ਔਰਤਾਂ ਦਾ ਮਾਨਸਿਕ ਬ੍ਰੇਨਵਾਸ਼ ਕਰਕੇ 11 ਸਾਲ ਤੱਕ ਰੇਪ ਕਰਨ ਵਾਲਾ 'ਇਮਾਮ' ਚੜ੍ਹਿਆ ਪੁਲਸ ਅੜਿੱਕੇ

*ਧਰਮ ਦੀ ਆੜ ਵਿਚ ਮਾਸੂਮ ਬੱਚੀਆਂ ਨਾਲ ਦਰਿੰਦਗੀ, ਲੰਡਨ ਦੀ ਕੋਰਟ ਨੇ ਸੁਣਾਈ ਉਮਰ ਕੈਦ
ਲੰਡਨ : ਪੂਰਬੀ ਲੰਡਨ ਵਿੱਚ ਧਾਰਮਿਕ ਆਸ ਅਤੇ 'ਅਲੌਕਿਕ ਸ਼ਕਤੀਆਂ' ਦਾ ਡਰ ਦਿਖਾ ਕੇ ਮਾਸੂਮ ਬੱਚੀਆਂ ਅਤੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਇੱਕ ਨਾਮਵਰ ਇਮਾਮ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਅਦਾਲਤ ਨੇ 54 ਸਾਲਾ ਦੋਸ਼ੀ ਇਮਾਮ ਅਬਦੁਲ ਹਲੀਮ ਖਾਨ ਨੂੰ ਬਲਾਤਕਾਰ, ਜਿਨਸੀ ਸ਼ੋਸ਼ਣ ਅਤੇ ਬਾਲ ਸ਼ੋਸ਼ਣ ਦੇ ਕਈ ਸੰਗੀਨ ਮਾਮਲਿਆਂ ਵਿੱਚ ਦੋਸ਼ੀ ਪਾਉਂਦੇ ਹੋਏ ਉਮਰ ਕੈਦ (ਘੱਟੋ-ਘੱਟ 20 ਸਾਲ ਦੀ ਸਖ਼ਤ ਸਜ਼ਾ) ਸੁਣਾਈ ਹੈ।
'ਬੁਰੀਆਂ ਰੂਹਾਂ' ਅਤੇ ਕਾਲੇ ਜਾਦੂ ਦਾ ਦਿਖਾਉਂਦਾ ਸੀ ਡਰ
ਮੈਟਰੋਪੋਲੀਟਨ ਪੁਲਸ ਮੁਤਾਬਕ, ਅਬਦੁਲ ਹਲੀਮ ਖਾਨ ਪੂਰਬੀ ਲੰਡਨ ਦੀ ਇੱਕ ਮਸਜਿਦ ਵਿੱਚ ਸਨਮਾਨਿਤ ਧਾਰਮਿਕ ਆਗੂ ਸੀ। ਉਹ ਭਾਈਚਾਰੇ ਦੇ ਮਾਸੂਮ ਪਰਿਵਾਰਾਂ ਅਤੇ ਛੋਟੀਆਂ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਕਹਿੰਦਾ ਸੀ ਕਿ ਉਨ੍ਹਾਂ 'ਤੇ "ਬੁਰੀਆਂ ਰੂਹਾਂ" ਦਾ ਸਾਇਆ ਹੈ ਅਤੇ ਉਹ ਉਨ੍ਹਾਂ ਦਾ "ਰੂਹਾਨੀ ਇਲਾਜ" ਕਰੇਗਾ। 2004 ਤੋਂ 2015 ਦੇ ਵਿਚਕਾਰ, ਉਸਨੇ ਇਸੇ ਨਾਟਕ ਹੇਠ ਸੱਤ ਕੁੜੀਆਂ ਅਤੇ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕੀਤਾ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟੀ ਪੀੜਤ ਦੀ ਉਮਰ ਮਹਿਜ਼ 12 ਸਾਲ ਸੀ।
ਖਾਨ ਪੀੜਤ ਕੁੜੀਆਂ ਨੂੰ ਇਲਾਜ ਦੇ ਬਹਾਨੇ ਫਲੈਟਾਂ ਜਾਂ ਕਾਲੀ ਫਿਲਮ ਚੜ੍ਹੀਆਂ ਖਿੜਕੀਆਂ ਵਾਲੀਆਂ ਕਾਰਾਂ ਵਰਗੀਆਂ ਸੁੰਨੀਆਂ ਥਾਵਾਂ 'ਤੇ ਮਿਲਣ ਲਈ ਰਾਜ਼ੀ ਕਰਦਾ ਸੀ। ਉੱਥੇ ਉਹ 'ਜਿੰਨ' (ਅਲੌਕਿਕ ਰੂਹ) ਹੋਣ ਦਾ ਡਰਾਉਣਾ ਨਾਟਕ ਕਰਦਿਆਂ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਹਮਲੇ ਤੋਂ ਬਾਅਦ ਉਹ ਕੁੜੀਆਂ ਨੂੰ ਧਮਕਾਉਂਦਾ ਸੀ ਕਿ ਜੇਕਰ ਉਨ੍ਹਾਂ ਨੇ ਮੂੰਹ ਖੋਲ੍ਹਿਆ ਤਾਂ ਉਨ੍ਹਾਂ ਦੇ ਪਰਿਵਾਰ 'ਤੇ ਕਾਲਾ ਜਾਦੂ ਹੋ ਜਾਵੇਗਾ ਜਾਂ ਕੋਈ ਵੱਡੀ ਆਫ਼ਤ ਆ ਜਾਵੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਦੋ ਪੀੜਤਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ।
ਸੋਨੀਆ (ਬਦਲਿਆ ਨਾਮ, ਉਮਰ 13 ਸਾਲ) ਦਾ ਕਹਿਣਾ ਹੈ ਕਿ"ਮੈਨੂੰ ਲੱਗਦਾ ਸੀ ਕਿ ਉਸ ਕੋਲ ਸੱਚਮੁੱਚ ਅਲੌਕਿਕ ਸ਼ਕਤੀਆਂ ਹਨ। ਮੈਂ ਇੰਨੀ ਡਰੀ ਹੋਈ ਸੀ ਕਿ ਆਪਣੇ ਵੀਹਵਿਆਂ ਤੱਕ ਪਹੁੰਚਣ ਤੱਕ ਆਪਣੀ ਮਾਂ ਨੂੰ ਵੀ ਕੁਝ ਨਾ ਦੱਸ ਸਕੀ।"
ਫਾਰਾਹ (ਬਦਲਿਆ ਨਾਮ) ਦਾ ਕਹਿਣਾ ਹੈ ਕਿ "ਖਾਨ ਨੇ ਮੇਰੇ ਪਰਿਵਾਰ ਦਾ ਨਜਾਇਜ਼ ਫ਼ਾਇਦਾ ਚੁੱਕਿਆ। ਜਦੋਂ ਮੈਂ ਵੱਡੀ ਹੋ ਕੇ ਆਪਣੇ ਮਾਪਿਆਂ ਨੂੰ ਦੱਸਿਆ, ਤਾਂ ਉਨ੍ਹਾਂ ਨੇ ਮੇਰਾ ਯਕੀਨ ਨਹੀਂ ਕੀਤਾ ਅਤੇ ਮੈਨੂੰ ਹੀ ਦੋਸ਼ੀ ਠਹਿਰਾਇਆ, ਜਿਸ ਕਰਕੇ ਮੈਨੂੰ ਘਰ ਛੱਡਣਾ ਪਿਆ।"
2018 ਵਿੱਚ ਇਸ ਤਰ੍ਹਾਂ ਖੁੱਲ੍ਹਿਆ ਗੁਨਾਹਾਂ ਦਾ ਚਿੱਠਾ
ਇਸ ਭਿਆਨਕ ਸਿਲਸਿਲੇ ਦਾ ਖੁਲਾਸਾ ਸਾਲ 2018 ਵਿੱਚ ਹੋਇਆ, ਜਦੋਂ ਸਭ ਤੋਂ ਛੋਟੀ ਉਮਰ ਦੀ ਇੱਕ ਪੀੜਤ ਕੁੜੀ ਨੇ ਹਿੰਮਤ ਦਿਖਾ ਕੇ ਆਪਣੇ ਸਕੂਲ ਦੇ ਥੈਰੇਪਿਸਟ ਨੂੰ ਸਾਰੀ ਗੱਲ ਦੱਸੀ। ਥੈਰੇਪਿਸਟ ਦੀ ਮੁਸਤੈਦੀ ਸਦਕਾ ਮਾਮਲਾ ਪੁਲਸ ਕੋਲ ਪਹੁੰਚਿਆ। ਪੁਲਸ ਨੂੰ ਪੂਰੇ ਸਬੂਤ ਇਕੱਠੇ ਕਰਨ ਅਤੇ ਦੋਸ਼ ਆਇਦ ਕਰਨ ਵਿੱਚ 5 ਸਾਲ ਦਾ ਲੰਬਾ ਸਮਾਂ ਲੱਗਿਆ।
"
ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਦੀ ਸਰਕਾਰੀ ਵਕੀਲ ਮੇਲੀਆਂ ਗਾਰਨਰ ਨੇ ਕਿਹਾ ਕਿ ਖਾਨ ਨੇ ਕੁੜੀਆਂ ਦਾ ਇਸ ਕਦਰ 'ਬ੍ਰੇਨਵਾਸ਼' (ਮਾਨਸਿਕ ਕਾਬੂ) ਕੀਤਾ ਹੋਇਆ ਸੀ ਕਿ ਉਹ ਸੱਚਮੁੱਚ ਖੁਦ ਨੂੰ ਪ੍ਰੇਤ ਆਤਮਾ ਦੇ ਸਾਏ ਹੇਠ ਮੰਨਣ ਲੱਗ ਪਈਆਂ ਸਨ।
ਕੇਸ ਦੀ ਮਾਹਿਰ ਸਰਕਾਰੀ ਗਵਾਹ ਪ੍ਰੋਫੈਸਰ ਆਇਸ਼ਾ ਕੇ. ਗਿੱਲ ਨੇ ਦੱਸਿਆ, "ਭਾਵੇਂ ਇਸਲਾਮੀ ਸਿੱਖਿਆਵਾਂ ਕਾਲੇ ਜਾਦੂ ਦਾ ਸਮਰਥਨ ਨਹੀਂ ਕਰਦੀਆਂ, ਪਰ ਸਮਾਜਿਕ ਅਤੇ ਸੱਭਿਆਚਾਰਕ ਕਮਜ਼ੋਰੀ, ਧਾਰਮਿਕ ਰੁਤਬੇ ਅਤੇ ਰੂਹਾਨੀ ਡਰ ਦੇ ਇਸ ਸੁਮੇਲ ਨੇ ਮੁਲਜ਼ਮ ਨੂੰ ਇੰਨੇ ਸਾਲ ਬਚਣ ਦਾ ਰਾਹ ਦਿੱਤਾ। ਅਕਸਰ ਔਰਤਾਂ ਸਮਾਜਿਕ ਸ਼ਰਮ ਦੇ ਮਾਰੇ ਅੰਦਰੇ-ਅੰਦਰ ਦੁੱਖ ਸਹਿੰਦੀਆਂ ਰਹਿੰਦੀਆਂ ਹਨ।"
ਪਰ ਫਾਰਾਹ ਵਰਗੀਆਂ ਬਹਾਦਰ ਪੀੜਤਾਂ ਹੁਣ ਦੂਜੀਆਂ ਔਰਤਾਂ ਲਈ ਸੁਨੇਹਾ ਦੇ ਰਹੀਆਂ ਹਨ: "ਅਜਿਹੇ ਹਾਲਾਤ ਵਿੱਚੋਂ ਬਚ ਕੇ ਨਿਕਲਣਾ ਤੁਹਾਨੂੰ ਕਮਜ਼ੋਰ ਨਹੀਂ ਬਣਾਉਂਦਾ, ਬਲਕਿ ਤੁਹਾਡੀ ਮਜ਼ਬੂਤੀ ਦਰਸਾਉਂਦਾ ਹੈ। ਤੁਸੀਂ ਇਸ ਲੜਾਈ ਵਿੱਚ ਇਕੱਲੇ ਨਹੀਂ ਹੋ।"
ਹੁਣ ਤੱਕ ਕਿੰਨੇ ਕੇਸ ਹੋਏ ਅਤੇ ਕਿੰਨਿਆਂ 'ਤੇ ਕਾਰਵਾਈ ਹੋਈ?
ਇੰਗਲੈਂਡ ਦੀ ਪੁਲਸ ਦੇ ਰਿਕਾਰਡ ਮੁਤਾਬਕ, ਕਾਲੇ ਜਾਦੂ ਅਤੇ ਅਲੌਕਿਕ ਸ਼ਕਤੀਆਂ ਦੇ ਡਰ ਨਾਲ ਜੁੜੇ ਅਪਰਾਧਾਂ ਨੂੰ "ਧਾਰਮਿਕ ਆਸ 'ਤੇ ਆਧਾਰਿਤ ਸ਼ੋਸ਼ਣ) ਜਾਂ "ਚਾਈਲਡ ਅਬੀਊਜ ਲਿੰਕਡ ਨੂੰ ਫੇਰ ਆਰ ਬੀਲੀਫ " (CALFB) ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ।
ਯੂ.ਕੇ. ਵਿੱਚ ਹਰ ਸਾਲ ਇਸ ਕੈਟਾਗਰੀ ਦੇ ਲਗਭਗ 200 ਤੋਂ 300 ਕੇਸ ਪੁਲਸ ਕੋਲ ਆਫੀਸ਼ੀਅਲ ਤੌਰ 'ਤੇ ਰਿਪੋਰਟ ਹੁੰਦੇ ਹਨ। 2022 ਤੋਂ 2026 ਦੇ ਵਿਚਕਾਰ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ।
ਅਸਲ ਗਿਣਤੀ ਬਹੁਤ ਜ਼ਿਆਦਾ: ਸਮਾਜਿਕ ਜਥੇਬੰਦੀਆਂ ਮੁਤਾਬਕ ਅਸਲ ਕੇਸਾਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੈ, ਕਿਉਂਕਿ ਬਹੁਤ ਸਾਰੀਆਂ ਪੀੜਤ ਔਰਤਾਂ ਅਤੇ ਬੱਚੇ ਸਮਾਜਿਕ ਸ਼ਰਮ, ਪਰਿਵਾਰ ਦੇ ਦਬਾਅ ਜਾਂ 'ਸ਼ਰਾਪ' ਦੇ ਡਰ ਕਰਕੇ ਪੁਲਸ ਕੋਲ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ।
ਇਨ੍ਹਾਂ ਕੇਸਾਂ ਵਿੱਚ ਕਾਰਵਾਈ ਕਰਨਾ ਪੁਲਸ ਲਈ ਬਹੁਤ ਮੁਸ਼ਕਲ ਹੁੰਦਾ ਹੈ, ਕਿਉਂਕਿ ਇਹ ਗੁਨਾਹ ਬੰਦ ਕਮਰਿਆਂ ਜਾਂ ਗੱਡੀਆਂ ਵਿੱਚ ਹੁੰਦੇ ਹਨ ਅਤੇ ਸਬੂਤ ਇਕੱਠੇ ਕਰਨ ਵਿੱਚ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ (ਜਿਵੇਂ ਉੱਪਰਲੇ ਕੇਸ ਵਿੱਚ 2018 ਦੀ ਸ਼ਿਕਾਇਤ 'ਤੇ ਸਜ਼ਾ ਹੁਣ ਹੋਈ ਹੈ)। ਫਿਰ ਵੀ, ਬੀਤੇ 3-4 ਸਾਲਾਂ ਵਿੱਚ ਬ੍ਰਿਟਿਸ਼ ਅਦਾਲਤਾਂ ਨੇ ਅਬਦੁਲ ਹਲੀਮ ਖਾਨ ਵਰਗੇ ਕਈ ਪਾਖੰਡੀ ਬਾਬਿਆਂ, ਇਮਾਮਾਂ ਅਤੇ ਕਥਿਤ ਜਾਦੂਗਰਾਂ ਨੂੰ ਉਮਰ ਕੈਦ ਅਤੇ ਲੰਬੀਆਂ ਸਜ਼ਾਵਾਂ ਸੁਣਾਈਆਂ ਹਨ।
ਕੀ ਮੀਡੀਆ/ਅਖ਼ਬਾਰਾਂ ਵਿੱਚ ਇਨ੍ਹਾਂ ਦੀ ਐਡ 'ਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ?
ਯੂ.ਕੇ. ਦੇ ਕਾਨੂੰਨ ਮੁਤਾਬਕ ਇਸ 'ਤੇ ਕਾਫੀ ਸਖ਼ਤੀ ਹੈ, ਪਰ ਫਿਰ ਵੀ ਇਹ ਲੋਕ ਚੋਰ-ਮੋਰੀਆਂ ਲੱਭ ਲੈਂਦੇ ਹਨ: ਯੂ.ਕੇ. ਵਿੱਚ ASA (ਐਡਵਰਟਾਈਜਿੰਗ ਸਟੈਂਡਰਡਰਜ ਅਥਾਰਟੀ) ਨਾਮ ਦੀ ਸੰਸਥਾ ਹੈ। ਉਨ੍ਹਾਂ ਦੇ ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਅਜਿਹਾ ਇਸ਼ਤਿਹਾਰ ਨਹੀਂ ਦੇ ਸਕਦਾ ਜੋ ਲੋਕਾਂ ਨੂੰ ਗੁੰਮਰਾਹ ਕਰੇ ਜਾਂ ਕਾਲੇ ਜਾਦੂ ਰਾਹੀਂ ਬਿਮਾਰੀਆਂ ਠੀਕ ਕਰਨ, ਲਾਟਰੀ ਜਿਤਾਉਣ ਜਾਂ ਪ੍ਰੇਮੀ ਨੂੰ ਵਾਪਸ ਲਿਆਉਣ ਦੇ ਦਾਅਵੇ ਕਰੇ। ਅਜਿਹੀਆਂ ਐਡਸ ਯੂ.ਕੇ. ਦੇ ਮੁੱਖ ਧਾਰਾ ਦੇ ਟੀਵੀ ਚੈਨਲਾਂ ਜਾਂ ਵੱਡੇ ਅਖ਼ਬਾਰਾਂ ਵਿੱਚ ਬੈਨ ਹਨ।
ਫਿਰ ਇਹ ਧੰਦਾ ਕਿਵੇਂ ਚੱਲਦਾ ਹੈ? ਇਹ ਪਾਖੰਡੀ ਲੋਕ ਮੁੱਖ ਮੀਡੀਆ ਦੀ ਬਜਾਏ ਸਥਾਨਕ ਖੇਤਰੀ ਅਖ਼ਬਾਰਾਂ , ਸੋਸ਼ਲ ਮੀਡੀਆ , ਪੈਂਫਲੇਟ (ਪਰਚੇ) ਅਤੇ ਨਿੱਜੀ ਵਟਸਐਪ ਗਰੁੱਪਾਂ ਰਾਹੀਂ ਪ੍ਰਚਾਰ ਕਰਦੇ ਹਨ। ਐਡਵਰਟਾਈਜਿੰਗ ਸਟੈਂਡਰਡਰਜ ਅਥਾਰਟੀ ਅਤੇ ਪੁਲਸ ਲਗਾਤਾਰ ਅਜਿਹੇ ਇਸ਼ਤਿਹਾਰਾਂ ਨੂੰ ਹਟਾਉਂਦੀ ਹੈ ਅਤੇ ਭਾਰੀ ਜੁਰਮਾਨੇ ਕਰਦੀ ਹੈ, ਪਰ ਇੰਟਰਨੈੱਟ ਕਰਕੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੋਕਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਕਿਹੜੀਆਂ ਜਥੇਬੰਦੀਆਂ ਇਨ੍ਹਾਂ ਦਾ ਵਿਰੋਧ ਕਰ ਰਹੀਆਂ ਹਨ?
ਇੰਗਲੈਂਡ ਵਿੱਚ ਕਾਲੇ ਜਾਦੂ ਅਤੇ ਧਾਰਮਿਕ ਅੰਧਵਿਸ਼ਵਾਸ ਦੇ ਨਾਮ 'ਤੇ ਹੋਣ ਵਾਲੇ ਸ਼ੋਸ਼ਣ ਖ਼ਿਲਾਫ਼ ਕਈ ਵੱਡੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਕਾਨੂੰਨੀ ਅਤੇ ਸਮਾਜਿਕ ਲੜਾਈ ਲੜ ਰਹੀਆਂ ਹਨ।
ਸਿੱਖ ਵੂਮੈਨਜ਼ ਏਡ ਅਟੈਂਡ ਸਾਊਥਹਾਲ ਬਲੈਕ ਸਿਸਟਰਜ ਜਥੇਬੰਦੀਆਂ ਯੂ.ਕੇ. ਵਿੱਚ ਰਹਿਣ ਵਾਲੀਆਂ ਏਸ਼ੀਆਈ (ਭਾਰਤੀ, ਪਾਕਿਸਤਾਨੀ) ਔਰਤਾਂ ਦੀ ਮਦਦ ਕਰਦੀਆਂ ਹਨ। ਜਦੋਂ ਕੋਈ ਢੋਂਗੀ ਬਾਬਾ ਜਾਂ ਤਾਂਤਰਿਕ ਕਿਸੇ ਔਰਤ ਦਾ ਸ਼ੋਸ਼ਣ ਕਰਦਾ ਹੈ, ਤਾਂ ਇਹ ਸੰਸਥਾਵਾਂ ਪੀੜਤਾਂ ਨੂੰ ਕਾਨੂੰਨੀ ਸਹਾਇਤਾ, ਰਹਿਣ ਲਈ ਸੁਰੱਖਿਅਤ ਘਰ ਅਤੇ ਮਾਨਸਿਕ ਕਾਊਂਸਲਿੰਗ ਦਿੰਦੀਆਂ ਹਨ।
NSPCC (ਨੈਸ਼ਨਲ ਸੁਸਾਇਟੀ ਫਾਰ ਦਾ ਪਰੀਵੈਂਨਸ਼ਨ ਆਫ ਕਰੂਅਲਟੀ ਨੂੰ ਚਿਲਡਰਨ ਬੱਚਿਆਂ ਦੀ ਸੁਰੱਖਿਆ ਲਈ ਯੂ.ਕੇ. ਦੀ ਸਭ ਤੋਂ ਵੱਡੀ ਸੰਸਥਾ ਹੈ। ਇਹ ਖਾਸ ਤੌਰ 'ਤੇ ਉਨ੍ਹਾਂ ਮਾਮਲਿਆਂ 'ਤੇ ਕੰਮ ਕਰਦੀ ਹੈ ਜਿੱਥੇ ਮਾਪੇ ਆਪਣੇ ਹੀ ਬੱਚਿਆਂ ਨੂੰ 'ਭੂਤ-ਪ੍ਰੇਤ ਦਾ ਸਾਇਆ' ਸਮਝ ਕੇ ਕਥਿਤ ਜਾਦੂਗਰਾਂ ਕੋਲ ਲੈ ਜਾਂਦੇ ਹਨ ਅਤੇ ਬੱਚਿਆਂ 'ਤੇ ਤਸ਼ੱਦਦ ਹੁੰਦਾ ਹੈ।
ਪ੍ਰੋਜੈਕਟ ਵਾਇਲਟ - ਮੈਟ ਪੁਲਿਸ ਲੰਡਨ ਪੁਲਸ ਦੀ ਇੱਕ ਖਾਸ ਟੀਮ ਹੈ, ਜੋ ਸਿਰਫ਼ ਧਾਰਮਿਕ ਅੰਧਵਿਸ਼ਵਾਸ, ਕਾਲੇ ਜਾਦੂ ਅਤੇ ਮਨੁੱਖੀ ਬਲੀ ਵਰਗੇ ਕੇਸਾਂ ਦੀ ਹੀ ਜਾਂਚ ਕਰਦੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦੀ ਹੈ।
ਮੁਸਲਿਮ ਵੋਮੈਨਜ ਨੈਟਵਰਕ ਯੂਕੇ ਸੰਸਥਾ ਮੁਸਲਿਮ ਭਾਈਚਾਰੇ ਅੰਦਰ ਅਜਿਹੇ ਇਮਾਮਾਂ ਜਾਂ ਪਾਖੰਡੀਆਂ ਖ਼ਿਲਾਫ਼ ਆਵਾਜ਼ ਚੁੱਕਦੀ ਹੈ ਜੋ ਧਰਮ ਦਾ ਡਰ ਦਿਖਾ ਕੇ ਕੁੜੀਆਂ ਦਾ ਬ੍ਰੇਨਵਾਸ਼ ਕਰਦੇ ਹਨ।
ਕਾਨੂੰਨ ਅਤੇ ਜਥੇਬੰਦੀਆਂ ਆਪਣਾ ਕੰਮ ਕਰ ਰਹੀਆਂ ਹਨ, ਪਰ ਸਭ ਤੋਂ ਵੱਡੀ ਲੋੜ ਸਮਾਜਿਕ ਜਾਗਰੂਕਤਾ ਦੀ ਹੈ, ਤਾਂ ਜੋ ਲੋਕ ਬਿਮਾਰੀ ਜਾਂ ਪਰੇਸ਼ਾਨੀ ਵੇਲੇ ਕਿਸੇ ਪਾਖੰਡੀ ਕੋਲ ਜਾਣ ਦੀ ਬਜਾਏ ਡਾਕਟਰਾਂ, ਥੈਰੇਪਿਸਟਾਂ ਜਾਂ ਪੁਲਸ ਦੀ ਮਦਦ ਲੈਣ।