ਟ੍ਰਿਬਿਊਨਲ ਦੇ ਰਿਕਾਰਡ ਅਨੁਸਾਰ ਡਾ. ਪਟੇਲ ਕਾਰਡਿਫ ਸਥਿਤ ਯੂਨੀਵਰਸਿਟੀ ਹਸਪਤਾਲ ਆਫ਼ ਵੇਲਜ਼ ਵਿੱਚ ਕਨਸਲਟੈਂਟ ਨਿਊਰੋਸਰਜਨ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੇ ਫਰਵਰੀ 2019 ਤੋਂ ਦਸੰਬਰ 2021 ਦਰਮਿਆਨ ਇੱਕ ਮਹਿਲਾ ਮਰੀਜ਼ ਦਾ ਤਿੰਨ ਵਾਰ ਆਪਰੇਸ਼ਨ ਕੀਤਾ ਸੀ। ਪਹਿਲਾ ਡਿਸਕੈਕਟੋਮੀ ਆਪਰੇਸ਼ਨ ਫਰਵਰੀ 2019 ਵਿੱਚ, ਦੂਜਾ ਅਗਸਤ 2019 ਵਿੱਚ ਅਤੇ ਤੀਜਾ ਦਸੰਬਰ 2021 ਵਿੱਚ ਕੀਤਾ ਗਿਆ ਸੀ। ਇਲਾਜ ਦੌਰਾਨ ਅਤੇ ਇਸ ਤੋਂ ਬਾਅਦ ਡਾਕਟਰ ਅਤੇ ਮਰੀਜ਼ ਵਿਚਕਾਰ ਨਜ਼ਦੀਕੀਆਂ ਵਧੀਆਂ ਅਤੇ ਦੋਵਾਂ ਵਿਚਕਾਰ ਸਰੀਰਕ ਸਬੰਧ ਬਣ ਗਏ, ਜੋ ਲਗਭਗ ਛੇ ਮਹੀਨਿਆਂ ਤੱਕ ਚੱਲੇ।
ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਦੋਵਾਂ ਵਿਚਕਾਰ ਰਿਸ਼ਤਾ ਜਨਵਰੀ 2023 ਤੱਕ ਜਾਰੀ ਰਿਹਾ। ਇਸ ਦੌਰਾਨ ਡਾ. ਪਟੇਲ ਵੱਲੋਂ ਮਰੀਜ਼ ਨੂੰ ਓਪੀਓਇਡ ਸ਼੍ਰੇਣੀ ਦੀਆਂ ਨਿਯੰਤਰਿਤ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਰਹੀਆਂ, ਪਰ ਉਨ੍ਹਾਂ ਦਾ ਕੋਈ ਅਧਿਕਾਰਤ ਮੈਡੀਕਲ ਰਿਕਾਰਡ ਨਹੀਂ ਰੱਖਿਆ ਗਿਆ। ਇਹ ਵੀ ਦੱਸਿਆ ਗਿਆ ਕਿ ਬਾਅਦ ਵਿੱਚ ਮਰੀਜ਼ ਨੇ ਡਾਕਟਰ ਨੂੰ ਉਨ੍ਹਾਂ ਦੇ ਸਬੰਧਾਂ ਦਾ ਖੁਲਾਸਾ ਕਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ।
ਟ੍ਰਿਬਿਊਨਲ ਅਨੁਸਾਰ ਡਾ. ਪਟੇਲ ਸਾਲ 2018 ਤੋਂ ਹਸਪਤਾਲ ਵਿੱਚ ਸਥਾਈ ਕਨਸਲਟੈਂਟ ਵਜੋਂ ਕੰਮ ਕਰ ਰਹੇ ਸਨ ਅਤੇ ਵੇਲਜ਼ ਵਿੱਚ ਉਹ ਇਕਲੌਤੇ ਮਾਹਿਰ ਡਾਕਟਰ ਸਨ ਜੋ ਮਰੀਜ਼ ਦੀ ਖਾਸ ਬਿਮਾਰੀ ਦਾ ਇਲਾਜ ਕਰ ਸਕਦੇ ਸਨ। ਇਸ ਕਾਰਨ ਮਰੀਜ਼ ਦਾ ਡਾਕਟਰ ਉੱਤੇ ਪੂਰਾ ਭਰੋਸਾ ਸੀ, ਜਿਸ ਨੂੰ ਟ੍ਰਿਬਿਊਨਲ ਨੇ ਪੇਸ਼ੇਵਰ ਤੌਰ 'ਤੇ ਬਹੁਤ ਮਹੱਤਵਪੂਰਨ ਮੰਨਿਆ।
ਰਿਪੋਰਟ ਅਨੁਸਾਰ ਫਰਵਰੀ 2023 ਵਿੱਚ ਦੋਵਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਅਤੇ ਮਰੀਜ਼ ਨੇ ਡਾਕਟਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਤੋਂ ਬਾਅਦ ਮਾਮਲਾ ਜਨਰਲ ਮੈਡੀਕਲ ਕੌਂਸਲ (ਜੀ.ਐੱਮ.ਸੀ.) ਕੋਲ ਪਹੁੰਚਿਆ, ਜਿਸ ਨੇ ਵਿਸਥਾਰਪੂਰਵਕ ਜਾਂਚ ਸ਼ੁਰੂ ਕੀਤੀ।
ਜੀ.ਐੱਮ.ਸੀ. ਦੀ ਵਕੀਲ ਹੈਰੀਅਟ ਟਿਗੇ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਡਾ. ਪਟੇਲ ਦਾ ਵਿਹਾਰ ਲਗਾਤਾਰ ਅਤੇ ਦੁਹਰਾਇਆ ਗਿਆ ਦੁਰਵਿਹਾਰ ਸੀ। ਉਨ੍ਹਾਂ ਕਿਹਾ ਕਿ ਡਾਕਟਰ ਨੇ ਆਪਣੀ ਪੇਸ਼ੇਵਰ ਸਥਿਤੀ ਦਾ ਦੁਰਉਪਯੋਗ ਕੀਤਾ ਅਤੇ ਮਰੀਜ਼ ਦੀ ਸੁਰੱਖਿਆ ਤੇ ਡਾਕਟਰੀ ਮਿਆਰਾਂ ਪ੍ਰਤੀ ਗੰਭੀਰ ਲਾਪਰਵਾਹੀ ਦਿਖਾਈ।
ਆਪਣੇ ਬਚਾਅ ਵਿੱਚ ਡਾ. ਪਟੇਲ ਨੇ ਟ੍ਰਿਬਿਊਨਲ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਹਾਰ ਲਈ ਡੂੰਘਾ ਪਛਤਾਵਾ ਹੈ ਅਤੇ ਉਹ ਆਪਣੀਆਂ ਗਲਤੀਆਂ ਲਈ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੇ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਉੱਤੇ ਗਹਿਰਾ ਅਸਰ ਪਾਇਆ ਹੈ।
ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਭਾਵੇਂ ਡਾਕਟਰ ਨੇ ਆਪਣੀਆਂ ਗਲਤੀਆਂ ਮੰਨ ਲਈਆਂ ਹਨ, ਪਰ ਉਨ੍ਹਾਂ ਦਾ ਵਿਹਾਰ ਡਾਕਟਰੀ ਪੇਸ਼ੇ ਦੀਆਂ ਨੈਤਿਕ ਹੱਦਾਂ ਦੀ ਸਪੱਸ਼ਟ ਉਲੰਘਣਾ ਸੀ। ਜਨਤਾ ਦਾ ਡਾਕਟਰੀ ਪੇਸ਼ੇ ਉੱਤੇ ਭਰੋਸਾ ਬਣਾਈ ਰੱਖਣ ਅਤੇ ਪੇਸ਼ੇਵਰ ਮਿਆਰਾਂ ਦੀ ਰੱਖਿਆ ਲਈ ਉਨ੍ਹਾਂ ਨੂੰ 8 ਮਹੀਨਿਆਂ ਲਈ ਮੁਅੱਤਲ ਕਰਨਾ ਜ਼ਰੂਰੀ ਸੀ।
ਉੱਧਰ ਕਾਰਡਿਫ ਐਂਡ ਵੇਲ ਯੂਨੀਵਰਸਿਟੀ ਹੈਲਥ ਬੋਰਡ ਨੇ ਕਿਹਾ ਹੈ ਕਿ ਉਹ ਟ੍ਰਿਬਿਊਨਲ ਦੇ ਫ਼ੈਸਲੇ ਤੋਂ ਜਾਣੂ ਹਨ ਅਤੇ ਡਾ. ਪਟੇਲ ਹੁਣ ਉਨ੍ਹਾਂ ਦੀ ਸੰਸਥਾ ਵਿੱਚ ਸੇਵਾ ਨਹੀਂ ਨਿਭਾ ਰਹੇ।