ਭਾਰਤੀ ਸ਼ਹਿਰ ਦੇ ਨਾਮ 'ਤੇ ਰੱਖਿਆ ਗਿਆ ਸਕਾਟਲੈਂਡ ਦੇ ਛੋਟੇ ਜਿਹੇ ਪਿੰਡ ਦਾ ਨਾਮ

ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਭਾਰਤ ਦੇ ਪ੍ਰਸਿੱਧ ਸ਼ਹਿਰ ਅਤੇ ਬਿਹਾਰ ਪ੍ਰਦੇਸ਼ ਦੀ ਰਾਜਧਾਨੀ ਮਹਾਂਨਗਰ ਪਟਨਾ ਦੇ ਨਾਮ &lsquoਤੇ ਸਕਾਟਲੈਂਡ ਦੇ ਪਿੰਡ ਪਟਨਾ ਦਾ ਨਾਮ ਰੱਖਿਆ ਗਿਆ ਸੀ। ਸਕਾਟਲੈਂਡ ਦਾ ਪਟਨਾ ਪਿੰਡ 1802 ਵਿੱਚ ਵਸਾਇਆ ਗਿਆ ਸੀ। ਇਸਨੂੰ ਵਸਾਉਣ ਵਾਲਾ ਸਕਾਟਲੈਂਡ ਦਾ ਵਿਲੀਅਮ ਫੁਲਾਰਟਨ ਸੀ, ਜੋ ਕਿ ਸਕਾਟਲੈਂਡ ਦਾ ਇੱਕ ਜਿਮੀਦਾਰ ਅਤੇ ਰਾਜਨੀਤਿਕ ਵਿਅਕਤੀ ਸੀ। ਉਸਦਾ ਪਿਤਾ ਜੌਨ ਫੁਲਾਰਟਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਮੇਜਰ ਜਨਰਲ ਸੀ ਅਤੇ ਭਾਰਤ ਦੇ ਪਟਨਾ ਸ਼ਹਿਰ ਵਿੱਚ ਤਾਇਨਾਤ ਸੀ। ਵਿਲੀਅਮ ਫੁਲਾਰਟਨ ਦਾ ਜਨਮ ਪਟਨਾ ਸ਼ਹਿਰ ਵਿੱਚ ਹੀ ਹੋਇਆ ਸੀ। ਜਦੋਂ ਵਿਲੀਅਮ ਫੁਲਾਰਟਨ ਵਾਪਸ ਸਕਾਟਲੈਂਡ ਆਇਆ ਤਾਂ ਉਨ੍ਹਾਂ ਨੇ ਆਪਣੇ ਕਾਰੋਬਾਰ ਕੋਇਲੇ ਦੀਆਂ ਖਾਣਾਂ ਲਈ ਮਜ਼ਦੂਰਾਂ ਦੇ ਰਹਿਣ ਵਾਸਤੇ ਇੱਕ ਨਵਾਂ ਪਿੰਡ ਵਸਾਇਆ। ਆਪਣੇ ਜਨਮ ਸਥਾਨ ਨਾਲ ਪਿਆਰ ਅਤੇ ਯਾਦ ਵਜੋਂ ਉਸਨੇ ਇਸ ਪਿੰਡ ਦਾ ਨਾਮ &ldquoਪਟਨਾ&rdquo ਰੱਖ ਦਿੱਤਾ। ਸਕਾਟਲੈਂਡ ਦਾ ਇਹ ਪਟਨਾ ਪਿੰਡ ਪੂਰਬੀ ਏਅਰਸ਼ਾਇਰ ਵਿੱਚ ਸਥਿਤ ਹੈ ਅਤੇ ਇਸ ਦੇ ਵਿਚੋਂ ਮਸ਼ਹੂਰ ਨਦੀ ਡੂਨ ਲੰਘਦੀ ਹੈ। ਜਿਕਰਯੋਗ ਹੈ ਕਿ ਇਸੇ ਨਦੀ ਦਾ ਨਾਮ ਨਾਲ ਬਿਹਾਰ ਸ਼ਹਿਰ ਵਿੱਚ ਡੂਨ ਪਬਲਿਕ ਸਕੂਲ ਵੀ ਚੱਲਦੇ ਹਨ। ਇਹ ਪਿੰਡ ਗਲਾਸਗੋ ਤੋਂ ਲਗਭਗ 45 ਮੀਲ ਦੱਖਣ-ਪੱਛਮ ਵੱਲ ਵਸਿਆ ਹੋਇਆ ਹੈ। ਜਦੋਂ ਕਿ ਭਾਰਤੀ ਪਟਨਾ ਸ਼ਹਿਰ ਦੇ ਘੱਟ ਨਾਗਰਿਕ ਹੀ ਸਕਾਟਲੈਂਡ ਵਿੱਚ ਉਨ੍ਹਾਂ ਦੇ ਸ਼ਹਿਰ ਦੇ ਨਾਮ &lsquoਤੇ ਵਸਾਏ ਗਏ ਪਿੰਡ ਬਾਰੇ ਜਾਣਦੇ ਹਨ। ਸਕਾਟਲੈਂਡ ਦੇ ਪਿੰਡ ਪਟਨਾ ਵਿੱਚ 2,300 ਦੇ ਕਰੀਬ ਨਿਵਾਸੀ ਹਨ ਅਤੇ ਵਧੇਰੇ ਜਾਣਦੇ ਹਨ ਕਿ ਉਨ੍ਹਾਂ ਦੇ ਪਿੰਡ ਦਾ ਨਾਮ ਕਿਵੇਂ ਪਿਆ। ਸਕਾਟਲੈਂਡ ਦਾ ਪਟਨਾ ਪਿੰਡ ਭਾਰਤ ਦੇ ਪਟਨਾ ਸ਼ਹਿਰ ਤੋਂ 8000 ਕਿੱਲੋਮੀਟਰ ਤੋਂ ਵੱਧ ਦੀ ਦੂਰੀ &lsquoਤੇ ਹੈ। ਦਿਲਚਸਪ ਗੱਲ ਇਹ ਹੈ ਕਿ ਸਕਾਟਲੈਂਡ ਦੇ ਇਸ ਛੋਟੇ ਪਿੰਡ ਅਤੇ ਭਾਰਤ ਦੇ ਵੱਡੇ ਸ਼ਹਿਰ ਵਿਚਕਾਰ ਅੱਜ ਵੀ ਸੱਭਿਆਚਾਰਕ ਸਬੰਧਾਂ ਦੀ ਗੱਲ ਕੀਤੀ ਜਾਂਦੀ ਹੈ। ਪਟਨਾ ਪਿੰਡ ਦੇ ਪ੍ਰਾਈਮਰੀ ਸਕੂਲ ਦੇ ਨਿਸ਼ਾਨ ਵਿੱਚ ਭਾਰਤ ਦੇ ਬਿਹਾਰ ਦੀ ਯਾਦ ਦਿਵਾਉਂਦੇ ਚਿੰਨ੍ਹ ਜਿਵੇਂ ਚੌਲਾਂ ਦਾ ਪੌਦਾ ਦਰਸਾਇਆ ਗਿਆ ਹੈ ਅਤੇ ਬੱਚਿਆਂ ਨੂੰ ਭਾਰਤੀ ਪਟਨਾ ਸ਼ਹਿਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਕੁਝ ਸਾਲ ਪਹਿਲਾਂ ਇਸ ਪਿੰਡ ਵਿੱਚ &ldquoਬਿਹਾਰ ਡੇਅ &rdquo ਵੀ ਮਨਾਇਆ ਗਿਆ ਸੀ, ਜਿਸ ਵਿੱਚ ਉਸ ਸਮੇਂ ਦੇ ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਾਈ ਕੇ ਸਿਨਹਾ, ਜੋ ਕਿ ਭਾਰਤ ਦੇ ਪਟਨਾ ਸ਼ਹਿਰ ਦੇ ਜੰਮਪਲ ਸਨ , ਨੇ ਬਿਹਾਰ ਡੇਅ ਲਈ ਪਟਨਾ ਪਿੰਡ ਵਿੱਚ ਇੱਕ ਜਸ਼ਨ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਇਸ ਤਰ੍ਹਾਂ ਸਕਾਟਲੈਂਡ ਦਾ ਪਟਨਾ ਪਿੰਡ ਸਿਰਫ਼ ਇੱਕ ਨਾਮ ਨਹੀਂ, ਸਗੋਂ ਭਾਰਤ ਅਤੇ ਸਕਾਟਲੈਂਡ ਦੇ ਇਤਿਹਾਸਕ ਰਿਸ਼ਤਿਆਂ ਦੀ ਨਿਸ਼ਾਨੀ ਵੀ ਹੈ।