ਸਿੱਖ ਔਰਤ ਦੀ ਧਾਰਮਿੱਕ ਆਜ਼ਾਦੀ ਬਾਰੇ ਕਮਿਸ਼ਨ ਵਿੱਚ ਨਿਯੁਕਤੀ ਲਈ ਸਿਫਾਰਿਸ਼

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਸਿੱਖ ਡਾਕਟਰ ਤੇ ਮਾਨਵੀ ਹੱਕਾਂ ਬਾਰੇ ਖੋਜੀ ਡਾ ਗੁਨੀਸ਼ਾ ਕੌਰ ਨੂੰ ਕੌਮਾਂਤਰੀ ਧਾਰਮਿੱਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਵਿੱਚ ਮੈਬਰ ਵਜੋਂ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਗੁਨੀਸ਼ਾ ਕੌਰ ਪਹਿਲੀ ਸਿੱਖ ਔਰਤ ਹੈ ਜਿਸ ਦੀ ਸੰਘੀ ਪੈਨਲ ਵਿੱਚ ਸੇਵਾ ਕਰਨ ਲਈ ਚੋਣ ਹੋਈ ਹੈ। ਇਸ 9 ਮੈਂਬਰੀ ਕਮਿਸ਼ਨ ਵਿੱਚ ਰਾਸ਼ਟਰਪਤੀ ਤੇ ਕਾਂਗਰਸ ਦੁਆਰਾ ਚੁਣੇ ਵਿਅਕਤੀ ਸ਼ਾਮਿਲ ਕੀਤੇ ਜਾਂਦੇ ਹਨ। ਇਨਾਂ ਦਾ ਕਾਰਜਕਾਲ ਦੋ ਸਾਲ ਦਾ ਹੁੰਦਾ ਹੈ। ਗੁਨੀਸ਼ਾ ਕੌਰ ਦੇ ਨਾਂ ਦੀ ਸਿਫਾਰਿਸ਼ ਦਾ ਐਲਾਨ ਕਰਦਿਆਂ ਯੂ ਐਸ ਸੈਨੇਟਰ ਚਾਰਲਸ ਸ਼ੂਮਰ ਨੇ ਕਿਹਾ ਹੈ ਕਿ ਉਸ ਨੂੰ ਮੈਡੀਸੀਨ, ਖੋਜ਼ ਤੇ ਸਮਾਜਿਕ ਅਗਵਾਈ ਦਾ ਤਜ਼ਰਬਾ ਹੈ। ਕਮਿਸ਼ਨ ਵਿੱਚ ਉਸ ਦੀਆਂ ਸੇਵਾਵਾਂ ਲਾਭਕਾਰੀ ਹੋਣਗੀਆਂ।