ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੜਕ ਹਾਦਸੇ ਵਿਚ 25 ਸਾਲਾ ਇਕ ਭਾਰਤੀ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਖਬਰ ਹੈ ਜਦ ਕਿ 6 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਹ ਹਾਦਸਾ ਦੇਰ ਰਾਤ ਲੇਕ ਕਾਊਂਟੀ, ਇੰਡਿਆਨਾ ਵਿੱਚ ਕਰਾਊਨ ਪੋਆਇੰਟ ਨੇੜੇ ਇੰਟਰਸਟੇਟ 65 ਦੇ ਨਾਲ ਵਾਪਰਿਆ। ਅਧਿਕਾਰੀਆਂ ਨੇ ਮ੍ਰਿਤਕ ਭਾਰਤੀ ਵਿਦਿਆਰਥਣ ਦੀ ਪਛਾਣ ਗਦੂਸੂ ਵਜੋਂ ਕੀਤੀ ਹੈ। ਜਾਂਚਕਾਰਾਂ ਅਨੁਸਾਰ ਲਾਲ ਰੰਗ ਦੀ ਇਕ ਮਿੰਨੀ ਵੈਨ ਵਿੱਚ 7 ਬਾਲਗ ਸਫਰ ਕਰ ਰਹੇ ਸਨ ਤੇ ਜਿਸ ਸਮੇ ਹਾਦਸਾ ਵਾਪਰਿਆ ਵੈਨ 10-15 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਹੁਤ ਹੌਲੀ ਚੱਲ ਰਹੀ ਸੀ। ਪਿਛੇ ਤੋਂ ਇਕ ਤੇਜ ਰਫਤਾਰ ਕਾਰ ਵੈਨ ਦੇ ਖੱਬੇ ਪਾਸੇ ਵੱਜੀ ਜਿਸ ਦੇ ਸਿੱਟੇ ਵਜੋਂ ਵੈਨ ਇਕ ਖੱਡ ਵਿੱਚ ਜਾ ਡਿੱਗੀ। ਜਾਂਚਕਾਰਾਂ ਅਨੁਸਾਰ ਮਿੰਨੀਵੈਨ ਦੀਆਂ ਕੇਵਲ ਦੋ ਹੀ ਸੀਟਾਂ ਸਨ ਤੇ ਬਾਕੀ 5 ਜਣੇ ਅੰਬਾਂ ਦੇ ਡੱਬਿਆਂ ਉਪਰ ਬੈਠੇ ਸਨ ।