ਪੰਜਾਬੀ ਫ਼ਿਲਮਾਂ ਅਤੇ ਦੇਸੀ ਟੀ.ਵੀ. ਚੈਨਲਾਂ ਰਾਹੀਂ ਸਿੱਖੀ ਸਰੂਪ ਨੂੰ ਮਲੀਆਮੇਟ ਕਰਨ ਦੀ ਸਾਜ਼ਿਸ਼

 
ਪਿੱਛੇ ਜਿਹੇ ਪੰਜਾਬੀ ਦੇ ਸਮਕਾਲੀ ਪੇਪਰਾਂ ਵਿੱਚ ਇੱਕ ਇਸ਼ਤਿਹਾਰ ਪੜ੍ਹਨੇ ਨੂੰ ਿਮਿਲ਼ਆ ਕਿ ਪੀ.ਟੀ.ਸੀ. ਪੰਜਾਬੀ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ਡਿਸਕੋ ਸਿੰਘ। ਡਿਸਕੋ ਸਿੰਘ ਤੋਂ ਪਹਿਲਾਂ ਸਿੰਘ ਇਜ਼ ਕਿੰਗ ਇੱਕ ਫ਼ਿਲਮ ਹਿੰਦੀ ਵਿੱਚ ਵੀ ਬਣ ਚੁੱਕੀ ਹੈ। ਦੋਹਾਂ ਹੀ ਫ਼ਿਲਮਾਂ ਵਿੱਚ ਰੋਮਾਂ ਦੀ ਬੇਅਦਬੀ ਕਰ ਕੇ ਛਾਂਗੀਆਂ ਹੋਈਆਂ ਦਾੜ੍ਹੀਆਂ ਅਤੇ ਮੋਨੇ ਸਿਰਾਂ ਤੇ ਨੋਕਦਾਰ ਬੱਧੀਆਂ ਠੋਕਵੀਆਂ ਪੱਗਾਂ ਵਾਲ਼ੇ ਮੁੱਖ ਪਾਤਰਾਂ ਨੂੰ ਸਿੱਖ ਰੋਲ ਮਾਡਲ ਵਜੋਂ ਵਿਖਾਇਆ ਗਿਆ ਹੈ। ਜੋ ਕਿ ਸਿੱਖ ਧਰਮ ਅਤੇ ਸਾਬਤ ਸੂਰਤਿ ਦਸਤਾਰ ਸਿਰਾ, ਸਿੱਖੀ ਦੇ ਸਰੂਪ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। ਇਸ ਤੋਂ ਵੀ ਅੱਗੇ ਵੇਖੀਏ ਤਾਂ ਪੰਜਾਬ ਪੁਲੀਸ ਦੇ ਬਹੁਗਿਣਤੀ ਦੇ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਪੀ.ਟੀ.ਸੀ. ਪੰਜਾਬੀ ਤੇ ਪ੍ਰੋਗਰਾਮ ਕਰਨ ਵਾਲ਼ੇ ਗੀਤਕਾਰ ਗਾਇਕ ਅਤੇ ਪ੍ਰੀਜ਼ੈਟਰਾਂ ਨੇ ਵੀ ਰੋਮਾਂ ਦੀ ਨਿਸ਼ਾਨੀ ਰੱਖਣ ਤਕ ਛਾਂਗੀਆਂ ਦਾੜ੍ਹੀਆਂ ਅਤੇ ਮੁੁੁੰਨੇ ਹੋਏ ਸਿਰਾਂ ਤੇ ਨੋਕਦਾਰ ਪੱਗਾਂ ਬੱਧੀਆਂ ਹੋਈਆਂ ਵੇਖਣ ਨੂੰ ਮਿਲਦੀਆਂ ਹਨ। ਸਿੱਖਾਂ ਦੇ ਇਸ ਵਿਗੜੇ ਹੋਏ ਸਿੱਖੀ ਸਰੂਪ ਤੇ ਮੋਹਰ ਲਾਉਣ ਲਈ ਪੀ.ਟੀ.ਸੀ. ਪੰਜਾਬੀ ਮੋਹਰੀ ਰੋਲ ਅਦਾ ਕਰ ਰਿਹਾ ਹੈ। ਪੀ.ਟੀ.ਸੀ. ਪੰਜਾਬੀ ਤੇ ਨਾਨ-ਸਟਾਪ ਪ੍ਰੋਗਰਾਮ ਵੇਖਣ ਵਾਲ਼ਿਆਂ ਨੂੰ ਕਿਸੇ ਸਬੂਤ ਦੀ ਵੀ ਲੋੜ ਨਹੀਂ ਹੈ ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਦਾਹੜੀ ਛਾਂਗ ਕੇ ਰੋਮਾਂ ਦੀ ਬੇਅਦਬੀ ਕਰਨ ਦਾ ਅਰਥ ਹੈ ਸਿੱਖੀ ਦਾ ਬੰਦ-ਬੰਦ ਕੱਟ ਦੇਣਾ।
  ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਕਿਹਾ ਕਰਦੇ ਸਨ ਕਿ ਮੈਂ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਨਫ਼ਰਤ ਫੈਲਾਉਂਦਾ ਹਾਂ, ਇਹ ਗਲਤ ਹੈ। ਮੈਂ ਤਾਂ ਬਸ ਗੁਰੂਆਂ ਦੀ ਸਿੱਖਿਆ ਹੀ ਪ੍ਰਚਾਰਦਾ ਹਾਂ, ਮੈਂ ਅੰਮ੍ਰਿਤ ਪ੍ਰਚਾਰ ਹੀ ਕਰਦਾ ਹਾਂ ਅਤੇ ਸਿੱਖ ਨੌਜਵਾਨਾਂ ਨੂੰ ਦਾੜ੍ਹੀਆਂ ਛਾਂਗਣਾਂ ਬੰਦ ਕਰਨ, ਸਿਗਰਟ ਅਤੇ ਸ਼ਰਾਬ ਪੀਣਾ ਛੱਡਣ ਲਈ ਪ੍ਰੇਰਦਾ ਹਾਂ। ਸਿੱਖ ਧਰਮ ਦੇ ਸ਼ਹੀਦ ਸਿੰਘ ਤਾਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਚਰਖੜੀਆਂ ਤੇ ਚੜ੍ਹੇ ਅਤੇ ਬੰਦ-ਬੰਦ ਕਟਵਾ ਦਿੱਤੇ ਪਰ ਅੱਜ ਦੇ ਸਿੱਖ ਨੌਜਵਾਨ ਦਾੜ੍ਹੀਆਂ ਛਾਂਗ ਕੇ ਮੁੰਨ ਕੇ ਸਿੱਖੀ ਦਾ ਹੀ ਬੰਦ-ਬੰਦ ਕੱਟੀ ਜਾ ਰਹੇ ਹਨ। ਮੈਂ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਗੁਰੂ ਵਾਲ਼ੇ ਬਣਨ ਦੀ ਪ੍ਰੇਰਨਾ ਦਿੰਦਾ ਹਾਂ ਕਿਉਂਕਿ ਧਰਮ ਦਾ ਪ੍ਰਚਾਰ ਕਰਨਾ ਮੇਰਾ ਸੰਵਿਧਾਨਕ ਹੱਕ ਹੈ।
  ਪੀ.ਟੀ.ਸੀ. ਪੰਜਾਬੀ ਵਾਲ਼ੇ ਸਿੱਖੀ ਅਤੇ ਸਿੱਖ ਦਾ ਬਾਹਰੀ ਸਰੂਪ ਵਿਗਾੜ ਕੇ ਪਤਿਤਪੁਣੇ ਨੂੰ ਉਤਸ਼ਾਹਿਤ ਤਾਂ ਕਰ ਹੀ ਰਹੇ ਹਨ ਅਤੇ ਨਾਲ ਹੀ ਪੰਜਾਬੀ ਵਿਰਸੇ ਦਾ ਅੰਗਰੇਜ਼ੀਕਰਨ ਵੀ ਕਰ ਰਹੇ ਹਨ। ਪੰਜਾਬੀ ਅਤੇ ਪੰਜਾਬੀਅਤ ਦੇ ਨਾਂ &rsquoਤੇ ਬਣਨ ਵਾਲ਼ੀਆਂ ਪੰਜਾਬੀ ਫ਼ਿਲਮਾਂ ਦਾ ਨਾਂ ਵੀ ਅੰਗਰੇਜ਼ੀ ਭਾਸ਼ਾ ਵਿੱਚ ਰੱਖਿਆ ਜਾਣ ਲੱਗਾ ਹੈ। ਆਓ ਹੁਣ ਇਹਨਾਂ ਪੰਜਾਬੀ ਫ਼ਿਲਮਾਂ ਦੇ ਕੁਝ ਅੰਗਰੇਜ਼ੀ ਨਾਵਾਂ ਦੇ ਨਮੂਨੇ ਵੇਖੀਏ ਜਿਵੇਂ ਕਿ ਜੱਟ ਐਂਡ ਜੂਲੀਅਟ-1, ਜੱਟ ਐਂਡ ਜੂਲੀਅਟ-2, ਕੈਰੀ ਆਨ ਜੱਟਾ, ਨੌਟੀ ਜੱਟ, ਡੈਡੀ ਕੂਲ ਮੁੰਡੇ ਫੂਲ, ਮਾਈ ਸੈਲਫ ਘੈਂਟ, ਜੱਟ ਜੇਮਸ ਬਾਂਡ ਅਤੇ ਡਿਸਕੋ ਸਿੰਘ। ਅਜਿਹੀਆਂ ਅੰਗਰੇਜ਼ੀ ਨਾਂ ਵਾਲ਼ੀਆਂ ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਤੇ ਨਿਰਦੇਸ਼ਕ ਆਪਣੀ ਫ਼ਿਲਮ ਹਿੱਟ ਕਰਾਉਣ ਲਈ ਪੰਜਾਬੀ ਪਹਿਰਾਵੇ ਦੀ ਥਾਂ ਅੰਗਰੇਜ਼ੀ ਡਰੈਸਾਂ ਦੀ ਵਰਤੋਂ ਕਰ ਰਹੇ ਹਨ। ਇਹਨਾਂ ਫ਼ਿਲਮਾਂ ਵਿੱਚ ਕੰਮ ਕਰਨ ਵਾਲ਼ੀਆਂ ਪੰਜਾਬੀ ਕੁੜੀਆਂ ਕਮੀਜ਼ ਦੀ ਥਾਂ ਸਲੀਵਲੈਸ ਫਰਾਕ ਅਤੇ ਸਲਵਾਰ ਦੀ ਥਾਂ ਲੱਤਾਂ ਨੰਗੀਆਂ ਰੱਖਣ ਲਈ ਸਕਰਟ ਪਾਉਂਦੀਆਂ ਹਨ। ਕੁੜੀਆਂ ਨੂੰ ਪੈਂਟਾਂ ਏਨੀਆਂ ਘੁਟਵੀਆਂ ਪੁਆਈਆਂ ਜਾਂਦੀਆਂ ਹਨ ਕਿ ਸ਼ੱਕ ਹੋਣ ਲੱਗਦਾ ਹੈ ਕਿ ਲੱਤਾਂ ਨੇ ਪੈਂਟ ਪਾਈ ਹੋਈ ਹੈ ਜਾਂ ਪੈਂਟ ਨੇ ਲੱਤਾਂ ਦਾ ਰੂਪ ਧਾਰਿਆ ਹੋਇਆ ਹੈ।
  ਪੰਜਾਬੀ ਗੀਤਾਂ ਦੀਆਂ ਵੀਡਿਓ ਫ਼ਿਲਮਾਂ ਵਿੱਚ ਵੀ ਅਕਸਰ ਉਕਤ ਵਰਤਾਰਾ ਹੀ ਵੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਗੀਤਕਾਰ ਅਤੇ ਗਾਇਕ ਵੀਡਿੀਓ ਫ਼ਿਲਮ ਬਣਾਉਣ ਵੇਲੇ ਤਾਂ ਮੰੁਨੇ ਹੋਏ ਸਿਰ ਤੇ ਪੱਗ ਬੰਨ੍ਹ ਲੈਂਦੇ ਹਨ ਪਰ ਅੱਗੋਂ ਪਿੱਛੋਂ ਤਾਂ ਨੰਗੇ ਸਿਰ ਹੀ ਵਿਚਰਦੇ ਹਨ ਅਤੇ ਕਈ ਵਾਰੀ ਸਿੱਧੀਆਂ ਪੁੱਠੀਆ ਟੋਪੀਆਂ ਵੀ ਲੈ ਲੈਂਦੇ ਹਨ। ਇਹਨਾਂ ਬਹੁਰੁਪੀਏ ਕਲਾਕਾਰਾਂ ਵੱਲੋਂਂ ਸਿੱਖੀ ਸਰੂਪ ਨੂੰ ਸਿਰਫ਼ ਪੈਸੇ ਕਮਾਉਣ ਲਈ ਹੀ ਵਰਤਿਆ ਜਾ ਰਿਹਾ ਹੈ। ਅਜਿਹੀਆਂ ਵੀਡਿਓ ਫ਼ਿਲਮਾਂ ਵਿੱਚ ਕੰਮ ਕਰਨ ਵਾਲ਼ੇ ਮੁੰਡੇ ਕੁੜੀਆਂ ਨੇ ਪੈਸੇ ਕਮਾਉਣ ਅਤੇ ਚੰਦ ਦਿਨਾਂ ਦੀ ਬੱਲੇ-ਬੱਲੇ ਲਈ ਸਿੱਖੀ ਸਰੂਪ ਅਤੇ ਪੰਜਾਬੀ ਪਹਿਰਾਵੇ ਨੂੰ ਤਿਆਗ ਦਿੱਤਾ ਹੈ ਅਤੇ ਆਪਣੇ ਆਪ ਨੂੰ ਮਾਡਰਨ ਤੇ ਅਪ-ਟੂ ਡੇਟ ਦੱਸਦੇ ਹਨ ਅਤੇ ਸਿੱਖੀ ਸਰੂਪ ਅਤੇ ਪੰਜਾਬੀ ਪਹਿਰਾਵੇ ਵਾਲ਼ਿਆਂ ਨੂੰ ਬੈਕਵਰਡ ਸਮਝਦੇ ਹਨ, ਪਰ ਇਹਨਾਂ ਨੂੰ ਕੌਣ ਸਮਝਾਵੇ ਕਿ ਅਸਲੀ ਸੁੰਦਰਤਾ ਉਸ ਦੇ ਸਾਬਤ ਸੂਰਤ ਚਿਹਰੇ ਅਤੇ ਉਸ ਦੇ ਆਚਰਣ ਵਿੱਚ ਹੁੰਦੀ ਹੈ। ਸੀਲ, ਸੰਜਮ ਤੇ ਸਾਦਾ ਪਹਿਰਾਵਾ ਮਨੱੁਖੀ ਆਚਰਣ ਦੇ ਵਿਸ਼ੇਸ਼ ਅੰਗ ਹਨ। ਸੰਜਮ ਰਹਿਤ ਜੀਵਨ, ਅਸ਼ਲੀਲ ਮੰਨ ਸੁੰਦਰ ਤੇ ਦਿਲ ਨੂੰ ਮੋਹਣ ਵਾਲ਼ੇ ਪਹਿਰਾਵੇ ਹੇਠ ਉਵੇਂ ਹੈ ਜਿਵੇਂ ਕਿਸੇ ਹਲਕੀ ਧਾਤ ਨੂੰ ਮੁਲੰ੍ਹਮਾ ਕੀਤਾ ਹੋਵੇ। 
  ਖ਼ਾਲਸੇ ਦੀ ਸਾਜਨਾ 1699 ਵਿੱਚ ਹੋਈ ਸੀ ਪਰ ਮੌਜੂਦਾ ਪੰਜਾਬ ਦੇ ਵਾਹੀਕਾਰਾਂ ਦੀ ਅਜ਼ਾਦ ਤੇ ਦਲੇਰਾਨਾ ਸਪਿਰਟ ਨੂੰ ਸਿੱਖ ਦੇ ਨਾਂਅ ਨਾਲ ਜੋੜਨ ਦਾ ਕਾਰਨ ਵੀ ਸਿੱਖ ਦਾ ਸਾਬਤ ਸੂਰਤ ਦਸਤਾਰ ਸਿਰਾ ਵਾਲ਼ਾ ਸਰੂਪ ਹੈ ਜੋ ਉਸ ਨੂੰ ਖ਼ਾਲਸਾ ਨਾਂ ਹੇਠ 1699 ਨੂੰ ਪ੍ਰਾਪਤ ਹੋਇਆ ਵਰਨਾ ਪੰਜਾਬ ਅਜਿਹੀ ਵਡਿਆਈ ਦਾ ਹੱਕਦਾਰ &lsquoਪੰਜਾਬੀ&rsquo ਤਾਂ ਹੋ ਸਕਦਾ ਸੀ ਪਰ &lsquoਸਿੱਖ&rsquo ਨਾ ਹੁੰਦਾ। ਸਿੱਖਾਂ ਦੀ ਇਹ ਵਡਿਆਈ ਅਜ਼ਾਦ ਹਸਤੀ ਅੱਡਰੀ ਰਹਿਣੀ ਤੇ ਸਰੂਪ ਸਿੱਖ ਵਿਰੋਧੀਆਂ ਨੂੰ ਨਹੀਂ ਭਾਉਂਦਾ। 
ਖ਼ਾਲਸਾ ਪੰਥ ਦੀ ਵਿਰੋਧਤਾ ਵੀ ਆਪਣੀ ਬੁੱਕਲ ਵਿੱਚੋਂ ਹੀ ਸ਼ੁਰੂ ਹੋ ਗਈ ਹੈ। ਪੰਜਾਬੀ ਲੋਕ ਹੀ, ਜਿਨ੍ਹਾਂ ਵਿੱਚੋਂ ਜਨਮ ਲੈ ਕੇ ਸਿੱਖਾਂ ਨੇ ਵਿਸ਼ਵ ਧਰਮੀ ਹੋਣ ਦਾ ਨਮੂਨਾ ਪੇਸ਼ ਕੀਤਾ ਇਸ ਦੀ ਵਧਦੀ ਪ੍ਰਭਿਤਾ ਨੂੰ ਸਹਾਰ ਨਹੀਂ ਸਕੇ ਅਤੇ ਇੱਕ ਟੋਲੇ ਨੇ ਸਮੁੱਚੇ ਤੌਰ ਤੇ ਸਿੱਖ ਜਜ਼ਬੇ ਨਾਲ ਖੇਡਣੋਂ ਵੀ ਗੁਰੇਜ਼ ਨਹੀਂ ਕੀਤਾ (ਜੂਨ 1984 ਦਾ ਦਰਬਾਰ ਸਾਹਿਬ ਤੇ ਭਾਰਤੀ ਫ਼ੌਜ ਦਾ ਹਮਲਾ ਅਤੇ ਨਵੰਬਰ 1984 ਨੂੰ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਇਸ ਦੀਆਂ ਪ੍ਰਤੱਖ ਉਦਾਹਰਣਾਂ ਹਨ)। ਜਦੋਂ ਮੌਕਾ ਬਣਿਆ ਇਹਨਾਂ ਨੇ ਸਿੱਖ ਇਤਿਹਾਸ ਨੂੰ ਕਾਲ਼ਾ ਕਰਨ, ਸਿੱਖੀ ਸਰੂਪ ਨੂੰ ਵਿਗਾੜਨ, ਸਿੱਖ ਧਰਮ ਦੀ ਅਪਣਾਈ ਪੰਜਾਬੀ ਬੋਲੀ ਤੇ ਲਿੱਪੀ ਦਾ ਕੱਟੜ ਵਿਰੋਧ ਅਤੇ ਸਿੱਖ ਰਸਮਾਂ ਅਤੇ ਸਿੱਖੀ ਸਰੂਪ ਤੇ ਚੋਟ ਕਰਨ ਤੋਂ ਢਿਲ ਨਹੀਂ ਕੀਤੀ (ਛਾਂਗੀਆਂ ਦਾੜ੍ਹੀਆਂ ਅਤੇ ਮੋਨੇ ਸਿਰਾਂ ਤੇ ਬੱਧੀਆਂ ਨੋਕਦਾਰ ਪੋਚਵੀਆਂ ਪੱਗਾਂ ਇਸ ਦਾ ਪ੍ਰਤੱਖ ਸਬੂਤ ਹਨ)। ਇਸ ਦਾ ਵਿਰੋਧ ਅਜ਼ਾਦ ਭਾਰਤ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਿੱਛੋਂ ਬਹੁਤ ਹਾਨੀਕਾਰਕ ਸਾਬਤ ਹੋਇਆ ਹੈ, ਕਿਉਂਕਿ ਕਹੀ ਜਾਂਦੀ ਭਾਰਤ ਦੀ ਸੈਕੂਲਰ ਸਰਕਾਰ ਦਾ ਬਹੁਤ ਵੱਡਾ ਹਿੱਸਾ ਉਕਤ ਸ਼੍ਰੇਣੀ ਦੇ ਫ਼ਿਰਕੂਪੁਣੇ ਤੋਂ ਪ੍ਰਭਾਵਿਤ ਹੈ। ਪਰ ਅਜਿਹੇ ਵਧੇਰੇ ਹਾਨੀਕਾਰਕ ਪ੍ਰਭਾਵ ਉਹਨਾਂ ਸੁਸਾਇਟੀਆਂ ਦਾ ਹੈ, ਜੋ ਸਿੱਖ ਹੋਂਦ ਨੂੰ ਅੰਦਰੋਂ ਅੰਦਰ ਇਹ ਸਿੱਧ ਕਰਨ ਵਿੱਚ ਲੱਗੀਆਂ ਹੋਈਆਂ ਹਨ ਕਿ ਸਿੱਖ ਹਿੰਦੂ ਸਮਾਜ ਦਾ ਹੀ ਅਗਾਂਹਵਧੂ ਕੇਸਾਧਾਰੀ ਫ਼ਿਰਕਾ ਹੈ ਭਾਵ ਸਿੱਖ ਵੀ ਕੇਸਾਧਾਰੀ ਹਿੰਦੂ ਹੀ ਹਨ।
ਇਸ ਸਮੇਂ ਸਿੱਖ ਕੌਮ ਨੂੰ ਦੁਵੱਲੀ ਟੱਕਰ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਪਹਿਲੀ ਟੱਕਰ ਅਨਮਤ ਵਾਲ਼ਿਆਂ ਦੀ ਉਸ ਵੱਡੀ ਗਿਣਤੀ ਨਾਲ਼ ਹੈ ਜੋ ਸਿੱਖ ਦੀ ਸਰਬਸਾਂਝੀ ਵਿਚਾਰਧਾਰਾ ਅਤੇ ਸਿੱਖੀ ਸਰੂਪ ਨੂੰ ਓਪਰਾ ਜਾਣਦੀ ਹੈ ਅਤੇ ਇੱਕ ਮਜ਼੍ਹਬ, ਇੱਕ ਭਾਸ਼ਾ ਤੇ ਇੱਕ ਕੌਮੀਅਤ ਦਾ ਦੇਸ਼ ਬਣਾਉਣ ਦੀ ਇੱਛਾ ਹਰ ਦੂਜੇ ਅਨਸਰ ਨੂੰ ਕੁਚਲ ਦੇਣ ਦੀ ਚਾਹਵਾਨ ਹੈ। 
  ਪੀ.ਟੀ.ਸੀ. ਪੰਜਾਬੀ ਦੇ ਮਾਧਿਅਮ ਰਾਹੀਂ ਪੰਜਾਬੀ ਸੱਭਿਆਚਾਰ ਦੇ ਬੁਰਕੇ ਹੇਠ ਸਿੱਖ ਸੱਭਿਆਚਾਰ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਪੰਜਾਬੀ ਸੱਭਿਆਚਾਰ ਦਾ ਵੀ ਪੱਛਮੀਕਰਨ ਕਰ ਕੇ ਪੰਜਾਬ ਵਾਸੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜੋ ਹਥਿਆਰ ਅੱਜ ਦਾ ਸਿੱਖ ਵਿਰੋਧੀ ਅਨਸਰ ਸਿੱਖਾਂ ਦੇ ਖ਼ਿਲਾਫ਼ ਵਰਤ ਰਿਹਾ ਹੈ, ਉਹ ਵਰਤਮਾਨ ਕਾਲ ਦੇ ਜੰਗੀ ਸਾਧਨਾਂ ਦਾ ਉਹ ਹਥਿਆਰ ਹੈ, ਜਿਸ ਤੋਂ ਸਿੱਖੀ ਨੂੰ ਬਚਾਉਣਾ ਕਿਸੇ ਵਿਸ਼ੇਸ਼ ਯਤਨਾਂ ਤੋਂ ਬਿਨਾਂ ਸੰਭਵ ਨਹੀਂ ਹੈ। ਇਹ ਹਥਿਆਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਏ ਰਾਹੀਂ ਸਿੱਖੀ ਦਾ ਸਰੂਪ ਵਿਗਾੜ ਕੇ, ਬੜੇ ਮਿੱਠੇ ਤੇ ਮਨਭਾਉਣੇ ਤਰੀਕੇ ਨਾਲ ਸਿੱਖੀ ਦੀ ਵਿਲੱਖਣਤਾ ਖ਼ਤਮ ਕਰ ਰਿਹਾ ਹੈ। ਅਸੀਂ ਸਿੱਖ ਨੌਜਵਾਨ ਮੁੰਡੇ ਕੁੜੀਆਂ ਨੂੰ ਬੇਨਤੀ ਕਰਾਂਗੇ ਕਿ ਗਲੈਮਰ ਦੀ ਦੁਨੀਆਂ ਵਿੱਚੋਂ ਨਿਕਲ਼ ਕੇ ਸਿੱਖ ਸੱਭਿਆਚਾਰ ਅਪਣਾਓ ਅਤੇ ਸਾਦਾ ਤੇ ਸੁਖੀ ਜੀਵਨ ਜੀਊਣ ਲਈ ਆਪਣਾ ਮਾਣਮੱਤਾ ਸਿੱਖ ਇਤਿਹਾਸ ਪੜ੍ਹ ਕੇ ਗੁਰਮਤਿ ਦੇ ਧਾਰਨੀ ਹੋਵੋ। ਫੈਸ਼ਨ ਦੀ ਚਕਾਚੋਂਧ ਜ਼ਿਆਦਾ ਦੇਰ ਨਹੀਂ ਰਹਿੰਦੀ ਅਤੇ ਜੁਆਨੀ ਢਲ਼ਦਿਆਂ ਹੀ ਜ਼ਿੰਦਗੀ ਹਨੇਰਿਆਂ ਵਿੱਚ ਗੁਆਚ ਜਾਂਦੀ ਹੈ।
  ਸਾਡਾ ਇਹ ਲੇਖ ਲਿਖਣ ਤੋਂ ਭਾਵ ਮਨੋਰੰਜਨ ਦਾ ਵਿਰੋਧ ਕਰਨਾ ਨਹੀਂ ਹੈ ਕਿਉਂਕਿ ਮਨੋਰੰਜਨ ਪੰਜਾਬੀ ਵਿਰਸੇ ਦੀ ਪ੍ਰੰਪਰਾ ਰਹੀ ਹੈ। ਅਸੀਂ ਪੰਜਾਬੀ ਸੱਭਿਆਚਾਰ ਦਾ ਪੱਛਮੀ ਕਰਨ ਦੇ ਵਿਰੋਧ ਵਿੱਚ ਹਾਂ। ਪੀ.ਟੀ.ਸੀ. ਪੰਜਾਬੀ ਨੇ ਇਸ ਹੱਦ ਤਕ ਵਪਾਰੀਕਰਨ ਕਰ ਦਿੱਤਾ ਹੈ ਕਿ ਪੰਜਾਬ ਦੇ ਬਹੁਗਿਣਤੀ ਨੌਜਵਾਨ ਮੁੰਡੇ ਕੁੜੀਆਂ ਨੇ ਨੱਚ ਗਾ ਕੇ ਪੈਸੇ ਕਮਾਉਣ ਦਾ ਕਿੱਤਾ ਅਪਣਾ ਲਿਆ ਹੈ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਅਜੋਕੀ ਨੌਜਵਾਨ ਪੀੜ੍ਹੀ ਨੇ ਪੰਜਾਬੀ ਵਿਰਸੇ ਦੀਆਂ ਕਦਰਾਂ ਕੀਮਤਾਂ ਦੀ ਮਿੱਟੀ ਪਲੀਤ ਕੀਤੀ ਹੋਈ ਹੈ। ਕਿਸੇ ਗੀਤਕਾਰ ਜਾਂ ਗਾਇਕ ਦਾ ਕੋਈ ਗੀਤ ਲੋਕਾਂ ਨੂੰ ਪਸੰਦ ਆ ਜਾਂਦਾ ਹੈ ਤਾਂ ਪੀ.ਟੀ.ਸੀ. ਪੰਜਾਬੀ ਵਾਲ਼ੇ ਉਸ ਨੂੰ ਇਸ ਢੰਗ ਨਾਲ ਪੇਸ਼ ਕਰਦੇ ਹਨ ਕਿ ਕਈ ਸਿੱਖ ਨੌਜਵਾਨ ਜਮੀਨਾਂ ਵੇਚ ਕੇ ਅਤੇ ਕਰਜ਼ਾ ਲੈ ਕੇ ਗੀਤ ਰਿਕਾਰਡ ਕਰਨ ਅਤੇ ਗੀਤ ਦੀ ਵੀਡਿਓ ਬਣਾਉਣ ਲਈ ਉਮੜ ਪੈਂਦੇ ਹਨ। ਇਹਨਾਂ 'ਚੋਂ ਬਹੁਤ ਸਾਰੇ ਆਪਣੇ ਪੈਸੇ ਦਾ ਨੁਕਸਾਨ ਕਰਾ ਕੇ ਪੀ.ਟੀ.ਸੀ. ਪੰਜਾਬੀ ਵਾਲ਼ਿਆਂ ਦੀ ਜਾਨ ਨੂੰ ਰੋਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਨਿਰਾਸ਼ ਹੋ ਕੇ ਨੌਜਵਾਨ ਮੁੰਡੇ ਤਾਂ ਕਈ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਮੁਟਿਆਰਾਂ ਮਜ਼ਬੂਰੀ ਦੀ ਹਾਲਤ ਵਿੱਚ ਜਾਂ ਕਿਸੇ ਆਰਕੈਸਟਰਾ ਨਾਲ ਨੱਚ ਕੇ ਗੁਜ਼ਾਰਾ ਕਰਨ ਲੱਗ ਪਈਆਂ ਹਨ ਜਾਂ ਫਿਰ ਕੈਟਰਸ ਦੇ ਨਾਲ ਮਿਲ਼ ਕੇ ਵਿਆਹਾਂ ਮੌਕੇ ਮੈਰਿਜ ਪੈਲਸਾਂ ਵਿੱਚ ਸ਼ਰਾਬ ਵਰਤਾਉਣ ਦਾ ਕੰਮ ਕਰਨ ਲੱਗ ਪਈਆਂ ਹਨ।
  ਅੰਗਰੇਜ਼ੀ ਨਾਂ ਵਾਲ਼ੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਵਾਲ਼ੇ ਸਿੱਖ ਨੌਜਵਾਨ ਆਪਣੇ ਨਾਂਅ ਨਾਲ ਸਿੰਘ ਦੀ ਵਰਤੋਂ ਕਰਨ ਦੀ ਬਜਾਏ ਆਪਣੇ ਪਹਿਲੇ ਨਾਂ ਨਾਲ ਕੇਵਲ ਗੋਤ ਹੀ ਵਰਤਦੇ ਹਨ ਜਾਂ ਹੈਰੀ, ਗੈਰੀ, ਗਰੇਵਾਲ, ਬੋਬੀ ਡੇਵਿਡ, ਪੋਲ ਆਦਿ ਨਾਵਾਂ ਨਾਲ਼ ਜਾਣੇ ਜਾਂਦੇ ਹਨ। 
ਸਿੰਘ, ਸਿੱਖ ਕੌਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਆ ਹੋਇਆ ਨਾਂ ਹੈ ਅਤੇ ਡਿਸਕੋ ਅੰਗਰੇਜ਼ੀ ਨਾਚ ਦਾ ਨਾਂ ਹੈ। ਡਿਸਕੋ ਨਾਲ &lsquoਸਿੰਘ&rsquo ਸ਼ਬਦ ਜੋੜਨਾ, ਸਿੱਖ ਕੌਮ ਨਾਲ ਕੀਤਾ ਗਿਆ ਬੇਹੁਦਾ ਮਜ਼ਾਕ ਹੈ ਅਤੇ ਸਿੱਖ ਵਿਰੋਧੀ ਨੀਤੀ ਦਾ ਸੂਚਕ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਦੀ ਆੜ ਹੇਠ ਸਿੱਖ ਸਮਾਜ ਵਿਚੋਂ ਸਿੱਖ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਨਜ਼ਰ ਅੰਦਾਜ਼ ਕਰਕੇ, ਸਿੱਖ ਮਨਾਂ ਅੰਦਰ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਦੇ ਨਿਸ਼ਚੇ ਨੂੰ ਪੇਟਲਾ ਕਰਕੇ ਉਨ੍ਹਾਂ ਅੰਦਰੋਂ ਖਾਲਸਾਈ ਸਪਿਰਟ ਖਤਮ ਕੀਤੀ ਜਾ ਰਹੀ ਹੈ । ਪੰਥ ਦਰਦੀਆਂ ਨੂੰ ਅਜਿਹੀਆਂ ਸਾਜ਼ਿਸ਼ਾਂ ਦਾ ਨੋਟਿਸ ਲੈਣਾ ਚਾਹੀਦਾ ਹੈ। ਜਾਣੇ ਅਣਜਾਣੇ ਵਿੱਚ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਕੁਝ ਲਿਖਿਆ ਗਿਆ ਹੋਵੇ ਤਾਂ ਖ਼ਿਮਾ ਦਾ ਜਾਚਕ ਹਾਂ।
ਨੋਟ : ਉਪਰੋਕਤ ਲੇਖ 2020 ਵਿੱਚ ਲਿਖਿਆ ਗਿਆ ਸੀ ਅਤੇ ਇੰਗਲੈਂਡ ਤੋਂ ਛਪਦੇ ਪੰਜਾਬੀ ਪੇਪਰਾਂ ਵਿੱਚ ਛਪ ਚੁੱਕਾ ਹੈ।
ਨੋਟ : ਦਸ਼ਮੇਸ਼ ਪਿਤਾ ਵੱਲੋਂ ਸ਼ੂਦਰਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਸਰਦਾਰ ਬਣਾਉਣ ਵਾਲੀ 1699 ਦੀ ਵਿਸਾਖੀ ਦਾ ਗਿੱਧੇ-ਭੰਗੜੇ ਵਾਲ਼ੀ ਤਿਉਹਾਰੀ ਵਿਸਾਖੀ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਦਾ ਪੂਰਾ ਇਤਿਹਾਸ ਜਾਣਨ ਲਈ ਡਾਕਟਰ ਕਿਰਨਪ੍ਰੀਤ ਕੌਰ ਦੀ ਲਿਖੀ ਕਿਤਾਬ 1699 ਦੀ ਵਿਸਾਖੀ : ਇੱਕ ਅਲੌਕਿਕ ਸਫ਼ਰ, ਨਿਰਮਲ ਪੰਥ ਤੋਂ ਖ਼ਾਲਸਾ ਪੰਥ ਤਕ ਜ਼ਰੂਰ ਪੜ੍ਹੋ। ਇਹ ਕਿਤਾਬ ਲੜੀਵਾਰ &lsquoਪੰਜਾਬ ਟਾਈਮਜ਼&rsquo ਵਿੱਚ ਛਪ ਵੀ ਚੁੱਕੀ ਹੈ ਅਤੇ ਇਹ ਕਿਤਾਬ ਦਾਸ ਪਾਸੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
- ਜਥੇਦਾਰ ਮਹਿੰਦਰ ਸਿੰਘ ਯੂ.ਕੇ.
*  *  *  *  *