ਅਮਰੀਕੀ ਸੰਸਦ ਵਿੱਚ ਈਰਾਨ ਜੰਗ ਰੋਕਣ ਸਬੰਧੀ ਪ੍ਰਸਤਾਵ ਪਾਸ

ਵਾਸਿ਼ੰਗਟਨ- ਅਮਰੀਕਾ ਦੀ ਸੰਸਦ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸੈਨਿਕ ਸ਼ਕਤੀਆਂ ਨੂੰ ਸੀਮਿਤ ਕਰਨ ਵਾਲਾ ਇੱਕ ਮਹੱਤਵਪੂਰਨ ਪ੍ਰਸਤਾਵ ਪਾਸ ਹੋ ਗਿਆ ਹੈ। ਇਸ ਪ੍ਰਸਤਾਵ ਦਾ ਮਕਸਦ ਈਰਾਨ ਖਿਲਾਫ਼ ਕਿਸੇ ਵੀ ਲੰਬੀ ਸੈਨਿਕ ਕਾਰਵਾਈ ਲਈ ਕਾਂਗਰਸ (ਸੰਸਦ) ਦੀ ਮਨਜ਼ੂਰੀ ਲਾਜ਼ਮੀ ਬਣਾਉਣਾ ਹੈ। ਵੋਟਿੰਗ ਦੌਰਾਨ ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਚਾਰ ਸੰਸਦ ਮੈਂਬਰਾਂ ਨੇ ਵੀ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦਿੱਤਾ, ਜਦਕਿ ਤਿੰਨ ਰਿਪਬਲਿਕਨ ਮੈਂਬਰ ਵੋਟਿੰਗ ਵਿੱਚ ਸ਼ਾਮਿਲ ਨਹੀਂ ਹੋਏ।
ਇਹ ਪ੍ਰਸਤਾਵ 50 ਦੇ ਮੁਕਾਬਲੇ 47 ਵੋਟਾਂ ਨਾਲ ਪਾਸ ਹੋਇਆ ਹੈ। ਹਾਲਾਂਕਿ ਇਸ ਨੂੰ ਕਾਨੂੰਨ ਬਣਨ ਲਈ ਹਾਲੇ ਕਈ ਹੋਰ ਪੜਾਵਾਂ ਵਿੱਚੋਂ ਲੰਘਣਾ ਪਵੇਗਾ। ਸਭ ਤੋਂ ਪਹਿਲਾਂ ਇਸ &rsquoਤੇ ਸੀਨੇਟ ਵਿੱਚ ਅੰਤਿਮ ਵੋਟਿੰਗ ਹੋਵੇਗੀ ਅਤੇ ਫਿਰ ਰਿਪਬਲਿਕਨ ਬਹੁਮਤ ਵਾਲੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੀ ਮਨਜ਼ੂਰੀ ਲੈਣੀ ਪਵੇਗੀ। ਇਸ ਤੋਂ ਬਾਅਦ ਵੀ ਰਾਸ਼ਟਰਪਤੀ ਟਰੰਪ ਕੋਲ ਇਸ ਪ੍ਰਸਤਾਵ ਨੂੰ ਵੀਟੋ ਕਰਨ ਦਾ ਅਧਿਕਾਰ ਮੌਜੂਦ ਹੈ। ਜੇਕਰ ਟਰੰਪ ਵੀਟੋ ਕਰਦੇ ਹਨ ਤਾਂ ਉਸ ਨੂੰ ਰੱਦ ਕਰਨ ਲਈ ਦੋਨਾਂ ਸਦਨਾਂ ਵਿੱਚ ਦੋ-ਤਿਹਾਈ ਬਹੁਮਤ ਦੀ ਲੋੜ ਪਵੇਗੀ, ਜੋ ਮੌਜੂਦਾ ਹਾਲਾਤਾਂ ਵਿੱਚ ਮੁਸ਼ਕਿਲ ਮੰਨੀ ਜਾ ਰਹੀ ਹੈ।
ਇਸ ਪ੍ਰਸਤਾਵ ਨੂੰ ਵਿਰੋਧੀ ਧਿਰ ਲਈ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਡੈਮੋਕ੍ਰੈਟਿਕ ਸੀਨੇਟਰ ਟਿਮ ਕੇਨ ਨੇ ਕਿਹਾ ਕਿ ਜੰਗ ਸ਼ੁਰੂ ਕਰਨ ਜਾਂ ਫੌਜ ਭੇਜਣ ਦਾ ਅਧਿਕਾਰ ਸਿਰਫ਼ ਰਾਸ਼ਟਰਪਤੀ ਨਹੀਂ, ਸਗੋਂ ਸੰਸਦ ਕੋਲ ਹੋਣਾ ਚਾਹੀਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਜੰਗਬੰਦੀ ਬਾਰੇ ਚਰਚਾ ਚੱਲ ਰਹੀ ਹੈ ਤਾਂ ਟਰੰਪ ਸਰਕਾਰ ਨੂੰ ਆਪਣੀ ਰਣਨੀਤੀ ਸੰਸਦ ਸਾਹਮਣੇ ਸਪੱਸ਼ਟ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਵ੍ਹਾਈਟ ਹਾਊਸ ਦਫ਼ਤਰ ਦਾ ਕਹਿਣਾ ਹੈ ਕਿ ਟਰੰਪ ਨੇ ਅਮਰੀਕੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸੰਵਿਧਾਨਕ ਅਧਿਕਾਰਾਂ ਅਧੀਨ ਕਾਰਵਾਈ ਕੀਤੀ ਹੈ। ਅਮਰੀਕੀ ਕਾਨੂੰਨ ਅਨੁਸਾਰ ਕੋਈ ਵੀ ਰਾਸ਼ਟਰਪਤੀ ਬਿਨ੍ਹਾਂ ਸੰਸਦ ਦੀ ਮਨਜ਼ੂਰੀ ਦੇ ਕੇਵਲ 60 ਦਿਨਾਂ ਤੱਕ ਹੀ ਸੈਨਿਕ ਕਾਰਵਾਈ ਜਾਰੀ ਰੱਖ ਸਕਦਾ ਹੈ।