ਗਲੋਬਲ ਵਾਰਮਿੰਗ ਦਾ ਕਹਿਰ: ਭਾਰਤ ਤੋਂ ਯੂਰਪ ਤੱਕ ਤਪਦੀ ਧਰਤੀ

ਪੂਰੀ ਦੁਨੀਆ ਇਸ ਵੇਲੇ ਜਲਵਾਯੂ ਤਬਦੀਲੀ ਦੇ ਭਿਆਨਕ ਅਸਰਾਂ ਦਾ ਸਾਹਮਣਾ ਕਰ ਰਹੀ ਹੈ। ਭਾਰਤ ਦੇ ਮੈਦਾਨੀ ਇਲਾਕਿਆਂ ਤੋਂ ਲੈ ਕੇ ਯੂਰਪ ਦੇ ਠੰਢੇ ਮੰਨੇ ਜਾਣ ਵਾਲੇ ਦੇਸ਼ਾਂ ਤੱਕ ਗਰਮੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਲੰਡਨ, ਜਿੱਥੇ ਲੋਕ ਆਮ ਤੌਰ &rsquoਤੇ ਸੁਹਾਵਣੇ ਮੌਸਮ ਦਾ ਆਨੰਦ ਮਾਣਦੇ ਸਨ, ਉੱਥੇ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਗਿਆ ਹੈ, ਜੋ ਪਿਛਲੇ 14 ਸਾਲਾਂ ਦੀ ਸਭ ਤੋਂ ਗਰਮ ਰਾਤ ਮੰਨੀ ਜਾ ਰਹੀ ਹੈ। ਫਰਾਂਸ ਵਿੱਚ ਪਾਰਾ 39 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਗਰਮੀ ਕਾਰਨ ਮੌਤਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ ਭਾਰਤ ਵਿੱਚ &lsquoਨੌਤਪਾ&rsquo ਦੀ ਲੂ ਨੇ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਤਾਪਮਾਨ 46 ਤੋਂ 48 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ।

ਵਿਗਿਆਨੀਆਂ ਅਨੁਸਾਰ ਇਹ ਸਿਰਫ਼ ਮੌਸਮੀ ਤਬਦੀਲੀ ਨਹੀਂ, ਸਗੋਂ ਮਨੁੱਖ ਵੱਲੋਂ ਕੀਤੀ ਗਈ ਬੇਤਹਾਸਾ ਪ੍ਰਦੂਸ਼ਣ, ਰੁੱਖਾਂ ਦੀ ਕਟਾਈ ਅਤੇ ਕੰਕਰੀਟ ਦੇ ਵਧਦੇ ਜੰਗਲਾਂ ਦਾ ਨਤੀਜਾ ਹੈ। ਯੂਰਪ ਵਿੱਚ ਬਣੇ ਹਾਈ-ਪ੍ਰੈਸ਼ਰ ਸਿਸਟਮ ਨੇ ਅਫ਼ਰੀਕਾ ਤੋਂ ਆਉਣ ਵਾਲੀ ਗਰਮ ਹਵਾ ਨੂੰ ਉੱਥੇ ਹੀ ਰੋਕ ਦਿੱਤਾ, ਜਿਸ ਕਾਰਨ ਗਰਮੀ ਦੀ ਲਹਿਰ ਹੋਰ ਭਿਆਨਕ ਬਣ ਗਈ। ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਯੂਰਪ ਦੇ ਘਰ ਅਤੇ ਇਮਾਰਤਾਂ ਅਜਿਹੀ ਗਰਮੀ ਲਈ ਤਿਆਰ ਹੀ ਨਹੀਂ ਸਨ।

ਗਰਮੀ ਕਾਰਨ ਹੋਣ ਵਾਲੀਆਂ ਮੌਤਾਂ ਵੀ ਚਿੰਤਾ ਵਧਾ ਰਹੀਆਂ ਹਨ। ਭਾਰਤ ਵਿੱਚ 2023 ਤੋਂ 2025 ਤੱਕ ਹਜ਼ਾਰਾਂ ਲੋਕ ਹੀਟ ਸਟ੍ਰੋਕ ਅਤੇ ਗਰਮੀ ਨਾਲ ਜੁੜੀਆਂ ਬਿਮਾਰੀਆਂ ਕਾਰਨ ਮਰੇ ਹਨ। ਯੂਰਪ ਵਿੱਚ 2023 ਅਤੇ 2024 ਦੌਰਾਨ ਇਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਗਰਮੀ ਨਾਲ ਸਬੰਧਤ ਕਾਰਨਾਂ ਕਰਕੇ ਹੋਈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ ਲਗਭਗ 4.89 ਲੱਖ ਲੋਕ ਗਰਮੀ ਕਾਰਨ ਜਾਨ ਗੁਆਉਂਦੇ ਹਨ। ਵਿਗਿਆਨੀ ਚੇਤਾਵਨੀ ਦੇ ਰਹੇ ਹਨ ਕਿ ਜੇ ਹੁਣ ਵੀ ਕਾਰਬਨ ਨਿਕਾਸ ਅਤੇ ਰੁੱਖਾਂ ਦੀ ਕਟਾਈ ਨਾ ਰੋਕੀ ਗਈ ਤਾਂ ਧਰਤੀ ਦਾ ਭਵਿੱਖ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ।