ਹਵਾਈ ਵਿੱਚ 3 ਬਜ਼ੁਰਗਾਂ ਦੀ ਹੱਤਿਆ, ਪੁਲਿਸ ਸ਼ੱਕੀ ਦੀ ਭਾਲ ਵਿੱਚ ਜੁੱਟੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਹਵਾਈ ਵਿੱਚ 2 ਦਿਨਾਂ ਦੌਰਾਨ ਤਿੰਨ ਬਜ਼ੁਰਗਾਂ ਨੂੰ ਮਾਰ ਦਿੱਤਾ ਗਿਆ, ਜਿਸ ਨਾਲ ਪੀੜਤ ਪਰਿਵਾਰਾਂ ਵਿਚ ਸੋਗ ਤੇ ਡਰ ਪਾਇਆ ਜਾ ਰਿਹਾ ਹੈ। ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਸ਼ੱਕੀ ਕਾਤਲ ਦੀ ਪਛਾਣ ਪਾਹੋਆ ਵਾਸੀ 36 ਸਾਲਾ ਜੈਕਬ ਡੈਨੀਅਲ ਬੇਕਰ ਵਜੋਂ ਕੀਤੀ ਹੈ। ਬੇਕਰ ਫਰਾਰ ਹੈ ਜੋ ਕਿ ਹਥਿਆਰਬੰਦ ਹੈ। ਹਵਾਈ ਦੇ ਪੁਲਿਸ ਮੁਖੀ ਰੀਡ ਮਾਹੂਨਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ੱਕੀ ਹੋਰ ਲੋਕਾਂ ਲਈ ਵੀ ਖਤਰਨਾਕ ਹੋ ਸਕਦਾ ਹੈ। ਮਾਹੂਨਾ ਨੇ ਕਿਹਾ ਕਿ ਉਹ ਇਸ ਸਮੇਂ ਉਨਾਂ ਸਬੂਤਾਂ ਦਾ ਖੁਲਾਸਾ ਨਹੀਂ ਕਰ ਸਕਦੇ ਜੋ ਪੁਲਿਸ ਕੋਲ ਹਨ ਜੋ ਤਿੰਨਾਂ ਕਤਲਾਂ ਦੀਆਂ ਘਟਨਾਵਾਂ ਨੂੰ ਆਪਸ ਵਿੱਚ ਜੋੜਦੇ ਹਨ ਪਰ ਸਾਨੂੰ ਵਿਸ਼ਵਾਸ ਹੈ ਕਿ ਬੇਕਰ ਤਿੰਨਾਂ ਕਤਲਾਂ ਲਈ ਜ਼ਿੰਮੇਵਾਰ ਹੈ । ਪੁਲਿਸ ਨੇ ਸ਼ੱਕੀ ਦੀ ਪਛਾਣ ਵੀ ਜਨਤਿਕ ਕੀਤੀ ਹੈ ਤੇ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਮ੍ਰਿਤਕਾਂ ਵਿਚ 69,79 ਤੇ 69 ਸਾਲਾਂ ਦੇ ਵਿਅਕਤੀ ਸ਼ਾਮਿਲ ਹਨ। ਪੁਲਿਸ ਮੁੱਖੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਤਲਾਂ ਲਈ ਕਿਹੜਾ ਹਥਿਆਰ ਵਰਤਿਆ ਗਿਆ ਹੈ।