ਕੁਲਵਿੰਦਰ ਸਿੰਘ ਜੌਹਲ ਬਣੇ ਲੈਸਟਰ ਦੇ ਪਹਿਲੇ ਅੰਮ੍ਰਿਤਧਾਰੀ ਪੰਜਾਬੀ ਸਿੱਖ ਲਾਰਡ ਮੇਅਰ " ਇੰਗਲੈਂਡ ਦੇ ਪੰਜਾਬੀ ਭਾਈਚਾਰੇ ਚ ਖੁਸੀ ਦੀ ਲਹਿਰ

 ਲੈਸਟਰ (ਇੰਗਲੈਂਡ), 15 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਮਿੰਨੀ ਭਾਰਤ ਵਜੋ ਜਾਣੇ ਜਾਦੇ ਪ੍ਰਸਿੱਧ ਸ਼ਹਿਰ ਲੈਸਟਰ ਦੀ ਸਿਆਸਤ ਦੇ ਇਤਿਹਾਸ ਵਿਚ ਪਹਿਲੀ ਵਾਰ ਇੱਕ ਗੁਰਸਿੱਖ ਅੰਮ੍ਰਿਤਧਾਰੀ ਪੰਜਾਬੀ ਸਿੱਖ ਨੂੰ ਸਿਟੀ ਕੌਸਲ ਦਾ ਲਾਰਡ ਮੇਅਰ ਬਣਨ ਦਾ ਮਾਣ ਪ੍ਰਪਤ ਹੋਇਆ ਹੈ, ਸ.ਕੁਲਵਿੰਦਰ ਸਿੰਘ ਜੌਹਲ ਨੇ ਲੈਸਟਰ ਦੇ ਪਹਿਲੇ ਪੂਰਨ ਗੁਰਸਿੱਖ ਪੰਜਾਬੀ  ਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ। ਲੈਸਟਰ ਟਾਊਨ ਹਾਲ ਵਿੱਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਦੇਖਣ ਨੂੰ ਮਿਲਿਆ।

ਕੁਲਵਿੰਦਰ ਸਿੰਘ ਜੌਹਲ ਦਾ ਸਬੰਧ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਤੇਹੰਗ ਨਾਲ ਹੈ। ਉਹ ਛੋਟੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਇੰਗਲੈਂਡ ਆ ਵੱਸੇ ਸਨ। ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਜੌਹਲ ਅਤੇ ਮਾਤਾ ਤਰਸੇਮ ਕੌਰ ਜੌਹਲ ਨੇ ਉਨ੍ਹਾਂ ਨੂੰ ਮਿਹਨਤ ਅਤੇ ਲੋਕ ਸੇਵਾ ਦੇ ਸੰਸਕਾਰ ਦਿੱਤੇ। ਉਨ੍ਹਾਂ ਨੇ ਆਪਣੀ ਪੜ੍ਹਾਈ ਲੈਸਟਰ ਵਿੱਚ ਪੂਰੀ ਕੀਤੀ ਅਤੇ ਬਾਅਦ ਵਿੱਚ ਰਸਲ ਕਾਸਟਿੰਗਜ਼ ਕੰਪਨੀ ਵਿੱਚ ਲਗਭਗ 25 ਸਾਲ ਕੰਮ ਕੀਤਾ।
ਕੰਮ ਦੌਰਾਨ ਉਹ ਮਜ਼ਦੂਰਾਂ ਦੇ ਹੱਕਾਂ ਲਈ ਵੀ ਆਵਾਜ਼ ਚੁੱਕਦੇ ਰਹੇ। ਉਹ ਲੰਮੇ ਸਮੇ ਤੋ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਰਹੇ। ਸਿੱਖ ਧਰਮ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਲੰਮੇ ਸਮੇਂ ਤੱਕ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲਿਆ। ਉਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਲੈਸਟਰ ਦੇ ਕਈ ਸਾਲ ਜਨਰਲ ਸਕੱਤਰ ਰਹੇ। ਸਾਲ 2002 ਵਿੱਚ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਗੁਰਦੁਆਰਾ ਦੌਰੇ ਸਮੇਂ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਉਦਿਆ ਮਹਾਰਾਣੀ ਨੂੰ ਸਿੱਖ ਇਤਿਹਾਸ ਤੋ ਜਾਣੂ ਕਰਵਾਇਆ। ਖੇਡਾਂ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ । ਜੀ.ਐਨ.ਜੀ ਫੁੱਟਬਾਲ ਕਲੱਬ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਨੇ ਖਾਸ ਭੂਮਿਕਾ ਨਿਭਾਈ। ਉਹ ਹਮੇਸ਼ਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਚੰਗੀਆਂ ਗਤੀਵਿਧੀਆਂ ਵੱਲ ਲਿਆਉਣ ਲਈ ਯਤਨ ਕਰਦੇ ਰਹੇ ਹਨ। ਕੁਲਵਿੰਦਰ ਸਿੰਘ ਜੌਹਲ ਲੈਸਟਰ ਦੇ ਬਰਾਊਨਸਟੋਨ ਪਾਰਕ ਅਤੇ ਰੌਲੀ ਫੀਲਡਜ਼ ਇਲਾਕੇ ਵਿੱਚ ਰਹਿੰਦੀਆ ਲੋਕ ਭਲਾਈ ਦੇ ਕਾਰਜ ਕਰਦੇ ਰਹੇ। ਲੋਕਾਂ ਨਾਲ ਸਿੱਧਾ ਮਿਲਣਾ, ਸਾਦਗੀ ਨਾਲ ਰਹਿਣਾ ਅਤੇ ਹਰ ਵਰਗ ਦੀ ਮਦਦ ਕਰਨਾ ਉਨ੍ਹਾਂ ਦੀ ਖਾਸ ਪਹਿਚਾਣ ਬਣੀ। ਸਾਲ 2015 ਵਿੱਚ ਉਹ ਪਹਿਲੀ ਵਾਰ ਲੇਬਰ ਪਾਰਟੀ ਵੱਲੋਂ ਕੌਂਸਲਰ ਚੁਣੇ ਗਏ ਅਤੇ ਉਸ ਤੋਂ ਬਾਅਦ ਲਗਾਤਾਰ ਕੌਸਲਰ ਵਜੋ ਜਿੱਤ ਪ੍ਰਪਤ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ।
ਲਾਰਡ ਮੇਅਰ ਵਜੋਂ ਉਹ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਅਤੇ ਲੈਸਟਰ ਹਸਪਤਾਲ ਸਹਾਇਤਾ ਸੰਸਥਾ ਦੇ ਕੰਮਾਂ ਨੂੰ ਹੋਰ ਅੱਗੇ ਵਧਾਉਣਗੇ। ਇਹ ਸੰਸਥਾਵਾਂ ਭੁੱਖੇ, ਬੇਘਰ ਅਤੇ ਬਿਮਾਰ ਲੋਕਾਂ ਦੀ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੈਸਟਰ ਦੇ ਹਰ ਵਿਅਕਤੀ ਦੀ ਸੇਵਾ ਨਿਮਰਤਾ ਅਤੇ ਇਮਾਨਦਾਰੀ ਨਾਲ ਕਰਨਗੇ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਜੌਹਲ ਲੇਡੀ ਮੇਅਰੈੱਸ ਵਜੋਂ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਦੀ ਧੀ ਗੁਰਸਿਮਰਨ ਕੌਰ ਹੇਅਰ ਕਨਸੋਰਟ ਦੀ ਜ਼ਿੰਮੇਵਾਰੀ ਨਿਭਾਉਣਗੇ, ਜਦਕਿ ਪੁੱਤਰ ਅਸ਼ਵੀਰ ਸਿੰਘ ਜੌਹਲ ਵੀ ਪਰਿਵਾਰਕ ਸਮਾਗਮਾਂ ਵਿੱਚ ਸ਼ਮੂਲੀਅਤ ਕਰੇਗਾ। ਕੁਲਵਿੰਦਰ ਸਿੰਘ ਜੌਹਲ ਦੀ ਇਸ ਇਤਿਹਾਸਕ ਤਾਜਪੋਸ਼ੀ ਨੂੰ ਲੈ ਕੇ ਲੈਸਟਰ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਨੂੰ ਭਾਈਚਾਰੇ ਲਈ ਮਾਣ ਵਾਲਾ ਅਤੇ ਇਤਿਹਾਸਕ ਪਲ ਦੱਸਿਆ ਹੈ।