ਮੋਦੀ ਦੇ ਹਾਲੈਂਡ ਦੌਰੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਯੂਰਪ ਦੇ ਅਗੂਆਂ ਨੇ ਰਾਜੇ ਨੂੰ ਸਿੱਖਾਂ ਸਮੇਤ ਘੱਟਗਿਣਤੀਆਂ, ਉਪੱਰ ਢਾਹੇ ਜਾ ਰਹੇ ਜ਼ੁਲਮਾਂ ਬਾਰੇ ਪੱਤਰ ਲਿਖ ਕਿ ਮੋਦੀ ਨੂੰ ਜਵਾਬਦੇਹ ਬਣਾਉਣ ਦੀ ਕੀਤੀ ਮੰਗ ।

ਐਮਸਟਰਡਮ (ਹਾਲੈਂਡ): ਵਰਲਡ ਸਿੱਖ ਪਾਰਲੀਮੈਂਟ ਦੇ ਯੂਰਪੀਆਨ ਆਗੂ ਭਾਈ ਜੋਗਾ ਸਿੰਘ, ਭਾਈ ਮਨਪ੍ਰੀਤ ਸਿੰਘ ਇੰਗਲੈਂਡ , ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਗੁਰਪਾਲ ਸਿੰਘ, ਭਾਈ ਜਤਿੰਦਰ ਸਿੰਘ (ਜਰਮਨੀ), ਭਾਈ ਸਤਨਾਮ ਸਿੰਘ, ਭਾਈ ਸ਼ਿਗਾਰਾ ਸਿੰਘ (ਫਰਾਂਸ), ਭਾਈ ਜਸਵਿੰਦਰ ਸਿੰਘ, ਹਰਜੋਤ ਸਿੰਘ ਸੰਧੂ (ਹਾਲੈਂਡ) ਅਤੇ ਭਾਈ ਪਿ੍ਰਤਪਾਲ ਸਿੰਘ (ਸਵਿਟਜ਼ਰਲੈਂਡ) ਨੇ ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੈਂਡ ਦੌਰੇ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਾਲੈਂਡ ਦੇ ਰਾਜੇ ਕਿੰਗ ਵਿਲੇਮ-ਅਲੈਗਜ਼ੈਂਡਰ ਨੂੰ ਇੱਕ ਵਿਸ਼ੇਸ਼ ਪੱਤਰ ਲਿਖਿਆ ਗਿਆ, ਜਿਸ ਰਾਹੀਂ ਭਾਰਤ ਵਿੱਚ ਸਿੱਖਾਂ ਅਤੇ ਹੋਰ ਘੱਟ-ਗਿਣਤੀਆਂ ਨਾਲ ਹੋ ਰਹੇ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰ ਉਲੰਘਣਾਂ ਬਾਰੇ ਜਾਣੂ ਕਰਵਾਇਆ ਗਿਆ।
ਵਰਲਡ ਸਿੱਖ ਪਾਰਲੀਮੈਂਟ ਨੇ ਆਪਣੇ ਪੱਤਰ ਵਿੱਚ ਉਜਾਗਰ ਕੀਤਾ ਕਿ ਭਾਰਤ ਵਿੱਚ ਲੋਕਤੰਤਰ ਦੇ ਨਾਂ ਹੇਠ ਘੱਟ-ਗਿਣਤੀਆਂ ਦੇ ਹੱਕਾਂ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ। ਪੱਤਰ ਵਿੱਚ 1984 ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਚਾਰ ਦਹਾਕੇ ਬੀਤ ਜਾਣ ਦੇ ਬਾਵਜੂਦ ਸਿੱਖ ਕੌਮ ਨੂੰ ਅਜੇ ਤੱਕ ਪੂਰਾ ਇਨਸਾਫ਼ ਨਹੀਂ ਮਿਲ ਸਕਿਆ। ਉਸ ਖੂਨੀ ਦੌਰ ਦੇ ਜ਼ਖ਼ਮ ਅੱਜ ਵੀ ਸਿੱਖ ਮਨਾਂ &rsquoਤੇ ਗਹਿਰਾ ਅਸਰ ਛੱਡ ਰਹੇ ਹਨ।
ਪੱਤਰ ਰਾਹੀਂ ਹਾਲੈਂਡ ਦੇ ਰਾਜੇ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਅਨੇਕਾਂ ਸਿੱਖ ਨੌਜਵਾਨ ਅਤੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਭਾਰਤੀ ਜੇਲ੍ਹਾਂ ਵਿੱਚ ਬੰਦ ਹਨ, ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਉਲੰਘਣਾ ਹੈ। ਇਸ ਤੋਂ ਇਲਾਵਾ, ਕਿਸਾਨੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ਼ ਚੱਲੇ ਕਿਸਾਨ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ, ਜਿਸਨੂੰ ਲੋਕਤੰਤਰ ਉੱਤੇ ਇੱਕ ਕਾਲਾ ਧੱਬਾ ਕਰਾਰ ਦਿੱਤਾ ਗਿਆ।
ਵਿਸ਼ੇਸ਼ ਤੌਰ &rsquoਤੇ, ਵਰਲਡ ਸਿੱਖ ਪਾਰਲੀਮੈਂਟ ਨੇ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਾਰਵਾਈਆਂ (Transnational Repression) ਨੂੰ ਬਹੁਤ ਗੰਭੀਰ ਮਸਲਾ ਦੱਸਿਆ। ਪੱਤਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਕੀਤੇ ਉਸ ਖੁਲਾਸੇ ਦਾ ਹਵਾਲਾ ਦਿੱਤਾ ਗਿਆ, ਜਿਸ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਸੀਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ। ਇਸੇ ਤਰ੍ਹਾਂ ਅਮਰੀਕਾ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਅਤੇ ਇਸ ਮਾਮਲੇ ਵਿੱਚ ਭਾਰਤੀ ਏਜੰਸੀਆਂ ਨਾਲ ਜੁੜੇ ਨਿਖਿਲ ਗੁਪਤਾ ਦੀ ਗ੍ਰਿਫ਼ਤਾਰੀ ਨੂੰ ਵੀ ਭਾਰਤੀ ਸਟੇਟ ਦੇ ਵਿਦੇਸ਼ੀ ਧਰਤੀ ਉੱਤੇ ਸਿੱਖਾਂ ਦੀ ਆਵਾਜ਼ ਦਬਾਉਣ ਦੇ ਯਤਨਾਂ ਦਾ ਸਬੂਤ ਕਰਾਰ ਦਿੱਤਾ ਗਿਆ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਅਗਾਜ ਕਰਾਇਆ ਹੈ ਕਿ ਯੂਰਪ ਵਿੱਚ ਵਸਦੇ ਸਿੱਖ ਆਗੂ ਵੀ ਇਸ ਤਰ੍ਹਾਂ ਦੇ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਯੂਰਪੀ ਸਰਕਾਰਾਂ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੇ ਵਿਰੋਧ ਵਿੱਚ ਵਰਲਡ ਸਿੱਖ ਪਾਰਲੀਮੈਂਟ ਨੇ ਸਪੱਸ਼ਟ ਕੀਤਾ ਕਿ ਸਿੱਖ ਕੌਮ ਆਪਣੇ ਭਵਿੱਖ ਬਾਰੇ ਫ਼ੈਸਲਾ ਕਰਨ ਲਈ &ldquoਸਵੈ-ਨਿਰਣੇ&rdquo (Self-Determination) ਦੇ ਹੱਕ ਦੀ ਮੰਗ ਕਰਦੀ ਹੈ। ਬੁਲਾਰਿਆਂ ਨੇ ਕਿਹਾ, &ldquoਅਸੀਂ ਹਾਲੈਂਡ ਦੀ ਸਰਕਾਰ ਅਤੇ ਰਾਜੇ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਇਹਨਾਂ ਅਹਿਮ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਇਆ ਜਾਵੇ। ਸਿੱਖ ਕੌਮ ਆਪਣੀ ਪ੍ਰਭੂਸੱਤਾ, ਆਜ਼ਾਦ ਹੋਂਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਵਿੱਚ ਹੋ ਰਹੇ ਜ਼ੁਲਮਾਂ ਦਾ ਨੋਟਿਸ ਲੈਣਾ ਚਾਹੀਦਾ ਹੈ।&rdquo
ਇਸ ਮੰਗ-ਪੱਤਰ ਰਾਹੀਂ ਵਰਲਡ ਸਿੱਖ ਪਾਰਲੀਮੈਂਟ ਨੇ ਵਿਸ਼ਵ ਪੱਧਰ &rsquoਤੇ ਸਿੱਖਾਂ ਦੀਆਂ ਨਿਆਂਇਕ, ਮਨੁੱਖੀ ਅਧਿਕਾਰ ਅਤੇ ਸਿਆਸੀ ਮੰਗਾਂ ਨੂੰ ਮਜ਼ਬੂਤੀ ਨਾਲ ਉਭਾਰਿਆ ਹੈ।