ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ’ਚ ਕੈਨੇਡਾ ਨਾਲ ਰਹਿਣਾ ਹੈ ਜਾਂ ਵੱਖ ਹੋਣਾ, ਲੋਕ ਦੇਣਗੇ ਜਵਾਬ

ਕੈਨੇਡਾ ਦੇ ਸੂਬੇ ਅਲਬਰਟਾ ਦੇ ਭਵਿੱਖ ਦਾ ਫ਼ੈਸਲਾ ਅਕਤੂਬਰ ਵਿੱਚ ਹੋਣ ਵਾਲੀ ਚੋਣ ਮੌਕੇ ਹੋਵੇਗਾ ਕਿ ਉੱਥੋਂ ਦੇ ਲੋਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰੇ ਹੋਣਾ ਉਨ੍ਹਾਂ ਦੀ ਪਸੰਦ ਹੈ। ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਦਾ ਕਹਿਣਾ ਹੈ ਕਿ 19 ਅਕਤੂਬਰ ਨੂੰ ਹੋਣ ਵਾਲੇ ਸੂਬਾਈ ਜਨਮਤ (ਰੈਫਰੈਂਡਮ) ਮੌਕੇ ਉਸ ਵਿੱਚ ਇਹ ਸਵਾਲ ਜੋੜਿਆ ਜਾਵੇਗਾ ਕਿ ਉੱਥੋਂ ਦੇ ਨਿਵਾਸੀ ਸਦਾ ਲਈ ਕੈਨੇਡਿਆਈ ਰਹਿਣਾ ਚਾਹੁੰਦੇ ਹਨ ਜਾਂ ਫਿਰ ਅਲਬਰਟਾ ਨੂੰ ਇੱਕ ਵੱਖਰਾ ਪ੍ਰਭੂਸੱਤਾ ਸੰਪੰਨ ਦੇਸ਼ ਬਣਾਉਣ ਦੇ ਹਾਮੀ ਹਨ।
ਬੀਤੀ ਸ਼ਾਮ ਟੈਲੀਵਿਜ਼ਨ ਸੰਬੋਧਨ ਵਿੱਚ ਡੈਨੀਅਲ ਸਮਿੱਥ ਨੇ ਆਖਿਆ ਕਿ ਬੇਸ਼ੱਕ ਉਹ ਖ਼ੁਦ ਅਲਬਰਟਾ ਨੂੰ ਕੈਨੇਡਾ ਦੇ ਸੂਬੇ ਵਜੋਂ ਬਣਾਏ ਰੱਖਣ ਦੀ ਹਾਮੀ ਹੈ, ਪਰ ਇਸ ਦੇ ਨਾਲ ਹੀ ਉੱਭਰਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਉਹ ਲੋਕਾਂ ਦੇ ਬਹੁਮਤ ਨਾਲ ਰਹਿਣਾ ਪਸੰਦ ਕਰੇਗੀ। ਉਨ੍ਹਾਂ ਨੇ ਆਪਣੀ ਗੱਲ ਸਪਸ਼ਟ ਕਰਦਿਆਂ ਕਿਹਾ ਕਿ ਕੈਨੇਡਾ ਦਾ ਸੰਵਿਧਾਨ ਬਹੁਮਤ ਲੋਕਾਂ ਦੀ ਪਸੰਦ ਦੀ ਹਾਮੀ ਭਰਦਾ ਹੈ।