ਮਰੀਜ਼ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਯੂਕੇ ਵਿੱਚ ਭਾਰਤੀ ਮੂਲ ਦਾ ਡਾਕਟਰ ਮੁਅੱਤਲ
_28May26092127AM.jfif)
ਲੰਡਨ &mdash ਯੂਕੇ ਦੇ ਇੱਕ ਮੈਡੀਕਲ ਟ੍ਰਿਬਿਊਨਲ ਵੱਲੋਂ ਵੱਡੀ ਕਾਰਵਾਈ ਕਰਦਿਆਂ ਭਾਰਤੀ ਮੂਲ ਦੇ ਇੱਕ ਨਿਊਰੋਸਰਜਨ (ਦਿਮਾਗ ਅਤੇ ਨਾੜੀਆਂ ਦੇ ਮਾਹਰ ਡਾਕਟਰ) ਨੂੰ ਅੱਠ ਮਹੀਨਿਆਂ ਲਈ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਡਾਕਟਰ 'ਤੇ ਆਪਣੀ ਇੱਕ ਮਰੀਜ਼ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾਉਣ ਅਤੇ ਮਰੀਜ਼ ਵੱਲੋਂ ਕਥਿਤ ਤੌਰ 'ਤੇ ਬਲੈਕਮੇਲ ਕੀਤੇ ਜਾਣ ਦੌਰਾਨ ਵੀ ਉਸ ਨੂੰ ਨਿਯਮਾਂ ਦੇ ਉਲਟ ਜਾ ਕੇ ਦਵਾਈਆਂ ਲਿਖ ਕੇ ਦੇਣ ਦੇ ਗੰਭੀਰ ਦੋਸ਼ ਲੱਗੇ ਹਨ। ਮੈਡੀਕਲ ਟ੍ਰਿਬਿਊਨਲ ਨੇ ਸੁਣਵਾਈ ਦੌਰਾਨ ਡਾਕਟਰ ਦੇ ਇਸ ਵਤੀਰੇ ਨੂੰ ਪੇਸ਼ੇਵਰ ਮਰਿਆਦਾ ਦੇ ਖ਼ਿਲਾਫ਼ ਮੰਨਦਿਆਂ ਇਹ ਸਜ਼ਾ ਸੁਣਾਈ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਦੋਸ਼ੀ ਡਾਕਟਰ ਦੀ ਪਛਾਣ ਡਾ. ਚਿਰਾਗ ਪਟੇਲ ਵਜੋਂ ਹੋਈ ਹੈ। ਡਾ. ਪਟੇਲ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਗੁਜਰਾਤ ਦੇ ਬੜੌਦਾ ਸ਼ਹਿਰ ਵਿੱਚ ਸਥਿਤ 'ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ' ਦੇ ਸਰਕਾਰੀ ਮੈਡੀਕਲ ਕਾਲਜ ਤੋਂ ਮੁਕੰਮਲ ਕੀਤੀ ਸੀ। ਉਹ ਯੂਕੇ ਦੇ ਵੇਲਜ਼ ਖੇਤਰ ਦੇ ਕਾਰਡਿਫ਼ ਸ਼ਹਿਰ ਵਿੱਚ ਸਥਿਤ ਸਰਕਾਰੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਹਸਪਤਾਲ ਵਿੱਚ ਬਤੌਰ ਮਾਹਰ ਡਾਕਟਰ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਜਗਤ ਅਤੇ ਸਥਾਨਕ ਭਾਈਚਾਰੇ ਵਿੱਚ ਕਾਫੀ ਚਰਚਾ ਛਿੜ ਗਈ ਹੈ ਅਤੇ ਟ੍ਰਿਬਿਊਨਲ ਨੇ ਸਾਫ਼ ਕੀਤਾ ਹੈ ਕਿ ਮਰੀਜ਼ਾਂ ਦੀ ਸੁਰੱਖਿਆ ਅਤੇ ਪੇਸ਼ੇਵਰ ਭਰੋਸੇ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।