ਵਿਆਹ ਵਰਗਾ ਛੋਟਾ ਰਸਤਾ ਅਖ਼ਤਿਆਰ ਕਰ ਕੇ ਕੈਨੇਡਾ ’ਚ ਨਹੀਂ ਵਸ ਸਕਣਗੇ ਜੋੜੇ

ਔਟਵਾ : ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਅਤੇ ਪੀ.ਆਰ. ਹਾਸਲ ਕਰਨ ਲਈ ਵਿਆਹ ਨੂੰ ਸ਼ਾਰਟਕੱਟ ਵਜੋਂ ਵਰਤਣ ਵਾਲੇ ਲੋਕਾਂ ਵਿਰੁਧ ਕੈਨੇਡਾ ਸਰਕਾਰ ਨੇ ਸ਼ਿਕੰਜਾ ਕੱਸ ਦਿਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਊਜੀਜ਼ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਇਕ ਵਿਸ਼ੇਸ਼ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਸਿਰਫ਼ ਕੈਨੇਡਾ &rsquoਚ ਦਾਖ਼ਲ ਹੋਣ ਜਾਂ ਉੱਥੋਂ ਦੀ ਨਾਗਰਿਕਤਾ ਲੈਣ ਦੇ ਮਕਸਦ ਨਾਲ ਕੀਤੇ ਗਏ ਫ਼ਰਜ਼ੀ ਵਿਆਹਾਂ (ਕੰਟਰੈਕਟ ਮੈਰਿਜ) ਨੂੰ &lsquoਸਹੂਲਤ ਦਾ ਰਿਸ਼ਤਾ&rsquo ਮੰਨਿਆ ਜਾਵੇਗਾ, ਜੋ ਕਿ ਇਕ ਗੰਭੀਰ ਕਾਨੂੰਨੀ ਅਪਰਾਧ ਹੈ। ਅਜਿਹਾ ਕਰਨ ਵਾਲੇ ਸਪਾਂਸਰ ਅਤੇ ਬਿਨੈਕਾਰ ਦੋਵਾਂ ਨੂੰ ਭਾਰੀ ਨਤੀਜੇ ਭੁਗਤਣੇ ਪੈਣਗੇ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੇਕਰ ਕੋਈ ਵਿਦੇਸ਼ੀ ਨਾਗਰਿਕ ਕੈਨੇਡੀਅਨ ਨਾਗਰਿਕ ਜਾਂ ਉੱਥੋਂ ਦੇ ਸਥਾਈ ਨਿਵਾਸੀ ਨਾਲ ਸਿਰਫ਼ ਵੀਜ਼ਾ ਲੈਣ ਲਈ ਵਿਆਹ ਕਰਦਾ ਹੈ ਤਾਂ ਉਸ ਦਾ ਵੀਜ਼ਾ ਤੁਰਤ ਰੱਦ ਕਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਉਸ ਵਿਅਕਤੀ &rsquoਤੇ ਕੈਨੇਡਾ ਆਉਣ ਲਈ 5 ਸਾਲਾਂ ਦੀ ਪਾਬੰਦੀ ਲਗਾ ਦਿਤੀ ਜਾਵੇਗੀ। ਇਹ ਧੋਖਾਧੜੀ ਬਿਨੈਕਾਰ ਦੇ ਸਥਾਈ ਇਮੀਗ੍ਰੇਸ਼ਨ ਰਿਕਾਰਡ ਵਿਚ ਦਰਜ ਹੋ ਜਾਵੇਗੀ, ਜਿਸ ਕਾਰਨ ਭਵਿੱਖ ਵਿਚ ਉਸ ਨੂੰ ਕਿਸੇ ਵੀ ਦੇਸ਼ ਦਾ ਵੀਜ਼ਾ ਮਿਲਣਾ ਮੁਸ਼ਲਿ ਹੋ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ &rsquoਚ ਰਹਿ ਰਹੇ ਉਨ੍ਹਾਂ ਲੋਕਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਗਈ ਹੈ ਜੋ ਪੈਸੇ ਦੇ ਲਾਲਚ ਜਾਂ ਕਿਸੇ ਦਬਾਅ ਹੇਠ ਆ ਕੇ ਅਜਿਹੇ ਫ਼ਰਜ਼ੀ ਵਿਆਹਾਂ ਲਈ ਹਾਮੀ ਭਰਦੇ ਹਨ। ਕੈਨੇਡੀਅਨ ਕਾਨੂੰਨ ਮੁਤਾਬਕ ਵਿਆਹ ਟੁੱਟਣ ਜਾਂ ਰਿਸ਼ਤਾ ਖ਼ਤਮ ਹੋਣ ਦੇ ਬਾਵਜੂਦ, ਸਪਾਂਸਰ ਕਰਨ ਵਾਲੇ ਵਿਅਕਤੀ ਨੂੰ 3 ਸਾਲਾਂ ਤਕ ਆਪਣੇ ਸਾਥੀ ਦਾ ਸਾਰਾ ਵਿੱਤੀ ਖ਼ਰਚਾ ਚੁੱਕਣਾ ਪਵੇਗਾ। ਜੇਕਰ ਸਪਾਂਸਰ ਕੀਤਾ ਸਾਥੀ ਕੈਨੇਡਾ ਆ ਕੇ ਸਰਕਾਰੀ ਵੈਲਫ਼ੇਅਰ ਲੈਂਦਾ ਹੈ ਤਾਂ ਉਹ ਸਾਰਾ ਪੈਸਾ ਸਰਕਾਰ ਸਪਾਂਸਰ ਕੋਲੋਂ ਵਸੂਲ ਕਰੇਗੀ।
ਜਦੋਂ ਤਕ ਇਹ ਕਰਜ਼ਾ ਨਹੀਂ ਉਤਾਰਿਆ ਜਾਂਦਾ, ਸਪਾਂਸਰ ਕਿਸੇ ਹੋਰ ਨੂੰ ਕੈਨੇਡਾ ਨਹੀਂ ਬੁਲਾ ਸਕੇਗਾ। ਪੈਸੇ ਲੈ ਕੇ ਵਿਆਹ ਕਰਵਾਉਣ ਵਾਲੇ ਕੈਨੇਡੀਅਨ ਨਾਗਰਿਕਾਂ &rsquoਤੇ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਜੇਲ ਵੀ ਹੋ ਸਕਦੀ ਹੈ। ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਫ਼ਰਜ਼ੀ ਰਿਸ਼ਤਿਆਂ ਨੂੰ ਪਛਾਣਨ ਲਈ ਖ਼ਾਸ ਟਰੇਨਿੰਗ ਹਾਸਲ ਕਰਦੇ ਹਨ। ਵੀਜ਼ਾ ਪ੍ਰਕਿਰਿਆ ਦੌਰਾਨ ਦਸਤਾਵੇਜ਼ਾਂ, ਵਿਆਹ ਦੀਆਂ ਤਸਵੀਰਾਂ, ਚੈਟ ਹਿਸਟਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਦੋਵਾਂ ਧਿਰਾਂ ਦੀਆਂ ਵੱਖੋ-ਵਖਰੀਆਂ ਸਖ਼ਤ ਇੰਟਰਵਿਊਜ਼ ਲਈਆਂ ਜਾਂਦੀਆਂ ਹਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਸਖ਼ਤ ਕਾਨੂੰਨ ਵਿਚਾਲੇ ਸਰਕਾਰ ਨੇ ਇਕ ਮਨੁੱਖੀ ਪਹਿਲੂ ਵੀ ਸਾਂਝਾ ਕੀਤਾ ਹੈ।
ਜੇਕਰ ਕੋਈ ਵਿਅਕਤੀ ਅਸਲ ਵਿਆਹ ਰਾਹੀਂ ਕੈਨੇਡਾ ਆਇਆ ਹੈ ਪਰ ਉਸ ਦਾ ਕੈਨੇਡੀਅਨ ਸਾਥੀ ਉਸ ਨਾਲ ਕੁੱਟਮਾਰ ਜਾਂ ਮਾਨਸਿਕ ਤਸ਼ੱਦਦ ਕਰਦਾ ਹੈ ਤਾਂ ਪੀੜਤ ਨੂੰ ਅਪਣੀ ਪੀ.ਆਰ. ਬਚਾਉਣ ਲਈ ਉਸ ਹਿੰਸਕ ਰਿਸ਼ਤੇ ਵਿਚ ਰਹਿਣ ਦੀ ਕੋਈ ਮਜਬੂਰੀ ਨਹੀਂ ਹੈ। ਅਜਿਹੇ ਪੀੜਤਾਂ ਦੀ ਮਦਦ ਲਈ ਕੈਨੇਡਾ ਵਿਚ ਵਿਸ਼ੇਸ਼ ਸੁਰੱਖਿਆ ਕਾਨੂੰਨ ਮੌਜੂਦ ਹਨ। ਕੈਨੇਡਾ ਸਰਕਾਰ ਦੀ ਇਸ ਚਿਤਾਵਨੀ ਤੋਂ ਸਾਫ਼ ਹੈ ਕਿ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ &lsquoਕਾਂਟਰੈਕਟ ਮੈਰਿਜ&rsquo ਜਾਂ ਫ਼ਰਜ਼ੀ ਵਿਆਹਾਂ ਦੇ ਸ਼ਾਰਟਕੱਟਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਕ ਗਲਤ ਕਦਮ ਸੁਪਨਿਆਂ ਦੇ ਦੇਸ਼ ਦੇ ਬੂਹੇ ਹਮੇਸ਼ਾ ਲਈ ਬੰਦ ਕਰ ਸਕਦਾ ਹੈ।