ਸਿਹਤ ਸੰਕਟ: ਹੰਤਾ ਵਾਇਰਸ ਤੋਂ ਬਾਅਦ ਹੁਣ 'ਨੋਰੋਵਾਇਰਸ' ਦਾ ਖ਼ਤਰਾ ਸਮੁੰਦਰੀ ਜਹਾਜ਼ 'ਤੇ ਫੈਲੀ ਇਨਫ਼ੈਕਸ਼ਨ

ਫ਼ਰਾਂਸ ਦੇ ਬੋਰਡੋ ਸ਼ਹਿਰ ਪਹੁੰਚੇ ਬ੍ਰਿਟਿਸ਼ ਕਰੂਜ਼ ਸ਼ਿਪ 'ਤੇ ਹੜਕੰਪ ਇੱਕ ਬਜ਼ੁਰਗ ਦੀ ਮੌਤ, 80 ਲੋਕ ਬਿਮਾਰ
ਪੈਰਿਸ (ਫ਼ਰਾਂਸ): ਵਿਸ਼ਵ ਭਰ ਵਿੱਚ ਵੱਖ-ਵੱਖ ਵਾਇਰਸਾਂ ਦੇ ਖ਼ਤਰੇ ਦਰਮਿਆਨ ਹੁਣ 'ਨੋਰੋਵਾਇਰਸ' ਨੇ ਚਿੰਤਾ ਵਧਾ ਦਿੱਤੀ ਹੈ। ਫ਼ਰਾਂਸ ਦੇ ਦੱਖਣ-ਪੱਛਮੀ ਸ਼ਹਿਰ ਬੋਰਡੋ ਵਿੱਚ ਪਹੁੰਚੇ ਇੱਕ ਬ੍ਰਿਟਿਸ਼ ਆਲੀਸ਼ਾਨ ਸਮੁੰਦਰੀ ਜਹਾਜ਼ (ਕਰੂਜ਼ ਸ਼ਿਪ 'ਅੰਬੀਸ਼ਨ') ਉੱਤੇ ਨੋਰੋਵਾਇਰਸ ਫੈਲਣ ਕਾਰਨ ਹੜਕੰਪ ਮਚ ਗਿਆ। ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਉੱਤੇ ਪੇਟ ਅਤੇ ਆਂਦਰਾਂ ਦੀ ਗੰਭੀਰ ਇਨਫ਼ੈਕਸ਼ਨ (ਵਾਇਰਲ ਗੈਸਟਰੋਐਂਟਰਾਈਟਿਸ) ਫੈਲ ਚੁੱਕੀ ਹੈ, ਜਿਸ ਕਾਰਨ ਲਗਭਗ 80 ਲੋਕਾਂ ਵਿੱਚ ਉਲਟੀਆਂ ਅਤੇ ਦਸਤ ਵਰਗੇ ਬਿਮਾਰੀ ਦੇ ਲੱਛਣ ਦੇਖੇ ਗਏ ਹਨ।
ਇਸ ਦੌਰਾਨ ਜਹਾਜ਼ 'ਤੇ ਸਵਾਰ ਇੱਕ 90 ਸਾਲਾ ਬਜ਼ੁਰਗ ਯਾਤਰੀ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਦੁਖਦਾਈ ਘਟਨਾ ਅਤੇ ਬਿਮਾਰੀ ਦੇ ਫੈਲਾਅ ਨੂੰ ਦੇਖਦੇ ਹੋਏ, ਜਹਾਜ਼ 'ਤੇ ਸਵਾਰ ਲਗਭਗ 1,700 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸ਼ੁਰੂਆਤੀ ਤੌਰ 'ਤੇ ਹੇਠਾਂ ਉਤਰਨ ਤੋਂ ਰੋਕ ਦਿੱਤਾ ਗਿਆ ਸੀ।
ਹਸਪਤਾਲ ਦੀ ਜਾਂਚ ਵਿੱਚ ਹੋਈ ਪੁਸ਼ਟੀ
ਬੋਰਡੋ ਯੂਨੀਵਰਸਿਟੀ ਹਸਪਤਾਲ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਗਏ ਜੈਵਿਕ ਵਿਸ਼ਲੇਸ਼ਣ ਅਤੇ ਜਾਂਚ ਤੋਂ ਬਾਅਦ ਅਧਿਕਾਰਤ ਤੌਰ 'ਤੇ ਇਹ ਪੁਸ਼ਟੀ ਹੋਈ ਹੈ ਕਿ ਇਹ ਇਨਫ਼ੈਕਸ਼ਨ ਨੋਰੋਵਾਇਰਸ ਕਾਰਨ ਹੀ ਫੈਲੀ ਹੈ।
ਨੋਰੋਵਾਇਰਸ ਕੀ ਹੈ?
ਇਹ ਇੱਕ ਬਹੁਤ ਹੀ ਛੂਤਕਾਰੀ ਵਾਇਰਸ ਹੈ ਜੋ ਦੂਸ਼ਿਤ ਭੋਜਨ, ਪਾਣੀ ਜਾਂ ਪ੍ਰਭਾਵਿਤ ਸਤ੍ਹਾ ਦੇ ਸੰਪਰਕ ਵਿੱਚ ਆਉਣ ਨਾਲ ਤੇਜ਼ੀ ਨਾਲ ਫੈਲਦਾ ਹੈ। ਇਸ ਨਾਲ ਪੇਟ ਵਿੱਚ ਭਾਰੀ ਮਰੋੜ, ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੁੰਦੀ ਹੈ।
ਬੀਮਾਰ ਯਾਤਰੀ ਕੀਤੇ ਗਏ ਇਕਾਂਤਵਾਸ (ਆਈਸੋਲੇਟ)
ਸਥਾਨਕ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਜਿਨ੍ਹਾਂ ਮੁਸਾਫ਼ਰਾਂ ਵਿੱਚ ਬਿਮਾਰੀ ਦੇ ਲੱਛਣ ਪਾਏ ਗਏ ਹਨ, ਉਨ੍ਹਾਂ ਨੂੰ ਜਹਾਜ਼ ਦੇ ਅੰਦਰ ਹੀ ਵਿਸ਼ੇਸ਼ ਕਮਰਿਆਂ ਵਿੱਚ ਇਕਾਂਤਵਾਸ (ਆਈਸੋਲੇਟ) ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਪੂਰੀ ਤਰ੍ਹਾਂ ਤੰਦਰੁਸਤ ਯਾਤਰੀਆਂ ਨੂੰ ਹੁਣ ਜਹਾਜ਼ ਤੋਂ ਹੇਠਾਂ ਉਤਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਫਿਲਹਾਲ ਵਾਇਰਸ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਜਹਾਜ਼ ਉੱਤੇ ਸਫ਼ਾਈ, ਕੀਟਾਣੂਨਾਸ਼ਕਾਂ ਦੇ ਛਿੜਕਾਅ ਅਤੇ ਕੁਆਰੰਟੀਨ ਦੇ ਬਹੁਤ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ।