ਬੇਅਦਬੀ ਕਰਨ ਵਾਲੇ ਦੀ ਥਾਂ ਸਾਂਭ-ਸੰਭਾਲ ਕਰਨ ਵਾਲੇ ਨੂੰ ਦੋਸ਼ੀ ਬਣਾਉਣਾ ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ

ਆਪ ਸਰਕਾਰ ਵੱਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਦੀਆਂ ਕੁਝ ਇਤਰਾਜ਼ਯੋਗ ਮੱਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 31 ਮਈ ਨੂੰ ਇੱਕ ਵੱਡਾ ਪੰਥਕ ਇਕੱਠ ਸੱਦਿਆ ਗਿਆ ਹੈ, ਜੋ ਕਿ ਗੁਰਦੁਆਰਾ ਬਾਬਾ ਬਕਾਲਾ ਵਿਖੇ ਹੋਵੇਗਾ। ਇਸ ਦਾ ਖੁਲਾਸਾ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਉਹਨਾਂ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ। ਮੀਡੀਆ ਨੂੰ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਆਪ ਸਰਕਾਰ ਵੱਲੋਂ ਬਣਾਏ ਗਏ ਸੋਧ ਐਕਟ ਦੇ ਵਿੱਚ ਕੁਝ ਮੱਦਾਂ &rsquoਤੇ ਸਖਤ ਇਤਰਾਜ਼ ਹੈ। ਜਿਨ੍ਹਾਂ ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਮਾਮਲੇ ਨੂੰ ਲੈ ਕੇ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਸਮੁੱਚੇ ਵੇਰਵੇ ਜਨਤਕ ਕਰਨ ਲਈ ਆਖਿਆ ਗਿਆ ਹੈ ਅਤੇ ਦੂਜਾ ਕਸਟੋਡੀਅਨ ਨਾਲ ਸਬੰਧਿਤ ਮਦ ਹੈ। ਉਹਨਾਂ ਆਖਿਆ ਕਿ 2020 ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਅਤੇ ਇਸ ਨੂੰ ਸੰਗਤ ਤੱਕ ਭੇਜਣ ਦੇ ਸਮੁੱਚੇ ਵੇਰਵੇ ਰੱਖੇ ਗਏ ਹਨ। ਇਸ ਦਾ ਸਮੁੱਚਾ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਪਰ ਹੁਣ ਸਰਕਾਰ ਵੱਲੋਂ ਇਸ ਨੂੰ ਜਨਤਕ ਕਰਨ ਲਈ ਆਖਿਆ ਗਿਆ ਹੈ। ਜਿਸ ਤੇ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤਾ ਗਿਆ। ਉਹਨਾਂ ਆਖਿਆ ਕਿ ਕਸਟੋਡੀਅਨ ਸਬੰਧੀ ਮੱਧਵੀ ਸਖਤ ਇਤਰਾਜ਼ਯੋਗ ਹੈ, ਜਿਸ ਵਿੱਚ ਬੇਅਦਬੀ ਕਰਨ ਵਾਲੇ ਨੂੰ ਇੱਕ ਪਾਸੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸਾਂਭ ਸੰਭਾਲ ਕਰਨ ਵਾਲੇ ਨੂੰ ਦੋਸ਼ੀ ਦੀ ਕਤਾਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦੇਣ ਦੇ ਮਾਮਲੇ ਵਿੱਚ ਕਾਨੂੰਨ ਸਬੰਧੀ ਕੋਈ ਇਤਰਾਜ਼ ਨਹੀਂ ਹੈ। ਪਰ ਬਾਕੀ ਇਹਨਾਂ ਮੱਦਾਂ &rsquoਤੇ ਸਖਤ ਇਤਰਾਜ਼ ਹੈ।