ਭਾਰਤੀ ਮਹਿਲਾ ਫ਼ੌਜੀ ਅਧਿਕਾਰੀ ਅਭਿਲਾਸ਼ਾ ਬਰਾਕ ਨੂੰ ਮਿਲੇਗਾ ਸੰਯੁਕਤ ਰਾਸ਼ਟਰ ਦਾ ਵੱਕਾਰੀ ਸਨਮਾਨ
_23May26074838AM.jfif)
ਸੰਯੁਕਤ ਰਾਸ਼ਟਰ &mdash ਵਿਸ਼ਵ ਸ਼ਾਂਤੀ ਸਥਾਪਨਾ ਦੇ ਕਾਰਜਾਂ ਵਿੱਚ ਜੁਟੇ ਭਾਰਤੀ ਸ਼ਾਂਤੀ ਰੱਖਿਅਕਾਂ ਦੇ ਹਿੱਸੇ ਇੱਕ ਹੋਰ ਵੱਡੀ ਪ੍ਰਾਪਤੀ ਆਈ ਹੈ। ਲੇਬਨਾਨ ਵਿੱਚ ਸੇਵਾਵਾਂ ਨਿਭਾ ਰਹੀ ਭਾਰਤੀ ਸੈਨਾ ਦੀ ਮੇਜਰ ਅਭਿਲਾਸ਼ਾ ਬਰਾਕ ਨੂੰ ਵਿਸ਼ਵ ਸੰਸਥਾ ਵੱਲੋਂ ਸਾਲ 2025 ਦੇ ਵੱਕਾਰੀ "ਸੰਯੁਕਤ ਰਾਸ਼ਟਰ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਈਅਰ ਅਵਾਰਡ" (ਫ਼ੌਜੀ ਲਿੰਗ ਸਮਾਨਤਾ ਦੇ ਅਲੰਬਰਦਾਰ ਪੁਰਸਕਾਰ) ਲਈ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਦਫ਼ਤਰ ਨੇ ਸਮਾਜਿਕ ਸੰਚਾਰ ਮਾਧਿਅਮ 'ਤੇ ਇਸ ਮਾਣਮੱਤੇ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ। ਮੇਜਰ ਬਰਾਕ ਨੂੰ ਇਹ ਸਨਮਾਨ ਪੱਛਮੀ ਏਸ਼ੀਆਈ ਮੁਲਕ ਵਿੱਚ ਤਾਇਨਾਤੀ ਦੌਰਾਨ ਸਥਾਨਕ ਔਰਤਾਂ ਅਤੇ ਨੌਜਵਾਨ ਕੁੜੀਆਂ ਦੀ ਭਲਾਈ, ਭਾਈਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਸ਼ਾਂਤੀ ਸੈਨਿਕਾਂ ਨੂੰ ਲਿੰਗ ਸੰਵੇਦਨਸ਼ੀਲਤਾ ਦਾ ਪਾਠ ਪੜ੍ਹਾਉਣ ਦੇ ਸ਼ਲਾਘਾਯੋਗ ਯਤਨਾਂ ਲਈ ਦਿੱਤਾ ਜਾ ਰਿਹਾ ਹੈ।
ਮੇਜਰ ਅਭਿਲਾਸ਼ਾ ਬਰਾਕ ਇਸ ਸਮੇਂ ਲੇਬਨਾਨ ਵਿੱਚ ਤਾਇਨਾਤ ਸੰਯੁਕਤ ਰਾਸ਼ਟਰ ਦੀ ਅੰਤਰਿਮ ਸੁਰੱਖਿਆ ਫ਼ੌਜ ਦੀ ਭਾਰਤੀ ਟੁਕੜੀ ਵਿੱਚ ਮਹਿਲਾ ਸ਼ਮੂਲੀਅਤ ਦਲ ਦੀ ਕਮਾਂਡਰ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਮ ਭਾਰਤੀ ਥਲ ਸੈਨਾ ਦੀ ਪਹਿਲੀ ਮਹਿਲਾ ਲੜਾਕੂ ਹੈਲੀਕਾਪਟਰ ਚਾਲਕ ਹੋਣ ਦਾ ਮਾਣ ਵੀ ਦਰਜ ਹੈ। ਉਨ੍ਹਾਂ ਨੂੰ ਇਹ ਵਿਸ਼ਵ ਪੱਧਰੀ ਸਨਮਾਨ ਆਉਂਦੀ 29 ਮਈ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਜਾਣ ਵਾਲੇ ਅੰਤਰਰਾਸ਼ਟਰੀ ਸ਼ਾਂਤੀ ਰੱਖਿਅਕ ਦਿਵਸ ਦੇ ਵਿਸ਼ੇਸ਼ ਸਮਾਗਮ ਦੌਰਾਨ ਭੇਂਟ ਕੀਤਾ ਜਾਵੇਗਾ। ਭਾਰਤ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿਉਂਕਿ ਮੇਜਰ ਬਰਾਕ ਇਸ ਵੱਕਾਰੀ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਦੇਸ਼ ਦੇ ਤੀਜੇ ਮਹਿਲਾ ਅਧਿਕਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਮੇਜਰ ਸੁਮਨ ਗਵਾਨੀ ਅਤੇ ਮੇਜਰ ਰਾਧਿਕਾ ਸੇਨ ਨੂੰ ਵੀ ਵਿਸ਼ਵ ਸ਼ਾਂਤੀ ਮਿਸ਼ਨਾਂ ਵਿੱਚ ਕੀਤੇ ਬਿਹਤਰੀਨ ਕਾਰਜਾਂ ਲਈ ਇਸੇ ਸਨਮਾਨ ਨਾਲ ਨਿਵਾਜਿਆ ਜਾ ਚੁੱਕਾ ਹੈ।