ਲੈਸਟਰ ਵਿੱਚ ਵੈਨ ਵਿਚੋਂ ਮਿਲੀ ਲਾਸ਼ ਦੇ ਮਾਮਲੇ ਦੀ ਜਾਂਚ ਲੰਡਨ ਪੁਲਿਸ ਨੇ ਹਵਾਲੇ

 

ਲੈਸਟਰ (ਇੰਗਲੈਂਡ), 31 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਲੈਸਟਰ ਸ਼ਹਿਰ ਵਿੱਚ ਇੱਕ ਵੈਨ ਵਿਚੋਂ ਮਿਲੀ ਵਿਅਕਤੀ ਦੀ ਲਾਸ਼ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸ਼ੁਰੂਆਤੀ ਜਾਂਚ ਲੈਸਟਰਸ਼ਾਇਰ ਪੁਲਿਸ ਵੱਲੋਂ ਕੀਤੀ ਗਈ ਸੀ, ਪਰ ਹੁਣ ਇਸ ਕਤਲ ਮਾਮਲੇ ਦੀ ਜਾਂਚ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਮਾਮਲੇ ਸਬੰਧੀ ਇੱਕ 39 ਸਾਲਾ ਔਰਤ ਨੂੰ ਕਤਲ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਲੰਡਨ ਦੇ ਹਾਊਨਸਲੋ ਖੇਤਰ ਵਿੱਚ ਇੱਕ ਘਰ ਨੂੰ ਅਪਰਾਧ ਸਥਾਨ ਐਲਾਨ ਕੇ ਜਾਂਚ ਜਾਰੀ ਹੈ।
ਪੁਲਿਸ ਅਨੁਸਾਰ ਬੁੱਧਵਾਰ 27 ਮਈ ਦੀ ਸ਼ਾਮ ਕਰੀਬ 5:30 ਵਜੇ ਗਾਰਡਨ ਸਟਰੀਟ ਸਥਿਤ ਇੱਕ ਕਾਰ ਪਾਰਕ ਵਿੱਚ ਖੜ੍ਹੀ ਚਿੱਟੇ ਰੰਗ ਦੀ ਫੋਰਡ ਟਰਾਂਜ਼ਿਟ ਵੈਨ ਬਾਰੇ ਇੱਕ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸੂਚਨਾ ਦੇਣ ਵਾਲੇ ਵਿਅਕਤੀ ਨੇ ਵੈਨ ਦੀ ਸ਼ੱਕੀ ਹਾਲਤ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਮੌਕੇ &rsquoਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੈਨ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਇੱਕ ਪੁਰਸ਼ ਦੀ ਲਾਸ਼ ਬਰਾਮਦ ਹੋਈ।
ਲਾਸ਼ ਮਿਲਣ ਤੋਂ ਬਾਅਦ ਲੈਸਟਰਸ਼ਾਇਰ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਵੈਨ ਦੇ ਰਜਿਸਟਰਡ ਮਾਲਕ ਦਾ ਪਤਾ ਲਗਾਇਆ ਗਿਆ, ਜਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ &rsquoਤੇ ਪੁਲਿਸ ਲੰਡਨ ਦੇ ਹਾਊਨਸਲੋ ਖੇਤਰ ਤੱਕ ਪਹੁੰਚੀ। ਇਸ ਕਾਰਵਾਈ ਦੌਰਾਨ ਸ਼ੁੱਕਰਵਾਰ ਨੂੰ 39 ਸਾਲਾ ਇੱਕ ਔਰਤ ਨੂੰ ਕਤਲ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਸਬੂਤ ਅਤੇ ਜਾਣਕਾਰੀਆਂ ਸਾਹਮਣੇ ਆਉਣ ਕਾਰਨ ਮੈਟਰੋਪੋਲੀਟਨ ਪੁਲਿਸ ਨੇ 30 ਮਈ ਨੂੰ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ। ਇਸ ਤੋਂ ਬਾਅਦ ਹਾਊਨਸਲੋ ਦੇ ਸਟਨ ਡੀਨ ਇਲਾਕੇ ਵਿੱਚ ਸਥਿਤ ਇੱਕ ਰਿਹਾਇਸ਼ੀ ਮਕਾਨ ਨੂੰ ਅਪਰਾਧ ਸਥਾਨ ਘੋਸ਼ਿਤ ਕਰਕੇ ਉੱਥੇ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਜੇ ਤੱਕ ਮ੍ਰਿਤਕ ਵਿਅਕਤੀ ਦੀ ਪੂਰੀ ਪਛਾਣ ਜਨਤਕ ਨਹੀਂ ਕਰ ਸਕੀ। ਅਧਿਕਾਰੀ ਉਸ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਜਾ ਸਕੇ। ਮੌਤ ਦੇ ਅਸਲ ਕਾਰਨਾਂ ਅਤੇ ਹਾਲਾਤਾਂ ਬਾਰੇ ਵੀ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਜਾਂਚ ਦੀ ਅਗਵਾਈ ਕਰ ਰਹੇ ਡਿਟੈਕਟਿਵ ਚੀਫ਼ ਇੰਸਪੈਕਟਰ ਐਲੈਕਸ ਗੈਮਾਂਪਿਲਾ ਨੇ ਕਿਹਾ ਕਿ ਲੈਸਟਰਸ਼ਾਇਰ ਪੁਲਿਸ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਾਰਨ ਮਾਮਲੇ ਵਿੱਚ ਜਲਦੀ ਤਰੱਕੀ ਹੋਈ ਅਤੇ ਇੱਕ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ। ਉਨ੍ਹਾਂ ਕਿਹਾ ਕਿ ਜਾਂਚ ਟੀਮ ਮ੍ਰਿਤਕ ਦੀ ਮੌਤ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਅਤੇ ਵੈਨ ਦੇ ਸਫ਼ਰ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ 27 ਮਈ ਤੋਂ ਪਹਿਲਾਂ ਜਾਂ ਉਸ ਦਿਨ ਇਸ ਚਿੱਟੀ ਫੋਰਡ ਟਰਾਂਜ਼ਿਟ ਵੈਨ ਨੂੰ ਲੈਸਟਰ ਜਾਂ ਲੰਡਨ ਦੇ ਇਲਾਕਿਆਂ ਵਿੱਚ ਦੇਖਿਆ ਹੋਵੇ, ਜਾਂ ਕਿਸੇ ਦੇ ਡੋਰਬੈਲ ਕੈਮਰੇ, ਸੀਸੀਟੀਵੀ ਜਾਂ ਡੈਸ਼ਕੈਮ ਵਿੱਚ ਇਸ ਵਾਹਨ ਦੀ ਫੁਟੇਜ ਮੌਜੂਦ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਦਾ ਮੰਨਣਾ ਹੈ ਕਿ ਜਨਤਾ ਵੱਲੋਂ ਦਿੱਤੀ ਜਾਣਕਾਰੀ ਜਾਂਚ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਮੈਟਰੋਪੋਲੀਟਨ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।