ਗੈਰ-ਕਾਨੂੰਨੀ ਖਣਨ ਮਾਮਲੇ ਵਿੱਚ ਸਨੌਰ ਹਲਕੇ ਦੇ ਵਿਧਾਇਕ ਨੂੰ ਰਾਹਤ

ਪਟਿਆਲਾ ਦੀ ਇੱਕ ਸਥਾਨਕ ਅਦਾਲਤ ਵੱਲੋਂ ਅੱਜ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗੈਰ-ਕਾਨੂੰਨੀ ਖਣਨ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ। ਇਹ ਮਾਮਲਾ ਜੁਲਕਾਂ ਥਾਣੇ ਵਿੱਚ ਦਰਜ ਕੀਤਾ ਗਿਆ ਸੀ।
ਹਾਲਾਂਕਿ ਵਿਧਾਇਕ ਨੂੰ ਅਜੇ ਵੀ ਜੇਲ੍ਹ ਵਿੱਚ ਰਹਿਣਾ ਪਵੇਗਾ ਕਿਉਂਕਿ ਉਹ ਇਕ ਹੋਰ ਮਹਿਲਾ ਸ਼ੋਸ਼ਣ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਹ ਮਾਮਲਾ ਸਿਵਲ ਲਾਈਨ ਥਾਣੇ ਵਿੱਚ ਦਰਜ ਕੀਤਾ ਗਿਆ ਸੀ, ਜਿਸ ਵਿੱਚ ਇੱਕ ਮਹਿਲਾ ਨੇ ਗੰਭੀਰ ਦੋਸ਼ ਲਗਾਏ ਸਨ। ਜਾਣਕਾਰੀ ਅਨੁਸਾਰ ਅਪਰੈਲ 2026 ਵਿੱਚ ਪਟਿਆਲਾ ਪੁਲੀਸ ਨੇ ਪੁਰਾਣੇ ਖਣਨ ਮਾਮਲੇ ਵਿੱਚ ਵਿਧਾਇਕ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਵਿਧਾਇਕ ਨੇ ਅਦਾਲਤ ਵਿੱਚ ਪੇਸ਼ ਹੋ ਕੇ ਆਤਮ ਸਮਰਪਣ ਕਰ ਦਿੱਤਾ। ਉਸ ਸਮੇਂ ਉਹ ਪਹਿਲਾਂ ਹੀ ਇਕ ਹੋਰ ਮਾਮਲੇ ਕਾਰਨ ਬਠਿੰਡਾ ਜੇਲ੍ਹ ਵਿੱਚ ਬੰਦ ਸਨ। ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲੀਸ ਨੇ ਖਣਨ ਮਾਮਲੇ ਵਿੱਚ ਰਸਮੀ ਗ੍ਰਿਫ਼ਤਾਰੀ ਦਰਜ ਕੀਤੀ, ਪਰ ਪੁਲੀਸ ਵੱਲੋਂ ਹੋਰ ਪੁੱਛਗਿੱਛ ਲਈ ਹਿਰਾਸਤ ਦੀ ਮੰਗ ਨਹੀਂ ਕੀਤੀ ਗਈ।