ਅਮਰੀਕਾ ਤੋਂ ਬਾਹਰ ਜਨਮੇ ਵਿਅਕਤੀਆਂ ਨੂੰ ਚੋਣ ਲੜਨ ਤੋ ਰੋਕਣ ਲਈ ਪ੍ਰਸਤਾਵਿਤ ਸੋਧ ਦਾ ਜਬਰਦਸਤ ਵਿਰੋਧ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ 3 ਡੈਮੋਕਰੈਟਿਕ ਸਸੰਦ ਮੈਂਬਰਾਂ ਨੇ ਰਿਪਬਲੀਕਨ ਪ੍ਰਤੀਨਿੱਧ ਨੈਨਸੀ ਮੇਸ ਦੁਆਰਾ ਪੇਸ਼ ਕੀਤੀ ਉਸ ਪ੍ਰਸਤਾਵਿਤ ਸੰਵਿਧਾਨਕ ਸੋਧ ਦਾ ਜੋਰਦਾਰ ਵਿਰਧ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਬਾਹਰ ਪੈਦਾ ਹੋਏ ਵਿਅਕਤੀਆਂ ਤੇ ਕਾਂਗਰਸ, ਸੰਘੀ ਨਿਆਂਪਾਲਿਕਾ ਤੇ ਸੈਨਟ ਦੁਆਰਾ ਪੁਸ਼ਟੀ ਵਾਲੇ ਅਹੁੱਦਿਆਂ ਤੇ ਕੰਮ ਕਰਨ ਉਪਰ ਰੋਕ ਲਾਈ ਜਾਵੇ। ਡੈਮੋਕਰੈਟਿਕ ਪ੍ਰਤੀਨਿੱਧ ਭਾਰਤੀ ਮੂਲ ਦੇ ਪ੍ਰਾਮਿਲਾ ਜਯਾਪਾਲ, ਰਾਜਾ ਕਿਸ਼ਨਾਮੂਰਤੀ ਤੇ ਸ੍ਰੀ ਥਾਨੇਦਾਰ ਜੋ ਅਮਰੀਕਾ ਤੋਂ ਬਾਹਰ ਪੈਦਾ ਹੋਏ ਸਨ ਤੇ ਬਾਅਦ ਵਿਚ ਅਮਰੀਕੀ ਨਾਗਰਿਕ ਬਣੇ ਸਨ,ਨੇ ਇਸ ਪ੍ਰਸਤਾਵਿਤ ਸੋਧ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਅਮਰੀਕੀ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਖਿਲਾਫ ਹੈ। ਉਨਾਂ ਕਿਹਾ ਕਿ ਇਹ ਪ੍ਰਸਤਾਵਿਤ ਸੋਧ ਇਮੀਗ੍ਰੇਸ਼ਨ ਤੇ ਨਾਗਰਿਕਤਾ ਬਾਰੇ ਅਮਰੀਕੀ ਆਦਰਸ਼ਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਮੇਸ ਦੀ ਤਜਵੀਜ ਅਮਰੀਕੀ ਸਿਧਾਂਤਾਂ ਨਾਲ ਗਦਾਰੀ ਹੈ ਜਿਨਾਂ ਸਿਧਾਂਤਾਂ ਕਰਕੇ ਅਮਰੀਕੀ ਲੋਕਤੰਤਰ ਦੀ ਵਿਸ਼ਵ ਵਿਚ ਪਛਾਣ ਹੈ। ਕ੍ਰਿਸ਼ਨਾਮੂਰਤੀ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਬਿਆਨ ਦਾ ਹਵਾਲਾ ਦਿੱਤਾ ਜਿਨਾਂ ਨੇ ਕਿਹਾ ਸੀ ਕਿ ਵਿਸ਼ਵ ਦੇ ਕਿਸੇ   ਕੋਨੇ ਵਿਚੋ ਕੋਈ ਵੀ ਵਿਅਕਤੀ ਅਮਰੀਕਾ ਆ ਸਕਦਾ ਹੈ ਤੇ ਇਸ ਦਾ ਨਾਗਰਿਕ ਬਣ ਸਕਦਾ ਹੈ। ਡੈਮੋਕਰੈਟਿਕਸ ਸਾਂਸੰਦਾਂ ਨੇ ਕਿਹਾ ਕਿ ਦੇਸ਼ ਭਗਤੀ ਜਨਮ ਸਥਾਨ ਤੋਂ ਨਹੀਂ ਬਲਕਿ ਕਰਮਾਂ ਤੋਂ ਨਾਪੀ ਜਾਂਦੀ ਹੈ। ਜਯਾਪਾਲ ਜੋ ਭਾਰਤ ਵਿੱਚ ਪੈਦਾ ਹੋਈ ਸੀ ਤੇ 2000 ਵਿਚ ਅਮਰੀਕੀ ਨਾਗਰਿਕ ਬਣੀ ਸੀ, ਨੇ ਪ੍ਰਸਤਾਵਿਤ ਸੋਧ ਨੂੰ ਨਸਲੀ ਕਰਾਰ ਦਿੰਦਿਆਂ ਕਿਹਾ ਕਿ ਇਸ ਦੁਆਰਾ ਦੇਸ਼ ਦੀ ਪ੍ਰਵਾਸ ਸਬੰਧੀ ਵਿਰਾਸਤ ਨੂੰ ਅਖੋਂ ਪਰੋਖੇ ਕੀਤਾ ਗਿਆ ਹੈ।