ਨਾਂਦੇੜ ਵਿਖੇ ਪੁਲੀਸ ਵੱਲੋਂ ਸਿੱਖ ਸ਼ਸਤਰ ਜ਼ਬਤ ਕਰਨ ਅਤੇ ਪਰਚੇ ਦਰਜ ਕਰਨ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗੰਭੀਰ ਚਿੰਤਾ ਦਾ ਪ੍ਰਗਟਾਵਾ

ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਪੁਲੀਸ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਸ਼ਸਤਰ ਵੇਚਣ ਵਾਲੇ ਦੁਕਾਨਦਾਰਾਂ ਦੇ ਸ਼ਸਤਰ ਜ਼ਬਤ ਕਰਨ ਅਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੇ ਮਾਮਲੇ &rsquoਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਸੂਤਰਾਂ ਮੁਤਾਬਕ, ਇਸ ਸਬੰਧ ਵਿੱਚ ਨਾਂਦੇੜ ਦੀ ਪੁਲੀਸ ਵੱਲੋਂ ਇੱਕ-ਦੋ ਦਿਨ ਪਹਿਲਾਂ ਇਹ ਕਾਰਵਾਈ ਕੀਤੀ ਗਈ। ਧਾਰਮਿਕ ਪਰੰਪਰਾਵਾ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਪਰਚਿਆਂ ਅਤੇ ਵੱਡੀ ਗਿਣਤੀ ਵਿੱਚ ਕਿਰਪਾਨਾਂ ਤੇ ਸ਼ਸਤਰਾਂ ਨੂੰ ਜ਼ਬਤ ਕੀਤੇ ਜਾਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਹੱਦ ਮੰਦਭਾਗਾ ਅਤੇ ਸਿੱਖ ਮਨਾਂ ਨੂੰ ਸੱਟ ਮਾਰਨ ਵਾਲੀ ਕਾਰਵਾਈ ਆਖਿਆ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਅੰਦਰ ਸ਼ਸਤਰਾਂ ਦੀ ਅਹਿਮ ਮਹੱਤਤਾ ਹੈ ਅਤੇ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਸ਼ਸ਼ਤਰਧਾਰੀ ਹੋਣ ਦਾ ਆਦੇਸ਼ ਦਿੱਤਾ ਹੈ, ਇਸ ਲਈ ਸ਼ਸਤਰ ਸਿੱਖ ਰਹਿਣੀ ਦਾ ਅਹਿਮ ਅੰਗ ਹਨ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਉਹ ਪਾਵਨ ਅਸਥਾਨ ਹੈ, ਜਿੱਥੇ ਸ਼ਸਤਰਾਂ ਦੀ ਸੇਵਾ ਅਤੇ ਸਤਿਕਾਰ ਸਦੀਆਂ ਤੋਂ ਸਿੱਖ ਪਰੰਪਰਾਵਾ ਦਾ ਅਟੁੱਟ ਹਿੱਸਾ ਰਿਹਾ ਹੈ। ਅਜਿਹੇ ਵਿੱਚ ਸਿੱਖਾਂ ਦੀ ਆਸਥਾ ਨਾਲ ਜੁੜੇ ਅਸਥਾਨ &rsquoਤੇ ਪ੍ਰਸ਼ਾਸਨ ਵੱਲੋਂ ਸਿੱਖ ਪਰੰਪਰਾਵਾ ਨੂੰ ਨਜ਼ਰਅੰਦਾਜ਼ ਕਰਦਿਆਂ ਕੀਤੀ ਗਈ ਕਾਰਵਾਈ ਨੇ ਸਿੱਖ ਕੌਮ ਅੰਦਰ ਵੱਡਾ ਰੋਸ ਪੈਦਾ ਕੀਤਾ ਹੈ।