ਜੰਗੀ ਤਣਾਅ ਖਤਮ ਕਰਨ ਲਈ ਅਮਰੀਕਾ ਨੇ ਈਰਾਨ ਅੱਗੇ ਰੱਖੀਆਂ ਪੰਜ ਸ਼ਰਤਾਂ : ਰਿਪੋਰਟ

ਤਹਿਰਾਨ- ਅਮਰੀਕਾ ਵੱਲੋਂ ਈਰਾਨ ਨਾਲ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਨੂੰ ਖਤਮ ਕਰਨ ਲਈ ਪੰਜ ਵੱਡੀਆਂ ਸ਼ਰਤਾਂ ਰੱਖੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਇਹ ਜਾਣਕਾਰੀ ਈਰਾਨ ਦੀ ਫ਼ਾਰਸ ਨਿਊਜ਼ ਏਜੰਸੀ ਦੀ ਇਕ ਰਿਪੋਰਟ ਵਿੱਚ ਸਾਹਮਣੇ ਆਈ ਹੈ ਹਾਲਾਂਕਿ ਹੁਣ ਤੱਕ ਨਾ ਤਾਂ ਅਮਰੀਕਾ ਅਤੇ ਨਾ ਹੀ ਈਰਾਨ ਨੇ ਇਨ੍ਹਾਂ ਸ਼ਰਤਾਂ ਦੀ ਅਧਿਕਾਰਿਕ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਈਰਾਨ ਤੇ ਹੋਈ ਬੰਬਬਾਰੀ ਨਾਲ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਅਤੇ ਇਸਦੇ ਨਾਲ ਹੀ ਅਮਰੀਕਾ ਨੇ ਮੰਗ ਕੀਤੀ ਹੈ ਕਿ ਈਰਾਨ ਆਪਣੇ ਕੋਲ ਮੌਜੂਦ ਲਗਭਗ 400 ਕਿਲੋਗ੍ਰਾਮ ਯੂਰੇਨੀਅਮ ਅਮਰੀਕਾ ਦੇ ਹਵਾਲੇ ਕਰੇ। ਇਕ ਹੋਰ ਸ਼ਰਤ ਅਨੁਸਾਰ ਈਰਾਨ ਵਿੱਚ ਸਿਰਫ਼ ਇਕ ਹੀ ਪਰਮਾਣੂ ਕੇਂਦਰ ਚਾਲੂ ਰੱਖਣ ਦੀ ਇਜਾਜ਼ਤ ਹੋਵੇਗੀ ਅਤੇ ਇਸ ਤੋਂ ਇਲਾਵਾ ਅਮਰੀਕਾ ਈਰਾਨ ਦੀਆਂ ਵਿਦੇਸ਼ਾਂ ਵਿੱਚ ਫਰੀਜ਼ ਕੀਤੀਆਂ ਗਈਆਂ ਸੰਪਤੀਆਂ ਵਿੱਚੋਂ ਸਿਰਫ਼ 25 ਫੀਸਦੀ ਰਕਮ ਹੀ ਜਾਰੀ ਕਰਨ ਦੇ ਹੱਕ ਵਿੱਚ ਦੱਸਿਆ ਜਾ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਾਸ਼ਿੰਗਟਨ ਲਿਬਨਾਨ ਸਮੇਤ ਸਾਰੇ ਮੋਰਚਿਆਂ ਤੇ ਜੰਗ ਖਤਮ ਕਰਕੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦਾ ਹੈ ਅਤੇ ਦੂਜੇ ਪਾਸੇ ਈਰਾਨ ਨੇ ਅਮਰੀਕਾ ਨੂੰ ਹੋਰਮੁਜ਼ ਜਲਮਾਰਗ ਦੀ ਨਾਕਾਬੰਦੀ ਖਤਮ ਕਰਨ ਲਈ ਕਿਹਾ ਹੈ।