ਜੰਗਬੰਦੀ ਦੇ ਪਰਛਾਵੇਂ ਹੇਠ ਅਮਰੀਕਾ ਵਲੋਂ ਹਵਾਈ ਹਮਲੇ, ਈਰਾਨ-ਅਮਰੀਕਾ ਟਕਰਾਅ ਫਿਰ ਸ਼ੁਰੂ

*ਸੁਲਗਿਆ ਮੱਧ-ਪੂਰਬ ਅਤੇ ਬੇਪਟੜੀ ਹੁੰਦੀ ਜਾ ਰਹੀ ਏ ਵਿਸ਼ਵ ਆਰਥਿਕਤਾ
​*ਆਖਰ ਕਦੋਂ ਤੱਕ ਜੰਗ ਦੇ ਮੁਹਾਨੇ 'ਤੇ ਰਹੇਗੀ ਦੁਨੀਆ?

ਦੋਹਾ (ਕਤਰ) ਵਿੱਚ ਚੱਲ ਰਹੀਆਂ ਨਾਜ਼ੁਕ ਸ਼ਾਂਤੀ ਵਾਰਤਾਵਾਂ ਦਰਮਿਆਨ ਅਮਰੀਕਾ ਵੱਲੋਂ ਦੱਖਣੀ ਈਰਾਨ 'ਤੇ ਕੀਤੇ ਗਏ ਤਾਜ਼ਾ ਹਵਾਈ ਹਮਲੇ ਅਤੇ ਜਵਾਬ ਵਿੱਚ ਈਰਾਨ ਵੱਲੋਂ ਅਮਰੀਕੀ ਸਟੀਲਥ ਡਰੋਨ ਨੂੰ ਮਾਰ ਡੇਗਣ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਮੁੜ ਚਿੰਤਾ ਵਿੱਚ ਪਾ ਦਿੱਤਾ ਹੈ। ਇੱਕ ਪਾਸੇ ਮੇਜ਼ 'ਤੇ ਬੈਠ ਕੇ ਅਮਨ-ਚੈਨ ਦੀਆਂ ਗੱਲਾਂ ਹੋ ਰਹੀਆਂ ਹਨ ਅਤੇ ਦੂਜੇ ਪਾਸੇ ਬਾਰੂਦ ਵਰ੍ਹ ਰਿਹਾ ਹੈ। ਇਹ ਸਥਿਤੀ ਸਪਸ਼ਟ ਕਰਦੀ ਹੈ ਕਿ 21ਵੀਂ ਸਦੀ ਦੀ ਵਿਸ਼ਵ ਕੂਟਨੀਤੀ ਹੁਣ 'ਗੱਲਬਾਤ ਅਤੇ ਗੋਲਾਬਾਰੀ' ਦੇ ਦੋਹਰੇ ਮਾਪਦੰਡਾਂ 'ਤੇ ਚੱਲ ਰਹੀ ਹੈ, ਜਿੱਥੇ ਸ਼ਾਂਤੀ ਸਮਝੌਤੇ ਸਦਭਾਵਨਾ ਨਾਲ ਨਹੀਂ, ਬਲਕਿ ਤਾਕਤ ਦੇ ਜ਼ੋਰ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

​ਇਸ ਪੂਰੇ ਟਕਰਾਅ ਦੀ ਜੜ੍ਹ ਇਸੇ ਸਾਲ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਵਿੱਚ ਹੈ। ਜਵਾਬੀ ਕਾਰਵਾਈ ਵਿੱਚ ਈਰਾਨ ਵੱਲੋਂ 'ਸਟਰੇਟ ਆਫ ਹਾਰਮੁਜ਼' ਨੂੰ ਬਲਾਕ ਕਰਨ ਨਾਲ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਨੇ ਭਾਰਤ ਸਮੇਤ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ। 8 ਅਪ੍ਰੈਲ ਨੂੰ ਲਾਗੂ ਹੋਈ ਅਸਥਾਈ ਜੰਗਬੰਦੀ ਤੋਂ ਬਾਅਦ ਦੋਹਾ ਵਿੱਚ ਹੋ ਰਹੀ ਬੈਠਕ ਦਾ ਮੁੱਖ ਮਕਸਦ ਇਸ ਜੰਗਬੰਦੀ ਨੂੰ 60 ਦਿਨਾਂ ਲਈ ਵਧਾਉਣਾ ਅਤੇ ਇਸ ਅਹਿਮ ਸਮੁੰਦਰੀ ਰਸਤੇ ਨੂੰ ਮੁੜ ਖੋਲ੍ਹਣਾ ਸੀ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਅੜੀਅਲ ਸ਼ਰਤਾਂ ਨੇ ਇਸ ਸਮਝੌਤੇ ਦੇ ਰਾਹ ਵਿੱਚ ਵੱਡੇ ਰੋੜੇ ਅਟਕਾ ਦਿੱਤੇ ਹਨ।
​ਟਰੰਪ ਪ੍ਰਸ਼ਾਸਨ ਵੱਲੋਂ ਈਰਾਨ ਸਾਹਮਣੇ ਆਪਣਾ ਸੰਵਰਧਿਤ ਯੂਰੇਨੀਅਮ ਅਮਰੀਕਾ ਨੂੰ ਸੌਂਪਣ ਅਤੇ 'ਅਬਰਾਹਮ ਅਕਾਰਡਸ' ਦੇ ਤਹਿਤ ਸਾਊਦੀ ਅਰਬ, ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਇਜ਼ਰਾਈਲ ਨਾਲ ਸਬੰਧ ਸੁਧਾਰਨ ਲਈ ਮਜਬੂਰ ਕਰਨ ਦੀ ਸ਼ਰਤ ਰੱਖੀ ਗਈ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਵਿਵਾਦ ਦੀ ਮੁੱਖ ਜੜ੍ਹ ਇਹੀ ਹੈ। ਈਰਾਨ ਦਾ ਕਹਿਣਾ ਹੈ ਕਿ ਉਹ ਬਿਜਲੀ ਬਣਾਉਣ ਅਤੇ ਮੈਡੀਕਲ ਖੋਜ ਲਈ ਯੂਰੇਨੀਅਮ ਸੰਵਰਧਿਤ ਕਰ ਰਿਹਾ ਹੈ। ਪਰ ਅਮਰੀਕਾ ਅਤੇ ਇਜ਼ਰਾਈਲ ਨੂੰ ਡਰ ਹੈ ਕਿ ਜੇਕਰ ਈਰਾਨ ਨੇ ਇਸ ਦਾ ਪੱਧਰ 90% ਤੱਕ ਪਹੁੰਚਾ ਦਿੱਤਾ, ਤਾਂ ਉਹ ਪਰਮਾਣੂ ਬੰਬ ਬਣਾ ਲਵੇਗਾ। ਇਸੇ ਲਈ ਟਰੰਪ ਮੰਗ ਕਰ ਰਹੇ ਹਨ ਕਿ ਈਰਾਨ ਆਪਣਾ ਇਹ ਸਾਰਾ ਸੰਵਰਧਿਤ ਯੂਰੇਨੀਅਮ ਅਮਰੀਕਾ ਦੇ ਹਵਾਲੇ ਕਰ ਦੇਵੇ।ਅਮਰੀਕਾ ਦੀ ਇਹ ਰਣਨੀਤੀ ਮੱਧ-ਪੂਰਬ ਵਿੱਚ ਇਜ਼ਰਾਈਲ ਅਤੇ ਆਪਣੀ ਸਰਦਾਰੀ ਨੂੰ ਮਜ਼ਬੂਤ ਕਰਨ ਦੀ ਭੂ-ਸਿਆਸੀ ਖੇਡ ਤੋਂ ਇਲਾਵਾ ਕੁਝ ਨਹੀਂ ਹੈ, ਜਿਸ ਨੂੰ ਕੋਈ ਵੀ ਪ੍ਰਭੂਸੱਤਾ ਸੰਪੰਨ ਦੇਸ਼ ਆਸਾਨੀ ਨਾਲ ਸਵੀਕਾਰ ਨਹੀਂ ਕਰੇਗਾ। ਈਰਾਨ ਦਾ ਆਪਣੇ ਯੂਰੇਨੀਅਮ ਭੰਡਾਰ ਨੂੰ ਸੌਂਪਣ ਤੋਂ ਇਨਕਾਰ ਕਰਨਾ ਅਤੇ ਆਪਣੀ ਜ਼ਬਤ ਕੀਤੀ ਅਰਬਾਂ ਡਾਲਰ ਦੀ ਜਾਇਦਾਦ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਨਾ ਪੂਰੀ ਤਰ੍ਹਾਂ ਤਰਕਸੰਗਤ ਹੈ।
​ਅਮਰੀਕੀ ਸੈਂਟਰਲ ਕਮਾਂਡ ਵੱਲੋਂ ਤਾਜ਼ਾ ਹਮਲਿਆਂ ਨੂੰ 'ਆਤਮ-ਰੱਖਿਆ' ਦਾ ਨਾਂ ਦੇਣਾ ਪੱਛਮੀ ਦੇਸ਼ਾਂ ਦੀ ਪੁਰਾਣੀ ਕਹਾਵਤ ਵਰਗਾ ਹੈ। ਜੇਕਰ ਅਮਰੀਕਾ ਜੰਗਬੰਦੀ ਦਾ ਸਨਮਾਨ ਕਰਨ ਦਾ ਦਾਅਵਾ ਕਰਦਾ ਹੈ, ਤਾਂ ਸ਼ਾਂਤੀ ਵਾਰਤਾ ਦੇ ਦੌਰਾਨ ਹਮਲੇ ਕਰਨੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਏ ਜਾ ਸਕਦੇ। ਰਾਸ਼ਟਰਪਤੀ ਟਰੰਪ ਦੀ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਇਹ ਚੇਤਾਵਨੀ ਕਿ "ਜੇ ਗੱਲ ਨਾ ਬਣੀ ਤਾਂ ਪਹਿਲਾਂ ਨਾਲੋਂ ਵੀ ਵੱਡੀ ਜੰਗ ਹੋਵੇਗੀ", ਇਹ ਦਰਸਾਉਂਦੀ ਹੈ ਕਿ ਅਮਰੀਕਾ ਅੰਤਰਰਾਸ਼ਟਰੀ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਕੇਵਲ ਆਪਣੀ ਧੌਂਸ ਜਮਾਉਣਾ ਚਾਹੁੰਦਾ ਹੈ।
​ਇਸ ਟਕਰਾਅ ਦੇ ਲੰਬੇ ਖਿੱਚਣ ਨਾਲ ਨੁਕਸਾਨ ਸਿਰਫ਼ ਅਮਰੀਕਾ ਜਾਂ ਈਰਾਨ ਦਾ ਨਹੀਂ, ਸਗੋਂ ਪੂਰੀ ਵਿਸ਼ਵ ਆਰਥਿਕਤਾ ਦਾ ਹੋ ਰਿਹਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਚੇਨ ਦੇ ਟੁੱਟਣ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਅਮਰੀਕਾ ਨੂੰ ਇਹ ਸਮਝਣਾ ਹੋਵੇਗਾ ਕਿ ਸ਼ਾਂਤੀ ਕਦੇ ਵੀ ਧਮਕੀਆਂ ਅਤੇ ਇੱਕਪਾਸੜ ਸ਼ਰਤਾਂ ਨਾਲ ਸਥਾਪਿਤ ਨਹੀਂ ਕੀਤੀ ਜਾ ਸਕਦੀ। ਜੇਕਰ ਦੋਹਾ ਵਾਰਤਾ ਨੂੰ ਸਫ਼ਲ ਬਣਾਉਣਾ ਹੈ, ਤਾਂ ਦੋਵਾਂ ਧਿਰਾਂ ਨੂੰ, ਖ਼ਾਸ ਕਰਕੇ ਅਮਰੀਕਾ ਨੂੰ, ਆਪਣਾ ਅੜੀਅਲ ਰਵੱਈਆ ਛੱਡ ਕੇ ਅਜਿਹੇ ਸਮਝੌਤੇ ਵੱਲ ਵਧਣਾ ਪਵੇਗਾ ਜੋ ਖੇਤਰੀ ਪ੍ਰਭੂਸੱਤਾ ਦਾ ਸਨਮਾਨ ਕਰਦਾ ਹੋਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ, ਵਿਸ਼ਵ ਇੱਕ ਹੋਰ ਵੱਡੀ ਅਤੇ ਵਿਨਾਸ਼ਕਾਰੀ ਜੰਗ ਦੇ ਮੁਹਾਨੇ 'ਤੇ ਜਾ ਖੜ੍ਹਾ ਹੋਵੇਗਾ।