ਦੀ ਡਿਪਟੀ ਲੀਡਰ ਲੂਸੀ ਪਾਵਲ ਨੇ ਕਿਹਾ ਕਿ ਉਹ ਬਰਨਹੈਮ ਦੇ ਸੰਸਦ ਵਿੱਚ ਵਾਪਸ ਆਉਣ ਦੇ ਫੈਸਲੇ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਬਰਨਹੈਮ ਮੇਕਰਫੀਲਡ ਉਪ ਚੋਣ ਵਿੱਚ ਲੇਬਰ ਦੇ ਉਮੀਦਵਾਰ ਹੋਣਗੇ। ਮੇਕਰਫੀਲਡ ਤੋਂ ਮੌਜੂਦਾ ਲੇਬਰ ਸੰਸਦ ਮੈਂਬਰ ਜੋਸ਼ ਸਿਮਨਜ਼ ਨੇ ਬਰਨਹੈਮ ਲਈ ਆਪਣੀ ਸੀਟ ਛੱਡਣ ਦਾ ਐਲਾਨ ਕੀਤਾ ਹੈ, ਜਿਸ ਨਾਲ ਇਸ ਹਲਕੇ ਵਿੱਚ ਉਪ ਚੋਣ ਦਾ ਰਾਹ ਖੁੱਲ੍ਹ ਗਿਆ ਹੈ। ਬਰਨਹੈਮ ਇਸ ਵੇਲੇ ਸੰਸਦ ਮੈਂਬਰ ਨਹੀਂ ਹਨ, ਇਸ ਲਈ ਉਹ ਲੇਬਰ ਲੀਡਰਸ਼ਿਪ ਨੂੰ ਤਦ ਹੀ ਚੁਣੌਤੀ ਦੇ ਸਕਣਗੇ ਜੇਕਰ ਪਹਿਲਾਂ ਉਹ ਉਪ ਚੋਣ ਜਿੱਤ ਕੇ ਹਾਊਸ ਆਫ਼ ਕਾਮਨਜ਼ ਵਿੱਚ ਵਾਪਸ ਆਉਣ। ਹਾਲਾਂਕਿ ਬਰਨਹੈਮ ਨੂੰ ਉਮੀਦਵਾਰ ਬਣਨ ਲਈ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ਿਕਿਊਟਿਵ ਕਮੇਟੀ ਤੋਂ ਮਨਜ਼ੂਰੀ ਲੈਣੀ ਪਵੇਗੀ। ਰਿਪੋਰਟਾਂ ਮੁਤਾਬਕ ਪਾਰਟੀ ਅੰਦਰ ਇਹ ਮਾਮਲਾ ਇਸ ਹਫ਼ਤੇ ਅੰਤ ਤੱਕ ਵਿਚਾਰਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਗੋਰਟਨ ਅਤੇ ਡੈਂਟਨ ਉਪ ਚੋਣ ਲਈ ਬਰਨਹੈਮ ਦੀ ਵੈਸਟਮਿੰਸਟਰ ਵਾਪਸੀ ਦੀ ਕੋਸ਼ਿਸ਼ ਰੋਕੀ ਗਈ ਸੀ, ਪਰ ਮੌਜੂਦਾ ਰਾਜਨੀਤਿਕ ਹਾਲਾਤ ਵੱਖਰੇ ਦਿਖਾਈ ਦੇ ਰਹੇ ਹਨ। 

ਵੇਸ ਸਟਰੀਟਿੰਗ ਨੇ ਵੀ ਬਰਨਹੈਮ ਦੀ ਮੇਕਰਫੀਲਡ ਉਮੀਦਵਾਰੀ ਦਾ ਸਮਰਥਨ ਕਰਦਿਆਂ ਕਿਹਾ ਕਿ ਲੇਬਰ ਨੂੰ ਆਪਣੇ &ldquoਸਭ ਤੋਂ ਵਧੀਆ ਖਿਡਾਰੀ ਮੈਦਾਨ ਵਿੱਚ&rdquo ਲਿਆਉਣੇ ਚਾਹੀਦੇ ਹਨ ਅਤੇ ਮੇਕਰਫੀਲਡ ਵਿੱਚ ਜਿੱਤ ਲਈ ਬਰਨਹੈਮ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ। ਦੂਜੇ ਪਾਸੇ ਹਾਊਸਿੰਗ ਸਕੱਤਰ ਸਟੀਵ ਰੀਡ ਨੇ ਕੀਰ ਸਟਾਰਮਰ ਦਾ ਸਮਰਥਨ ਕਰਦਿਆਂ ਪਾਰਟੀ ਸਾਥੀਆਂ ਨੂੰ &ldquoਸਾਹ ਲੈਣ&rdquo ਅਤੇ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੇਬਰ ਲਈ ਹਫ਼ਤਾ ਮੁਸ਼ਕਲ ਰਿਹਾ ਹੈ, ਪਰ ਇਸ ਦਾ ਹੱਲ ਅੰਦਰੂਨੀ ਲੜਾਈ ਨਹੀਂ ਹੈ।
ਚੋਣ ਮਾਹਿਰ ਸਰ ਜੌਨ ਕਰਟਿਸ ਨੇ ਕਿਹਾ ਹੈ ਕਿ ਮੇਕਰਫੀਲਡ ਵਿੱਚ ਬਰਨਹੈਮ ਲਈ ਰਾਹ ਆਸਾਨ ਨਹੀਂ ਹੋਵੇਗਾ। 2024 ਦੀਆਂ ਆਮ ਚੋਣਾਂ ਵਿੱਚ ਲੇਬਰ ਦੀ ਇਸ ਸੀਟ &rsquoਤੇ ਰੀਫਾਰਮ ਯੂ.ਕੇ. ਉੱਤੇ ਬੜਤ ਸੀ, ਪਰ ਹਾਲੀਆ ਸਥਾਨਕ ਚੋਣਾਂ ਵਿੱਚ ਰੀਫਾਰਮ ਨੇ ਵਿਗਨ ਬੋਰੋ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਰੀਫਾਰਮ ਯੂ.ਕੇ. ਨੇ ਐਲਾਨ ਕੀਤਾ ਹੈ ਕਿ ਉਹ ਇਸ ਉਪ ਚੋਣ ਵਿੱਚ ਪੂਰੀ ਤਾਕਤ ਨਾਲ ਲੜੇਗੀ।
ਮੇਕਰਫੀਲਡ ਦੇ ਲੋਕਾਂ ਦੀ ਰਾਏ ਵੀ ਵੰਡੀ ਹੋਈ ਦਿਖ ਰਹੀ ਹੈ। ਕੁਝ ਵੋਟਰ ਬਰਨਹੈਮ ਨੂੰ ਲੇਬਰ ਲਈ ਮਜ਼ਬੂਤ ਚਿਹਰਾ ਮੰਨ ਰਹੇ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਲੇਬਰ ਪਾਰਟੀ ਤੋਂ ਨਿਰਾਸ਼ ਹਨ। ਕਈ ਵੋਟਰ ਰੀਫਾਰਮ ਯੂ.ਕੇ. ਵੱਲ ਝੁਕਾਅ ਵੀ ਦਿਖਾ ਰਹੇ ਹਨ।
ਰਾਜਨੀਤਿਕ ਮਾਹਿਰਾ ਮੁਤਾਬਕ ਮੇਕਰਫੀਲਡ ਦੀ ਉਪ ਚੋਣ ਹੁਣ ਸਿਰਫ਼ ਇੱਕ ਸੰਸਦੀ ਸੀਟ ਦੀ ਲੜਾਈ ਨਹੀਂ ਰਹੀ, ਸਗੋਂ ਇਹ ਕੀਰ ਸਟਾਰਮਰ ਦੀ ਲੀਡਰਸ਼ਿਪ, ਐਂਡੀ ਬਰਨਹੈਮ ਦੀ ਵੈਸਟਮਿੰਸਟਰ ਵਾਪਸੀ ਅਤੇ ਲੇਬਰ ਪਾਰਟੀ ਦੇ ਭਵਿੱਖ ਲਈ ਵੱਡੀ ਪਰਖ ਬਣ ਸਕਦੀ ਹੈ।