ਇਰਾਨ ਜੰਗ ਦੇ ਸਵਾਲ 'ਤੇ ਭੜਕੇ ਰਾਸ਼ਟਰਪਤੀ ਟਰੰਪ, ਪੱਤਰਕਾਰ ਨੂੰ ਆਖਿਆ ਝੂਠਾ
_16May26053918AM.jfif)
ਰਿਪੋਰਟਿੰਗ ਨੂੰ ਦੇਸ਼-ਵਿਰੋਧੀ ਦੱਸਦਿਆਂ ਲਾਈ ਫਿਟਕਾਰ ਕਿਹਾ, "ਤੁਹਾਨੂੰ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ"
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਮੀਡੀਆ ਸਾਹਮਣੇ ਆਪਣੇ ਤਿੱਖੇ ਰੁਖ਼ ਕਾਰਨ ਚਰਚਾ ਵਿੱਚ ਹਨ। ਇਸ ਵਾਰ ਇਰਾਨ ਮੁੱਦੇ 'ਤੇ ਸਵਾਲ ਪੁੱਛਣ 'ਤੇ ਰਾਸ਼ਟਰਪਤੀ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ 'ਤੇ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਨੇ ਸਬੰਧਤ ਪੱਤਰਕਾਰ ਨੂੰ ਨਾ ਸਿਰਫ਼ ਝੂਠਾ ਗਰਦਾਨਿਆ, ਸਗੋਂ ਉਸ ਦੀ ਰਿਪੋਰਟਿੰਗ ਨੂੰ ਦੇਸ਼ ਦੇ ਹਿੱਤਾਂ ਦੇ ਖ਼ਿਲਾਫ਼ (ਦੇਸ਼ਧ੍ਰੋਹੀ) ਵੀ ਕਰਾਰ ਦੇ ਦਿੱਤਾ।
ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫ਼ੌਜ ਨੇ ਇਰਾਨ ਵਿੱਚ ਮੁਕੰਮਲ ਸੈਨਿਕ ਜਿੱਤ ਹਾਸਲ ਕੀਤੀ ਹੈ ਅਤੇ ਸਮੁੱਚਾ ਵਿਸ਼ਵ ਇਸ ਗੱਲ ਨੂੰ ਮੰਨਦਾ ਹੈ। ਪੱਤਰਕਾਰਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਆਖਿਆ, "ਸਾਰੀ ਦੁਨੀਆ ਸਾਡੀ ਜਿੱਤ ਨੂੰ ਸਵੀਕਾਰ ਕਰ ਰਹੀ ਹੈ, ਪਰ ਸਿਰਫ਼ ਤੁਹਾਡੇ ਵਰਗੇ ਕੁਝ ਲੋਕ ਹੀ ਹਨ ਜੋ ਸੱਚਾਈ ਨੂੰ ਲਿਖਣ ਤੋਂ ਗੁਰੇਜ਼ ਕਰਦੇ ਹਨ।"
ਲਿਖਣ ਦੇ ਤਰੀਕੇ 'ਤੇ ਚੁੱਕੇ ਸਵਾਲ
ਗੁੱਸੇ ਵਿੱਚ ਆਏ ਟਰੰਪ ਨੇ ਪੱਤਰਕਾਰ ਨੂੰ ਤਿੱਖੇ ਤਾਅਨੇ ਮਾਰਦਿਆਂ ਕਿਹਾ:
"ਮੈਨੂੰ ਲੱਗਦਾ ਹੈ ਕਿ ਤੁਹਾਡਾ ਲਿਖਣ ਦਾ ਇਹ ਤਰੀਕਾ ਦੇਸ਼ ਦੇ ਹਿੱਤਾਂ ਦੇ ਵਿਰੁੱਧ ਹੈ। ਤੁਸੀਂ ਖ਼ੁਦ ਕੁਝ ਨਹੀਂ ਲਿਖਦੇ, ਸਗੋਂ ਉਹੀ ਛਾਪਦੇ ਹੋ ਜੋ ਤੁਹਾਡਾ ਮੁੱਖ ਸੰਪਾਦਕ ਤੁਹਾਨੂੰ ਲਿਖਣ ਦਾ ਹੁਕਮ ਦਿੰਦਾ ਹੈ। ਅਜਿਹੀ ਪੱਤਰਕਾਰੀ ਲਈ ਤੁਹਾਨੂੰ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ।"
ਕੀ ਸੀ ਪੂਰਾ ਮਾਮਲਾ?
ਦਰਅਸਲ, ਇਹ ਸਾਰਾ ਵਿਵਾਦ ਪ੍ਰਸਿੱਧ ਅਖ਼ਬਾਰ 'ਦ ਨਿਊਯਾਰਕ ਟਾਈਮਜ਼' ਦੇ ਮੁੱਖ ਪੱਤਰਕਾਰ ਡੇਵਿਡ ਸੈਂਗਰ ਵੱਲੋਂ ਪੁੱਛੇ ਗਏ ਇੱਕ ਤਿੱਖੇ ਸਵਾਲ ਤੋਂ ਬਾਅਦ ਸ਼ੁਰੂ ਹੋਇਆ। ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਜੇਕਰ ਅਮਰੀਕਾ ਨੇ ਇਰਾਨ ਵਿਰੁੱਧ ਜੰਗ ਦੇ ਮੈਦਾਨ ਵਿੱਚ ਪੂਰੀ ਸੈਨਿਕ ਜਿੱਤ ਪ੍ਰਾਪਤ ਕਰ ਲਈ ਹੈ, ਤਾਂ ਫਿਰ ਵਾਸ਼ਿੰਗਟਨ ਆਪਣੇ ਰਾਜਨੀਤਿਕ ਉਦੇਸ਼ਾਂ ਨੂੰ ਹਾਸਲ ਕਰਨ ਵਿੱਚ ਅਸਫ਼ਲ ਕਿਉਂ ਰਿਹਾ ਹੈ ਅਤੇ ਖੇਤਰ ਵਿੱਚ ਅਜੇ ਵੀ ਫ਼ੌਜੀ ਕਾਰਵਾਈ ਕਿਉਂ ਚੱਲ ਰਹੀ ਹੈ? ਇਸੇ ਸਵਾਲ ਤੋਂ ਨਾਰਾਜ਼ ਹੋ ਕੇ ਰਾਸ਼ਟਰਪਤੀ ਨੇ ਪੱਤਰਕਾਰ 'ਤੇ ਆਪਣਾ ਗੁੱਸਾ ਕੱਢਿਆ।