ਇੰਗਲੈਂਡ ਦੇ ਸਕੂਲਾਂ ’ਚ ਮੈਨਿੰਜਾਈਟਿਸ ਦੇ ਨਵੇਂ ਮਾਮਲੇ, ਇੱਕ ਵਿਦਿਆਰਥੀ ਦੀ ਮੌਤ

 ਲੈਸਟਰ(ਇੰਗਲੈਂਡ ),15 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਰੀਡਿੰਗ ਅਤੇ ਆਕਸਫੋਰਡਸ਼ਾਇਰ ਇਲਾਕਿਆਂ ਵਿੱਚ ਮੈਨਿੰਜਾਈਟਿਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇੱਕ ਸਿਕਸਥ ਫਾਰਮ ਵਿਦਿਆਰਥੀ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮਾਮਲੇ ਕੇਂਟ ਵਿੱਚ ਮਾਰਚ ਮਹੀਨੇ ਦੌਰਾਨ ਫੈਲੇ ਮੈਨਿੰਜਾਈਟਿਸ ਬੀ ਦੇ ਪ੍ਰਕੋਪ ਨਾਲ ਜੁੜੇ ਨਹੀਂ ਹਨ।

ਮ੍ਰਿਤਕ ਵਿਦਿਆਰਥੀ ਦੀ ਪਛਾਣ ਆਕਸਫੋਰਡਸ਼ਾਇਰ ਦੇ ਹੈਨਲੀ ਕਾਲਜ ਦੇ ਵਿਦਿਆਰਥੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਰੀਡਿੰਗ ਬਲੂ ਕੋਟ ਸਕੂਲ ਅਤੇ ਹਾਈਡਾਊਨ ਸੈਕੰਡਰੀ ਸਕੂਲ ਐਂਡ ਸਿਕਸਥ ਫਾਰਮ ਸੈਂਟਰ ਦੇ ਦੋ ਵਿਦਿਆਰਥੀਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਯੂਕੇ ਹੈਲਥ ਸਕਿਊਰਟੀ ਏਜੰਸੀ (UKHSA) ਨੇ ਦੱਸਿਆ ਕਿ ਤਿੰਨਾਂ ਮਾਮਲਿਆਂ ਵਿੱਚ ਮੈਨਿੰਗੋਕੋਕਲ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਲੋਕਾਂ ਨੂੰ ਸਾਵਧਾਨੀ ਵਜੋਂ ਐਂਟੀਬਾਇਓਟਿਕ ਦਵਾਈਆਂ ਦੇਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿਹਤ ਸੁਰੱਖਿਆ ਵਿਭਾਗ ਦੀ ਕਨਸਲਟੈਂਟ ਡਾ. ਰੇਚਲ ਮੀਰਕਲ ਨੇ ਕਿਹਾ ਕਿ ਇਹ ਖ਼ਬਰ ਬਹੁਤ ਦੁਖਦਾਈ ਹੈ ਅਤੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਅਤੇ ਦੋਸਤਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਚਿੰਤਾ ਹੋਣਾ ਕੁਦਰਤੀ ਹੈ, ਪਰ ਮੈਨਿੰਜਾਈਟਿਸ ਆਮ ਤੌਰ &rsquoਤੇ ਬਹੁਤ ਨੇੜਲੇ ਸੰਪਰਕ ਨਾਲ ਹੀ ਫੈਲਦੀ ਹੈ ਅਤੇ ਵੱਡੇ ਪੱਧਰ &rsquoਤੇ ਇਸ ਦੇ ਫੈਲਣ ਦੇ ਮਾਮਲੇ ਘੱਟ ਹੀ ਹੁੰਦੇ ਹਨ।
ਯੂਕੇ ਹੈਲਥ ਸਕਿਊਰਟੀ ਏਜੰਸੀ ਨੇ ਕਿਹਾ ਕਿ ਮੌਜੂਦਾ ਸਮੇਂ ਇਹ ਮਾਮਲੇ ਸੀਮਿਤ ਗਰੁੱਪਾਂ ਤੱਕ ਹੀ ਹਨ ਅਤੇ ਆਮ ਲੋਕਾਂ ਲਈ ਖ਼ਤਰਾ ਘੱਟ ਮੰਨਿਆ ਜਾ ਰਿਹਾ ਹੈ। ਸਿਹਤ ਟੀਮਾਂ ਸਕੂਲਾਂ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਸਥਿਤੀ &rsquoਤੇ ਨਜ਼ਰ ਰੱਖ ਰਹੀਆਂ ਹਨ।
ਹੈਨਲੀ ਕਾਲਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕਾਲਜ ਪ੍ਰਬੰਧਕਾਂ ਦੀਆਂ ਸੰਵੇਦਨਾਵਾਂ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨਾਲ ਹਨ ਅਤੇ ਕਾਲਜ ਵੱਲੋਂ ਪ੍ਰਭਾਵਿਤ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਕਾਲਜ ਨੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਦਿਆਂ ਹੋਰ ਵੇਰਵੇ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਕੇਂਟ ਵਿੱਚ ਮੈਨਿੰਜਾਈਟਿਸ ਬੀ ਦੇ ਪ੍ਰਕੋਪ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਹਜ਼ਾਰਾਂ ਲੋਕਾਂ ਨੂੰ ਟੀਕੇ ਅਤੇ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਗਈਆਂ ਸਨ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਯੂਨੀਵਰਸਿਟੀ ਆਫ਼ ਬਾਥ ਦੇ ਮਾਈਕ੍ਰੋਬਾਇਲ ਪੈਥੋਜੈਨਿਸਿਟੀ ਦੇ ਪ੍ਰੋਫੈਸਰ ਐਂਡਰੂ ਪ੍ਰੈਸਟਨ ਨੇ ਕਿਹਾ ਕਿ ਨਵੇਂ ਮਾਮਲੇ ਵੀ ਕਾਲਜ ਉਮਰ ਦੇ ਨੌਜਵਾਨਾਂ ਵਿੱਚ ਸਾਹਮਣੇ ਆਏ ਹਨ, ਪਰ ਹੁਣ ਤੱਕ ਇਹ ਮਾਮਲੇ ਇਕ ਖਾਸ ਸਮਾਜਿਕ ਗਰੁੱਪ ਤੱਕ ਹੀ ਸੀਮਿਤ ਹਨ। ਉਨ੍ਹਾਂ ਕਿਹਾ ਕਿ ਤੁਰੰਤ ਸੰਪਰਕ ਖੋਜ ਅਤੇ ਦਵਾਈਆਂ ਦੇਣ ਕਾਰਨ ਹਾਲਾਤ &rsquoਤੇ ਕਾਬੂ ਪਾਉਣ ਵਿੱਚ ਮਦਦ ਮਿਲ ਰਹੀ ਹੈ।
ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਗਰਦਨ ਵਿੱਚ ਜਕੜਨ, ਚੱਕਰ ਆਉਣ, ਚਮੜੀ &rsquoਤੇ ਦਾਣੇ ਜਾਂ ਰੋਸ਼ਨੀ ਤੋਂ ਤਕਲੀਫ਼ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ।
ਕੈਪਸ਼ਨ:- 
ਇੰਗਲੈਂਡ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਮੈਨਿੰਜਾਈਟਿਸ ਦੇ ਨਵੇਂ ਮਾਮਲਿਆਂ ਤੋਂ ਬਾਅਦ ਸਿਹਤ ਵਿਭਾਗ ਅਲਰਟ &rsquoਤੇ।
ਤਸਵੀਰ:- ਸੁਖਜਿੰਦਰ ਸਿੰਘ ਢੱਡੇ