ਇਰਾਨ ਨਾਲ ਵੱਡੇ ਸਮਝੌਤੇ ਦੀ ਤਿਆਰੀ, ਜਲਦੀ ਹੋ ਸਕਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਨਾਲ ਚੱਲ ਰਹੇ ਤਣਾਅ ਨੂੰ ਖਤਮ ਕਰਨ ਲਈ ਇੱਕ ਵੱਡਾ ਸਮਝੌਤਾ ਲਗਭਗ ਤਿਆਰ ਹੋ ਚੁੱਕਾ ਹੈ। ਉਨ੍ਹਾਂ ਮੁਤਾਬਕ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਕਈ ਦੇਸ਼ਾਂ ਨਾਲ ਲਗਾਤਾਰ ਗੱਲਬਾਤ ਕੀਤੀ ਗਈ ਹੈ ਅਤੇ ਜਲਦੀ ਹੀ ਇਸਦਾ ਸਰਕਾਰੀ ਐਲਾਨ ਕੀਤਾ ਜਾ ਸਕਦਾ ਹੈ। ਟਰੰਪ ਨੇ ਦੱਸਿਆ ਕਿ ਇਸ ਸਮਝੌਤੇ ਦਾ ਮਕਸਦ ਖਿੱਤੇ ਵਿੱਚ ਸ਼ਾਂਤੀ ਕਾਇਮ ਕਰਨਾ ਅਤੇ ਹਰਮੁਜ਼ ਜਲ ਮਾਰਗ ਨੂੰ ਮੁੜ ਪੂਰੀ ਤਰ੍ਹਾਂ ਖੋਲ੍ਹਣਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ &rsquoਤੇ ਇਜ਼ਰਾਈਲ ਸਮੇਤ ਕਈ ਹੋਰ ਦੇਸ਼ਾਂ ਦੇ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਤੁਰਕੀ, ਮਿਸਰ, ਜੌਰਡਨ, ਬਹਿਰੀਨ ਅਤੇ ਪਾਕਿਸਤਾਨ ਨਾਲ ਵੀ ਇਸ ਮਾਮਲੇ &rsquoਤੇ ਚਰਚਾ ਹੋਈ ਹੈ। ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਹੋਈ ਗੱਲਬਾਤ ਨੂੰ ਵੀ ਸਕਾਰਾਤਮਕ ਦੱਸਿਆ।

ਇਸਦੇ ਨਾਲ ਹੀ ਬਰਤਾਨਵੀ ਜਲ ਸੈਨਾ ਨੇ ਹਰਮੁਜ਼ ਜਲ ਮਾਰਗ ਵਿੱਚੋਂ ਬਾਰੂਦੀ ਸੁਰੰਗਾਂ ਹਟਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖਿੱਤੇ ਵਿੱਚ ਤਣਾਅ ਦੇ ਮੱਦੇਨਜ਼ਰ ਸਮੁੰਦਰੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਜਹਾਜ਼ ਅਤੇ ਜਵਾਨ ਤੈਨਾਤ ਕੀਤੇ ਜਾ ਰਹੇ ਹਨ।