ਇੰਗਲੈਂਡ ਪੁੱਜਣ ’ਤੇ ਸੰਪਾਦਕ ਬਲਜੀਤ ਸਿੰਘ ਬਰਾੜ ਦਾ ਨਿੱਘਾ ਸਵਾਗਤ

 
ਲੈਸਟਰ (ਇੰਗਲੈਂਡ), 22 ਮਈ (ਸੁਖਜਿੰਦਰ ਸਿੰਘ ਢੱਡੇ)- ਸੀਨੀਅਰ ਪੰਜਾਬੀ ਪੱਤਰਕਾਰ ਅਤੇ ਪੰਜਾਬ ਟਾਈਮਜ਼ ਅਖ਼ਬਾਰ ਜਲੰਧਰ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਦੇ ਇੰਗਲੈਂਡ ਪੁੱਜਣ &rsquoਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸਾਹਿਤਕ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਵਿਸ਼ੇਸ਼ ਮਿਲਣੀ ਸਮਾਗਮ ਵੀ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬੀ ਮਾਂ ਬੋਲੀ, ਪੱਤਰਕਾਰਤਾ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਸੰਭਾਲ ਸਬੰਧੀ ਵਿਚਾਰਾਂ ਦੀ ਸਾਂਝ ਪਾਈ ਗਈ।
ਇਸ ਦੌਰਾਨ ਪੰਜਾਬੀ ਲਿਸਨਰਜ਼ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਦੇ ਜਨਮ ਦਿਨ ਦੇ ਸਬੰਧ ਵਿੱਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਆਗੂਆਂ, ਸਮਾਜ ਸੇਵੀਆਂ ਅਤੇ ਗੁਰੂ ਘਰਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੋਲਦਿਆਂ ਸ. ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਾਸਾਰ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਅਜਿਹੀਆਂ ਸੰਸਥਾਵਾਂ ਪੰਜਾਬੀਅਤ ਦੀ ਰੂਹ ਨੂੰ ਜਿਉਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀ ਪਹਿਚਾਣ ਹੈ ਅਤੇ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਪੰਜਾਬੀ ਲਿਸਨਰਜ਼ ਕਲੱਬ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਦੀ ਵੀ ਪ੍ਰਸ਼ੰਸਾ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵੀ ਸ. ਬਰਾੜ ਦੀ ਪੱਤਰਕਾਰਤਾ ਖੇਤਰ ਵਿੱਚ ਦਿੱਤੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ।
ਸਮਾਗਮ ਵਿੱਚ ਕੋਸਲਰ ਸੰਤੋਖ ਸਿੰਘ ਅਠਵਾਲ, ਗੁਰਨਾਮ ਸਿੰਘ ਰੂਪੋਵਾਲ, ਜਸਪਾਲ ਸਿੰਘ ਕੰਗ, ਭਲਿੰਦਰ ਸਿੰਘ ਸਮਥਾ ਸਮੇਤ ਵੱਖ-ਵੱਖ ਗੁਰੂ ਘਰਾਂ ਦੇ ਨੁਮਾਇੰਦੇ, ਸਮਾਜ ਸੇਵੀ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੌਰਾਨ ਆਪਸੀ ਮਿਲਾਪ ਅਤੇ ਪੰਜਾਬੀ ਭਾਈਚਾਰੇ ਦੀ ਏਕਤਾ ਦਾ ਵਿਸ਼ੇਸ਼ ਰੰਗ ਵੇਖਣ ਨੂੰ ਮਿਲਿਆ।