ਕੈਨੇਡੀਅਨ ਨਾਗਰਿਕ ’ਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਵੋਟਿੰਗ ਦੇ ਦੋਸ਼, ਜੂਨ ’ਚ ਹੋਵੇਗੀ ਅਦਾਲਤੀ ਪੇਸ਼ੀ

ਬੋਸਟਨ: ਅਮਰੀਕਾ ਵਿੱਚ ਕਈ ਦਹਾਕਿਆਂ ਤੋਂ ਰਹਿ ਰਹੇ ਇੱਕ ਕੈਨੇਡੀਅਨ ਨਾਗਰਿਕ &rsquoਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵੋਟ ਪਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ 40 ਸਾਲਾ ਵਿਅਕਤੀ ਖਿਲਾਫ਼ ਦੋ ਵੱਖ-ਵੱਖ ਦੋਸ਼ ਲਗਾਏ ਗਏ ਹਨ।
ਅਮਰੀਕੀ ਅਟਾਰਨੀ ਦਫ਼ਤਰ ਅਨੁਸਾਰ ਪਹਿਲਾ ਦੋਸ਼ ਇਹ ਹੈ ਕਿ ਉਸ ਨੇ ਵਿਦੇਸ਼ੀ ਨਾਗਰਿਕ ਹੋਣ ਦੇ ਬਾਵਜੂਦ ਅਮਰੀਕੀ ਚੋਣਾਂ ਵਿੱਚ ਵੋਟ ਪਾਈ, ਜਦਕਿ ਦੂਜਾ ਦੋਸ਼ ਜਾਣਬੁੱਝ ਕੇ ਧੋਖਾਧੜੀ ਵਾਲੀ ਵੋਟ ਪਾਉਣ ਨਾਲ ਸਬੰਧਤ ਹੈ।
ਸਰਕਾਰੀ ਵਕੀਲਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਿਅਕਤੀ ਫਰਵਰੀ 1987 ਵਿੱਚ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਬਣਿਆ ਸੀ ਅਤੇ ਬੋਸਟਨ ਦੇ ਉੱਤਰ ਵਿੱਚ ਸਥਿਤ ਸੌਗਸ ਸ਼ਹਿਰ ਵਿੱਚ ਰਹਿ ਰਿਹਾ ਸੀ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਉਸ ਨੇ ਸਰਕਾਰੀ ਰਜਿਸਟ੍ਰੇਸ਼ਨ ਫਾਰਮਾਂ ਵਿੱਚ ਆਪਣੇ ਆਪ ਨੂੰ ਅਮਰੀਕੀ ਨਾਗਰਿਕ ਦਰਸਾਇਆ ਸੀ। ਇਨ੍ਹਾਂ ਹੀ ਜਾਣਕਾਰੀਆਂ ਦੇ ਆਧਾਰ &rsquoਤੇ ਉਸ ਨੇ ਕਈ ਫੈਡਰਲ ਚੋਣਾਂ ਵਿੱਚ ਵੋਟ ਪਾਈ।
ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਇੱਕ ਤੋਂ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ 1 ਲੱਖ ਡਾਲਰ ਤੋਂ 2 ਲੱਖ 50 ਹਜ਼ਾਰ ਡਾਲਰ ਤੱਕ ਜੁਰਮਾਨਾ ਵੀ ਲੱਗ ਸਕਦਾ ਹੈ।
ਮੁਲਜ਼ਮ ਦੀ ਅਗਲੀ ਅਦਾਲਤੀ ਪੇਸ਼ੀ ਜੂਨ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ।