ਭਾਰਤ ਤੋਂ ਮਿਲਦਾ ਸਭ ਤੋਂ ਵੱਧ ਪਿਆਰ: ਨੇਤਨਯਾਹੂ ਨੇ ਕੀਤੀ ਭਾਰਤ-ਇਜ਼ਰਾਈਲ ਦੋਸਤੀ ਦੀ ਤਾਰੀਫ਼

ਨਵੀਂ ਦਿੱਲੀ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤ ਨਾਲ ਆਪਣੇ ਦੇਸ਼ ਦੇ ਮਜ਼ਬੂਤ ਸਬੰਧਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚੋਂ ਉਨ੍ਹਾਂ ਨੂੰ ਸਭ ਤੋਂ ਵੱਧ ਪਿਆਰ ਅਤੇ ਸਮਰਥਨ ਭਾਰਤ ਤੋਂ ਮਿਲਦਾ ਹੈ। ਨੇਤਨਯਾਹੂ ਦੇ ਇਸ ਬਿਆਨ ਨੂੰ ਭਾਰਤ ਅਤੇ ਇਜ਼ਰਾਈਲ ਵਿਚਕਾਰ ਵਧ ਰਹੀ ਨੇੜਤਾ ਦੇ ਤੌਰ &rsquoਤੇ ਵੇਖਿਆ ਜਾ ਰਿਹਾ ਹੈ।
ਇੱਕ ਗੱਲਬਾਤ ਦੌਰਾਨ ਨੇਤਨਯਾਹੂ ਨੇ ਕਿਹਾ ਕਿ ਭਾਰਤ ਵਿੱਚ ਇਜ਼ਰਾਈਲ ਲਈ ਲੋਕਾਂ ਵਿੱਚ ਖਾਸ ਸਨੇਹ ਅਤੇ ਸਮਰਥਨ ਹੈ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਸ਼ਾਇਦ ਦੁਨੀਆ ਵਿੱਚ ਉਨ੍ਹਾਂ ਦੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਵਿੱਚ ਹੀ ਹਨ। ਉਨ੍ਹਾਂ ਨੇ ਭਾਰਤ ਨੂੰ ਇੱਕ ਵੱਡੀ ਗਲੋਬਲ ਤਾਕਤ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਸਿਰਫ਼ ਰਾਜਨੀਤਿਕ ਜਾਂ ਖੇਤਰੀ ਮਸਲਿਆਂ ਤੱਕ ਸੀਮਤ ਨਹੀਂ, ਸਗੋਂ ਇਹ ਲੰਬੇ ਸਮੇਂ ਦੀ ਰਣਨੀਤਿਕ ਭਾਈਵਾਲੀ ਦਾ ਹਿੱਸਾ ਹਨ।
ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀਆਂ ਮੁਲਾਕਾਤਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਤਕਨਾਲੋਜੀ, ਸੁਰੱਖਿਆ, ਖੇਤੀਬਾੜੀ ਅਤੇ ਵਪਾਰ ਵਰਗੇ ਕਈ ਖੇਤਰਾਂ ਵਿੱਚ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਜ਼ਰਾਈਲ ਆਪਣੀ ਫ਼ੌਜੀ ਤਾਕਤ, ਤਕਨੀਕੀ ਵਿਕਾਸ ਅਤੇ ਆਰਥਿਕ ਮਜ਼ਬੂਤੀ ਦੇ ਆਧਾਰ &rsquoਤੇ ਦੁਨੀਆ ਦੇ ਕਈ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਹੁਣ ਸਿਰਫ਼ ਆਪਣੇ ਗੁਆਂਢੀ ਦੇਸ਼ਾਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦਾ, ਸਗੋਂ ਭਾਰਤ, ਖਾੜੀ ਦੇਸ਼ਾਂ, ਅਫ਼ਰੀਕਾ ਅਤੇ ਭੂਮੱਧ ਸਾਗਰ ਖੇਤਰ ਨਾਲ ਵੀ ਵੱਡੇ ਪੱਧਰ &rsquoਤੇ ਸਹਿਯੋਗ ਵਧਾ ਰਿਹਾ ਹੈ। ਮਾਹਿਰਾਂ ਅਨੁਸਾਰ, ਪੱਛਮੀ ਏਸ਼ੀਆ ਦੇ ਬਦਲਦੇ ਹਾਲਾਤਾਂ ਵਿਚਕਾਰ ਭਾਰਤ ਅਤੇ ਇਜ਼ਰਾਈਲ ਦੀ ਵਧਦੀ ਨੇੜਤਾ ਭਵਿੱਖ ਵਿੱਚ ਹੋਰ ਮਜ਼ਬੂਤ ਹੋ ਸਕਦੀ ਹੈ।