ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਗਲਾਸਗੋ ਦੀ 10ਵੀਂ ਵਰ੍ਹੇਗੰਢ ਮਨਾਈ ਗਈ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ )- ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਬਰਕਲੇਅ ਸਟਰੀਟ ਗਲਾਸਗੋ ਦੀ ਨਵੀਂ ਇਮਾਰਤ ਵਿਚ 15 ਮਈ 2016 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਿਤ ਕਰਕੇ ਸੰਗਤਾਂ ਲਈ ਖੋਲਿਆ ਗਿਆ ਸੀ | ਇਹ ਗੁਰਦੁਆਰਾ
ਸਾਹਿਬ ਸਕਾਟਲੈਂਡ ਦਾ ਸਭ ਤੋਂ ਵੱਡਾ ਗੁਰਦੁਆਰਾ ਵੀ ਹੈ | ਗਲਾਸਗੋ ਸ਼ਹਿਰ ਦੇ ਸੈਂਟਰ ਵਿਚ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਅਸਮਾਨ ਛੂੰਹਦਾ ਗੁੰਬਦ ਅਤੇ ਨਿਸ਼ਾਨ ਸਾਹਿਬ ਦੂਰ ਦੂਰ ਤੋਂ ਦੇਖਿਆ ਜਾ ਸਕਦਾ ਹੈ | ਅੱਜ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਦੀ ਦਸਵੀਂ ਵਰ੍ਹੇਗੰਢ ਮਨਾਈ ਗਈ | ਗੁਰੂ ਰਾਮਦਾਸ ਕੀਰਤਨ ਅਕੈਡਮੀ ਦੇ ਜੱਥੇ, ਹਜ਼ੂਰੀ ਰਾਗੀ ਮਨਿੰਦਰ ਸਿੰਘ, ਭਾਈ ਜਗਦੀਪ ਸਿੰਘ ਨੇ ਕਥਾ ਅਤੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ। ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦਸਵੀਂ ਵਰ੍ਹੇਗੰਢ ਦਾ ਕੇਕ ਵੀ ਕੱਟਿਆ। ਇਸ ਮੌਕੇ ਸਿੱਖ ਇਤਿਹਾਸ ਸਬੰਧੀ ਸ਼ਸਤਰ, ਕਲਾ, ਕਿਤਾਬਾਂ ਦੇ ਸਟਾਲ ਅਤੇ ਪ੍ਰਦਰਸ਼ਨੀ ਲਗਾਈ ਗਈ। ਸਿੱਖ ਨੌਜਵਾਨਾਂ ਨੇ ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੱਗ ਬੰਨ੍ਹਣ ਦੀ ਸਿਖਲਾਈ ਵੀ ਦਿਤੀ। ਸੰਗਤਾਂ ਲਈ ਖਾਸ ਤੌਰ 'ਤੇ ਬਾਜ ਅਤੇ ਘੋੜਾ, ਬੱਚਿਆਂ ਲਈ ਬਾਉਸੀ ਕੈਸਲ ਲਗਾਈ ਗਈ। ਇਸ ਸਮੇਂ ਗੁਰਦੁਆਰਾ ਸਾਹਿਬ ਦੇ 10 ਸਾਲਾਂ ਦੇ ਇਤਿਹਾਸ ਦੀ ਫੋਟੋ ਬੂਥ ਪ੍ਰਦਰਸ਼ਨੀ ਵੀ ਲਗਾਈ ਗਈ ।