ਗੁਜਰਾਤ ਦੇ ਕੱਛ ਤਟ ਤੋਂ 1180 ਕਰੋੜ ਦੀ ਕੋਕੀਨ ਬਰਾਮਦ, ਤਿੰਨ ਵਿਦੇਸ਼ੀ ਗ੍ਰਿਫ਼ਤਾਰ

ਕੱਛ: ਗੁਜਰਾਤ ਦੇ ਕੱਛ ਵਿੱਚ ਇੱਕ ਵੱਡੇ ਨਸ਼ਾ ਤਸਕਰੀ ਮਾਮਲੇ ਦਾ ਪਰਦਾਫਾਸ਼ ਕਰਦਿਆਂ ਕਰੀਬ 1180 ਕਰੋੜ ਰੁਪਏ ਕੀਮਤ ਦੀ 118 ਕਿਲੋ ਕੋਕੀਨ ਜ਼ਬਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਹੋਰ ਦੋਸ਼ੀ ਸਮੁੰਦਰ ਵਿੱਚ ਛਾਲ ਮਾਰ ਕੇ ਫਰਾਰ ਹੋ ਗਿਆ। ਗੁਜਰਾਤ ਦੇ ਡੀਜੀਪੀ ਡਾ. ਕੇਐੱਲਐੱਨ ਰਾਵ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਇੰਡ ਕੋਸਟ ਗਾਰਡ ਅਤੇ ਗੁਜਰਾਤ ਏਟੀਐਸ ਵੱਲੋਂ ਮੁੰਦਰਾ ਪੋਰਟ ਨੇੜੇ ਸਾਂਝਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਮੰਗਲਵਾਰ ਸਵੇਰੇ ਭਾਰਤੀ ਸਮੁੰਦਰੀ ਸੀਮਾ ਵਿੱਚ ਇੱਕ ਕੰਟੇਨਰ ਜਹਾਜ਼ ਨੂੰ ਕਬਜ਼ੇ ਵਿੱਚ ਲਿਆ ਗਿਆ।
ਜਾਂਚ ਮੁਤਾਬਕ ਇਹ ਜਹਾਜ਼ ਬ੍ਰਾਜ਼ੀਲ ਤੋਂ ਚਲ ਕੇ ਕਈ ਲਾਤੀਨੀ ਅਮਰੀਕੀ ਦੇਸ਼ਾਂ, ਮੈਕਸੀਕੋ, ਅਮਰੀਕਾ ਅਤੇ ਕਰਾਚੀ ਰਾਹੀਂ ਗੁਜਰਾਤ ਦੇ ਤਟ ਤੱਕ ਪਹੁੰਚਿਆ ਸੀ। ਪੁਲਿਸ ਅਨੁਸਾਰ ਜਹਾਜ਼ ਵਿੱਚ ਸਵਾਰ ਦੋ ਵਿਅਕਤੀ ਨਾਈਜੀਰੀਆ ਨਾਲ ਸੰਬੰਧਿਤ ਸਨ, ਜਿਨ੍ਹਾਂ ਵਿੱਚੋਂ ਇੱਕ ਸਮੁੰਦਰ ਵਿੱਚ ਛਾਲ ਮਾਰ ਕੇ ਭੱਜ ਗਿਆ।
ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਦੋਸ਼ੀਆਂ ਦੀ ਪਛਾਣ ਕਲੈਵਿਨ ਚੁਕਵੁਮਾ ਅਤੇ ਬਿਆਰੁਹਾਂਗਾ ਜੇਮਜ਼ ਵਜੋਂ ਹੋਈ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਕੋਕੀਨ ਦੇਸ਼ ਵਿੱਚ ਕਿੱਥੇ ਅਤੇ ਕਿਸ ਨੂੰ ਪਹੁੰਚਾਈ ਜਾਣੀ ਸੀ। ਏਟੀਐਸ ਅਨੁਸਾਰ ਇਹ ਜਹਾਜ਼ ਮੁੰਦਰਾ ਤਟ ਤੋਂ ਕਰੀਬ 5 ਨਾਟੀਕਲ ਮੀਲ ਦੂਰ ਲੰਗਰ ਅੱਡੇ ਖੜ੍ਹਾ ਸੀ। ਕੋਸਟ ਗਾਰਡ ਕਈ ਘੰਟਿਆਂ ਤੋਂ ਇਸ &rsquoਤੇ ਨਿਗਰਾਨੀ ਕਰ ਰਹੀ ਸੀ। ਇਸ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਜਹਾਜ਼ ਤੋਂ ਕੁਝ ਸ਼ੱਕੀ ਬੈਗ ਸਮੁੰਦਰ ਵਿੱਚ ਸੁੱਟੇ ਜਾ ਰਹੇ ਹਨ। ਇਸ ਤੋਂ ਬਾਅਦ ਸਾਂਝੀ ਟੀਮ ਨੇ ਕਾਰਵਾਈ ਕਰਦਿਆਂ ਜਹਾਜ਼ ਨੂੰ ਘੇਰ ਲਿਆ ਅਤੇ ਆਪਣੇ ਕਬਜ਼ੇ ਵਿੱਚ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਨਸ਼ੇ ਦੀ ਖੇਪ ਦਿੱਲੀ ਦੇ ਦੁਆਰਕਾ ਇਲਾਕੇ ਵਿੱਚ ਪਹੁੰਚਾਈ ਜਾਣੀ ਸੀ। ਫਿਲਹਾਲ ਸੁਰੱਖਿਆ ਏਜੰਸੀਆਂ ਪੂਰੇ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ।