ਸਾਂ ਡੀਏਗੋ ਦੀ ਮਸਜਿਦ ’ਚ ਗੋਲੀਬਾਰੀ, ਤਿੰਨ ਮੌਤਾਂ

ਅਮਰੀਕਾ ਦੇ ਸਾਂ ਡੀਏਗੋ ਵਿੱਚ ਸੋਮਵਾਰ ਨੂੰ ਮਸਜਿਦ &rsquoਚ ਦੋ ਨਾਬਾਲਗ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸਾਂ ਡੀਏਗੋ ਪੁਲੀਸ ਮੁਖੀ ਸਕੌਟ ਵਾਹਲ ਅਨੁਸਾਰ ਇਸਲਾਮਿਕ ਸੈਂਟਰ ਵਿੱਚ ਹੋਏ ਇਸ ਹਮਲੇ ਨੂੰ ਨਫ਼ਰਤੀ ਅਪਰਾਧ ਵਜੋਂ ਦੇਖਿਆ ਜਾ ਰਿਹਾ ਹੈ। ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਦੂਰ ਜਾ ਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮਰਨ ਵਾਲਿਆਂ ਵਿੱਚ ਮਸਜਿਦ ਦਾ ਸੁਰੱਖਿਆ ਗਾਰਡ ਵੀ ਸ਼ਾਮਲ ਹੈ, ਜਿਸ ਨੇ ਮੁਸਤੈਦੀ ਦਿਖਾਉਂਦਿਆਂ ਸਥਿਤੀ ਜ਼ਿਆਦਾ ਵਿਗੜਨ ਤੋਂ ਰੋਕੀ ਅਤੇ ਕਈ ਲੋਕਾਂ ਦੀ ਜਾਨ ਬਚਾਈ। ਸੂਚਨਾ ਮਿਲਣ ਦੇ ਚਾਰ ਮਿੰਟਾਂ ਦੇ ਅੰਦਰ ਹੀ ਪੁਲੀਸ ਮੌਕੇ &rsquoਤੇ ਪਹੁੰਚ ਗਈ ਅਤੇ ਨੇੜੇ ਖੜ੍ਹੀ ਗੱਡੀ &rsquoਚੋਂ ਦੋਵਾਂ ਹਮਲਾਵਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪੁਲੀਸ ਨੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸਲਾਮਿਕ ਸੈਂਟਰ ਇਲਾਕੇ ਦੀ ਸਭ ਤੋਂ ਵੱਡੀ ਮਸਜਿਦ ਹੈ, ਜਿੱਥੇ ਬੱਚਿਆਂ ਲਈ ਅਲ ਰਸ਼ੀਦ ਸਕੂਲ ਵੀ ਚੱਲਦਾ ਹੈ। ਪੁਲੀਸ ਨੇ ਸਾਫ਼ ਕੀਤਾ ਕਿ ਸਕੂਲ ਦੇ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਨੂੰ ਬਹੁਤ ਹੀ ਭਿਆਨਕ ਸਥਿਤੀ ਕਰਾਰ ਦਿੱਤਾ ਹੈ। ਮਸਜਿਦ ਦੇ ਨਿਰਦੇਸ਼ਕ ਇਮਾਮ ਤਾਹਾ ਹਸਨ ਨੇ ਘਟਨਾ ਨੂੰ ਅਤਿ ਨਿੰਦਣਯੋਗ ਦੱਸਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਅਮਰੀਕਨ-ਇਸਲਾਮਿਕ ਰਿਲੇਸ਼ਨਜ਼ ਕੌਂਸਲ ਅਤੇ ਗਵਰਨਰ ਗੈਵਿਨ ਨਿਊਜ਼ਮ ਦੇ ਦਫ਼ਤਰ ਨੇ ਵੀ ਇਸ ਹਿੰਸਕ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਹੈ।