ਭਾਰਤ-ਅਮਰੀਕਾ ਸਬੰਧ ਅਹਿਮ ਮੋੜ ਤੇ-ਅਮਰੀਕਨ ਸਾਂਸੰਦ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੀਨੀਅਰ ਅਮਰੀਕੀ ਸੰਸਦ ਮੈਂਬਰਾਂ, ਕੂਟਨੀਤਿਕਾਂ ਤੇ ਨੀਤੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ-ਅਮਰੀਕਾ ਸਬੰਧ ਅਹਿਮ ਮੋੜ  ਤੇ ਹਨ ਤੇ ਉਹ ਦੋਨਾਂ ਦੇਸ਼ਾਂ ਵਿਚਾਲੇ ਰਖਿਆ, ਤਕਨੀਕ ਤੇ ਆਰਥਕ ਖੇਤਰ ਵਿੱਚ ਮਜਬੂਤ ਸਬੰਧਾਂ ਦਾ ਸਮਰਥਨ ਕਰਦੇ ਹਨ। ਯੂ ਐਸ-ਇੰਡਿਆ ਫਰੈਂਡਸ਼ਿੱਪ ਕੌਂਸਲ ਦੁਆਰਾ ਅਯੋਜਿਤ ਸਲਾਨਾ ਕੈਪੀਟਲ ਹਿੱਲ ਸੰਮੇਲਣ ਵਿਚ ਬੋਲਦਿਆਂ ਆਗੂਆਂ ਨੇ ਵਪਾਰ ਖੇਤਰ ਵਿੱਚ ਤਨਾਅ, ਵੀਜਾ ਪਾਬੰਦੀਆਂ ਤੇ ਰਣਨੀਤਿਕ ਬੇਯਕੀਨੀ ਉਪਰ ਚਿੰਤਾ ਪ੍ਰਗਟ ਕਰਦਿਆਂ ਜੋਰ ਦਿੱਤਾ ਕਿ ਦੁਪਾਸੜ ਸਬੰਧਾਂ ਬਾਰੇ ਭਵਿੱਖੀ ਰਣਨੀਤੀ ਨਿਗਰ ਹੋਣੀ ਚਾਹੀਦੀ ਹੈ। ਰਿਪਬਲੀਕਨ ਸੈਨੇਟਰ ਸਟੀਵ ਡੇਨਸ ਜੋ ਸੈਨਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਤੇ ਵਿੱਤੀ ਕਮੇਟੀ ਦਾ ਮੈਂਬਰ ਹੈ, ਨੇ ਕਿਹਾ ਕਿ ਭਾਰਤ , ਅਮਰੀਕਾ ਦਾ ਸਭ ਤੋਂ ਵਧ ਮਹੱਤਵਪੂਰਨ ਭੂ-ਰਾਜਨੀਤਿਕ ਭਾਈਵਾਲ ਹੈ ਤੇ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ਵਿੱਚ ਭਰੋਸੇ ਦੀ ਲੋੜ ਹੈ। ਉਨਾਂ ਨੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ਲਟਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਦਿੱਲਾਂ ਵਿੱਚ ਭਰੋਸਾ ਹੁੰਦਾ ਹੈ ਤਾਂ ਸਭ ਕੁਝ ਚੰਗਾ ਵਾਪਰਦਾ ਹੈ ਤੇ ਜਦੋਂ ਦਿੱਲਾਂ ਵਿੱਚ ਭਰੋਸਾ ਨਹੀਂ ਹੁੰਦਾ ਤਾਂ ਅਜਿਹਾ ਨਹੀਂ ਹੁੰਦਾ। ਕਾਂਗਰਸ ਮੈਂਬਰ ਆਰ ਓ ਖੰਨਾ ਨੇ ਕਿਹਾ ਕਿ ਭਾਈਵਾਲੀ ਸੀਮਿਤ ਭੂ-ਰਾਜਸੀ ਹਿੱਤਾਂ ਦੀ ਬਜਾਏ ਲੋਕਤੰਤਰ ਕਦਰਾਂ -ਕੀਮਤਾਂ ਵਿਚ ਹੋਣੀ ਚਾਹੀਦੀ ਹੈ। ਡੈਮੋਕਰੈਟਿਕ ਕਾਂਗਰਸ ਮੈਂਬਰ ਡੇਬੋਰਾਹ ਰੋਸ ਨੇ ਕਿਹਾ ਕਿ ਦੋਨਾਂ ਦੇਸ਼ਾਂ ਦੇ ਭਵਿੱਖ ਦੇ ਸਬੰਧਾਂ ਵਿਚਾਲੇ ਸਿੱਖਿਆ ਵਟਾਂਦਰੇ  ਤੇ ਧਿਆਨ ਕੇਂਦ੍ਰਿਤ ਹੋਣਾ ਚਾਹੀਦਾ ਹੈ। ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਸਿੱਖਿਆ ਤੇ ਖੋਜ ਦੇ ਕੰਮ ਜਾਰੀ ਰੱਖਣੇ ਚਾਹੀਦੇ ਹਨ। ਭਾਰਤ ਦੇ ਸਾਬਕਾ ਅਮਰੀਕੀ ਰਾਜਦੂਤ ਰਿਚਰਡ ਵਰਮਾ ਨੇ ਸੁਚੇਤ ਕੀਤਾ ਕਿ ਮੌਜੂਦਾ ਤਨਾਅ ਨੇ ਦੋਨਾਂ ਦੇਸ਼ਾਂ ਦੇ ਸਬੰਧਾਂ ਵਿੱਚ ਕਮਜੋਰੀਆਂ ਨੂੰ ਉਜਾਗਰ ਕੀਤਾ ਹੈ। ਵਿਦਿਆਰਥੀ ਵੀਜਿਆਂ ਵਿਚ ਗਿਰਾਵਟ ਆਈ ਹੈ, ਭਾਰਤ ਵਿਰੋਧੀ ਜਜ਼ਬਾਤ ਪੈਦਾ ਹੋਏ ਹਨ ਤੇ ਟੈਰਿਫ ਸਬੰਧੀ ਝਗੜਾ ਪੈਦਾ ਹੋਇਆ ਹੈ। ਕਾਂਗਰਸ ਮੈਂਬਰ ਐਮੀ ਬੇਰਾ ਸਮੇਤ ਹੋਰ ਬੁਲਾਰਿਆਂ ਨੇ ਭਾਰਤ-ਅਮਰੀਕਾ ਸਬੰਧਾਂ ਦੀ ਅਹਿਮੀਅਤ ਉਪਰ ਜੋਰ ਦਿੰਦਿਆਂ ਭਵਿੱਖ ਵਿੱਚ ਸਬੰਧ ਮਜਬੂਤ ਹੋਣ ਦੀ ਆਸ
ਪ੍ਰਗਟਾਈ।