ਪੰਜਾਬ ਦੇ ਜ਼ਮੀਨੀ ਪਾਣੀ ਵਿੱਚ 21 ਲੱਖ ਕਿਊਬਿਕ ਮੀਟਰ ਦਾ ਹੋਇਆ ਰੀਚਾਰਜ: ਮੁੱਖ ਮੰਤਰੀ ਭਗਵੰਤ ਮਾਨ

ਸ਼ਾਹਕੋਟ/ਚੰਡੀਗੜ੍ਹ &mdash ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਸ਼ਾਹਕੋਟ ਦੇ ਪਿੰਡ ਸੀਚੇਵਾਲ ਵਿਖੇ ਸਥਿਤ ਨਿਰਮਲ ਕੁਟੀਆ ਵਿਖੇ ਨਤਮਸਤਕ ਹੋਣ ਪਹੁੰਚੇ। ਇੱਥੇ ਉਨ੍ਹਾਂ ਨੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਮੌਜੂਦਗੀ ਵਿੱਚ ਸੰਤ ਅਵਤਾਰ ਸਿੰਘ ਜੀ ਦੇ 38ਵੇਂ ਬਰਸੀ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਪਾਣੀਆਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਨਹਿਰੀ ਪਾਣੀ ਦੇ ਸਿੰਚਾਈ ਪ੍ਰੋਜੈਕਟਾਂ ਰਾਹੀਂ ਜ਼ਮੀਨੀ ਪਾਣੀ ਨੂੰ ਮੁੜ ਭਰਨ ਦੇ ਮਾਮਲੇ ਵਿੱਚ ਸੂਬੇ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਹੁਣ ਤੱਕ ਪੰਜਾਬ ਵਿੱਚ 21 ਲੱਖ ਕਿਊਬਿਕ ਮੀਟਰ ਪਾਣੀ ਜ਼ਮੀਨ ਹੇਠਾਂ ਰੀਚਾਰਜ ਕੀਤਾ ਜਾ ਚੁੱਕਾ ਹੈ, ਜਿਸ ਸਦਕਾ ਕਈ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ।

ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਹਿ ਕਿ ਬਾਬਾ ਸੀਚੇਵਾਲ ਦੇ ਅਣਥੱਕ ਯਤਨਾਂ ਅਤੇ ਦੂਰਅੰਦੇਸ਼ੀ ਸਦਕਾ ਕਦੇ ਬੰਜਰ ਤੇ ਖ਼ਰਾਬ ਹੋ ਚੁੱਕੀ ਜ਼ਮੀਨ ਅੱਜ ਇੱਕ ਖੂਬਸੂਰਤ ਹਰੇ-ਭਰੇ ਕੁਦਰਤੀ ਚੌਗਿਰਦੇ ਵਿੱਚ ਤਬਦੀਲ ਹੋ ਚੁੱਕੀ ਹੈ, ਜੋ ਕਿ ਪੂਰੇ ਸੂਬੇ ਲਈ ਇੱਕ ਮਿਸਾਲ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਦੋ ਵਾਰ ਇਸ ਸਾਲਾਨਾ ਬਰਸੀ ਸਮਾਗਮ ਵਿੱਚ ਹਾਜ਼ਰੀ ਭਰ ਚੁੱਕੇ ਹਨ ਅਤੇ ਉਨ੍ਹਾਂ ਨੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਲਈ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦੁਹਰਾਇਆ।