ਯੂਕੇ ਵਿੱਚ ਵਿਦਿਆਰਥੀ ਦੇ ਕਤਲ ਮਾਮਲੇ 'ਤੇ ਸਿਆਸਤ ਗਰਮ: "*ਇੱਕ ਵਿਅਕਤੀ ਦੇ ਗੁਨਾਹ ਲਈ ਪੂਰੇ ਸਿੱਖ ਭਾਈਚਾਰੇ ਨੂੰ 'ਦੈਤ' ਬਣਾਉਣਾ ਗ਼ਲਤ" — ਸਿੱਖ ਆਗੂ

ਬਰਤਾਨੀਆ (ਯੂਕੇ) ਦੇ ਸਾਊਥੈਂਪਟਨ ਸ਼ਹਿਰ ਵਿੱਚ ਇੱਕ ਯੂਨੀਵਰਸਿਟੀ ਵਿਦਿਆਰਥੀ ਦੇ ਕਤਲ ਮਾਮਲੇ ਵਿੱਚ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤੋਂ ਬਾਅਦ, ਬ੍ਰਿਟਿਸ਼ ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਵਿਕਰਮ ਸਿੰਘ ਡਿਗਵਾ ਨੂੰ 21 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਸਾਫ਼ ਕੀਤਾ ਕਿ ਇਹ ਸਿੱਖ ਧਰਮ ਦਾ ਮਾਮਲਾ ਨਹੀਂ ਹੈ। ਜੱਜ ਨੇ ਵਿਕਰਮ ਨੂੰ ਕਿਹਾ, "ਤੁਸੀਂ ਆਪਣੇ ਪਰਿਵਾਰ ਅਤੇ ਧਰਮ ਨੂੰ ਬਦਨਾਮ ਕੀਤਾ ਹੈ।" ਅਦਾਲਤ ਨੇ ਇਸ ਨੂੰ ਇੱਕ ਨਿੱਜੀ ਅਪਰਾਧ ਮੰਨਿਆ ਹੈ, ਨਾ ਕਿ ਧਾਰਮਿਕ ਮੁੱਦਾ।ਪਰ ਘਟਨਾ ਵਿੱਚ 'ਕਿਰਪਾਨ' (ਧਾਰਦਾਰ ਹਥਿਆਰ) ਦੀ ਵਰਤੋਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ, ਯੂਕੇ ਵਿੱਚ ਸਿੱਖ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਣ ਅਤੇ ਸਿੱਖਾਂ ਦੇ ਪਵਿੱਤਰ ਚਿੰਨ੍ਹ 'ਕਿਰਪਾਨ' 'ਤੇ ਪਾਬੰਦੀ ਲਗਾਉਣ ਦੀਆਂ ਮੰਗਾਂ ਉੱਠਣ ਲੱਗੀਆਂ ਹਨ, ਜਿਸ ਕਾਰਨ ਭਾਈਚਾਰੇ ਅੰਦਰ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ।
ਸੁਣਵਾਈ ਦੌਰਾਨ ਸਿੱਖ ਜਥੇਬੰਦੀਆਂ ਨੇ ਕਰਾਊਨ ਪ੍ਰੋਸੈਸਕਿਊਸ਼ਨ ਸਰਵਿਸ (ਸਰਕਾਰੀ ਵਕੀਲਾਂ) 'ਤੇ ਸਵਾਲ ਚੁੱਕੇ ਕਿ ਉਨ੍ਹਾਂ ਨੇ ਅਦਾਲਤ ਵਿੱਚ ਇਸ ਹਥਿਆਰ ਨੂੰ 'ਕਿਰਪਾਨ' ਕਿਉਂ ਕਿਹਾ? ਸਿੱਖ ਆਗੂਆਂ ਮੁਤਾਬਕ ਉਹ ਇੱਕ ਵੱਡਾ ਹਮਲਾਵਰ 'ਖੰਜਰ' ਸੀ, ਜੋ ਕਿਰਪਾਨ ਦੀ ਮਰਿਯਾਦਾ ਦੇ ਬਿਲਕੁਲ ਉਲਟ ਹੈ।

ਕਿਵੇਂ ਵਾਪਰੀ ਘਟਨਾ
​ਇਹ ਦਰਦਨਾਕ ਘਟਨਾ ਸਾਊਥੈਂਪਟਨ ਸ਼ਹਿਰ ਵਿੱਚ ਉਸ ਵੇਲੇ ਵਾਪਰੀ ਸੀ, ਜਦੋਂ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਆਪਣੇ ਦੋਸਤਾਂ ਨਾਲ ਰਾਤ ਬਿਤਾ ਕੇ ਘਰ ਪਰਤ ਰਿਹਾ ਸੀ। ਰਸਤੇ ਵਿੱਚ ਵਿਕਰਮ ਸਿੰਘ ਨੇ ਇੱਕ ਵੱਡੇ ਧਾਰਦਾਰ ਹਥਿਆਰ (ਖੰਜਰ) ਨਾਲ ਹੈਨਰੀ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਜ਼ਾ ਸੁਣਾਉਂਦੇ ਹੋਏ ਜੱਜ ਵਿਲੀਅਮ ਮੌਸਲੇ ਕੇਸੀ ਨੇ ਵਿਕਰਮ ਸਿੰਘ ਦੇ ਇਸ ਕਾਰੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀ ਪੂਰੀ ਤਰ੍ਹਾਂ ਹੋਸ਼-ਓ-ਹਵਾਸ ਵਿੱਚ ਸੀ ਅਤੇ ਉਸ ਦੀਆਂ ਹਰਕਤਾਂ ਨੇ ਸਾਊਥੈਂਪਟਨ ਅਤੇ ਇਸ ਤੋਂ ਬਾਹਰ ਨਸਲੀ ਤਣਾਅ ਨੂੰ ਭੜਕਾਇਆ ਹੈ, ਜਿਸ ਨਾਲ ਉਸ ਨੇ ਆਪਣੇ ਪਰਿਵਾਰ ਅਤੇ ਧਰਮ ਦਾ ਨਾਂ ਬਦਨਾਮ ਕੀਤਾ ਹੈ। ਅਦਾਲਤ ਦੇ ਅੰਦਰ ਵੀ ਫ਼ੈਸਲੇ ਦੌਰਾਨ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਦੋਵਾਂ ਪੱਖਾਂ ਦੇ ਸਮਰਥਕ ਅਤੇ ਰਿਸ਼ਤੇਦਾਰ ਆਹਮੋ-ਸਾਹਮਣੇ ਹੋ ਗਏ।
​ਇਸ ਪੂਰੇ ਮਾਮਲੇ ਵਿੱਚ ਬ੍ਰਿਟਿਸ਼ ਪੁਲਿਸ (ਹੈਮਪਸ਼ਾਇਰ ਅਤੇ ਆਇਲ ਆਫ਼ ਵਾਈਟ ਪੁਲਿਸ) ਦੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ ਅਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦਰਅਸਲ, ਘਟਨਾ ਤੋਂ ਤੁਰੰਤ ਬਾਅਦ ਦੋਸ਼ੀ ਵਿਕਰਮ ਸਿੰਘ ਨੇ ਪੁਲਿਸ ਨੂੰ ਗੁਮਰਾਹ ਕਰਦਿਆਂ ਝੂਠਾ ਦਾਅਵਾ ਕੀਤਾ ਸੀ ਕਿ ਹੈਨਰੀ ਨੇ ਉਸ ਨਾਲ ਨਸਲੀ ਵਿਤਕਰਾ ਕੀਤਾ ਸੀ, ਜਿਸ ਕਾਰਨ ਉਸ ਨੇ ਆਤਮ-ਰੱਖਿਆ ਵਿੱਚ ਇਹ ਕਦਮ ਚੁੱਕਿਆ।

ਇਸ ਝੂਠੇ ਬਿਆਨ ਦੇ ਪ੍ਰਭਾਵ ਵਿੱਚ ਆ ਕੇ, ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਜ਼ਮੀਨ 'ਤੇ ਪਏ ਮਾਸੂਮ ਹੈਨਰੀ ਨੋਵਾਕ ਨੂੰ ਹੀ ਗ਼ਲਤੀ ਨਾਲ ਹੱਥਕੜੀ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਸੀ।ਹੱਥਕੜੀਆਂ ਲਗਾਉਣ ਕਾਰਨ ਹੈਨਰੀ ਨੂੰ ਤੁਰੰਤ ਜੋ ਐਮਰਜੈਂਸੀ ਮੈਡੀਕਲ ਸਹਾਇਤਾ ਮਿਲਣੀ ਚਾਹੀਦੀ ਸੀ, ਉਸ ਵਿੱਚ ਦੇਰੀ ਹੋ ਗਈ। ਪੁਲਿਸ ਦੀ ਇਸ ਲਾਪਰਵਾਹੀ 'ਤੇ ਡਿਪਟੀ ਚੀਫ਼ ਕਾਂਸਟੇਬਲ ਰੌਬਰਟ ਫਰਾਂਸ ਨੇ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਹੈ। ਦੂਜੇ ਪਾਸੇ, ਮ੍ਰਿਤਕ ਦੇ ਪਿਤਾ ਮਾਰਕ ਨੋਵਾਕ ਨੇ ਆਪਣੇ ਪੁੱਤ ਨਾਲ ਹੋਏ ਇਸ ਅਣਮਨੁੱਖੀ ਵਤੀਰੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੁਲਿਸ ਖ਼ਿਲਾਫ਼ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਡਿਪਟੀ ਚੀਫ਼ ਕਾਂਸਟੇਬਲ ਰੌਬਰਟ ਫਰਾਂਸ ਨੇ ਅਦਾਲਤ ਵਿੱਚ ਮੰਨਿਆ ਕਿ ਇਹ ਪੁਲਿਸ ਇਤਿਹਾਸ ਦੀ ਬਹੁਤ ਵੱਡੀ ਅਤੇ ਸ਼ਰਮਨਾਕ ਗ਼ਲਤੀ ਸੀ। ਉਨ੍ਹਾਂ ਨੇ ਲਿਖਤੀ ਅਤੇ ਜਨਤਕ ਤੌਰ 'ਤੇ ਨੋਵਾਕ ਪਰਿਵਾਰ ਤੋਂ ਮਾਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਭਵਿੱਖ ਵਿੱਚ ਅਜਿਹੀ ਹੇਟ-ਕ੍ਰਾਈਮ ਦੀਆਂ ਅਫ਼ਵਾਹਾਂ ਦੇ ਅਧਾਰ 'ਤੇ ਬਿਨਾਂ ਜਾਂਚ ਕੀਤੇ ਕਾਰਵਾਈ ਨਹੀਂ ਕੀਤੀ ਜਾਵੇਗੀ।

​ਵਿਕਰਮ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਇਲੋਨ ਮਸਕ ਸਮੇਤ ਕਈ ਸੱਜੇ ਪੱਖੀ ਹਸਤੀਆਂ ਨੇ ਯੂਕੇ ਵਿੱਚ ਸਿੱਖਾਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਦੇਣ ਵਾਲੇ ਕਾਨੂੰਨ ਦੀ ਤਿੱਖੀ ਆਲੋਚਨਾ ਕੀਤੀ ਹੈ। ਇਲੋਨ ਮਸਕ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਇਸ ਘਟਨਾ ਪ੍ਰਤੀ ਪੁਲਿਸ ਦੀ ਢਿੱਲੀ ਪ੍ਰਤੀਕਿਰਿਆ ਦੀ ਵੀ ਵਾਰ-ਵਾਰ ਨਿਖੇਧੀ ਕੀਤੀ। ਇਸ ਦੇ ਨਾਲ ਹੀ, 'ਰੀਫਾਰਮ ਯੂਕੇ' ਦੇ ਸੰਸਦ ਮੈਂਬਰ ਰਾਬਰਟ ਜੈਨਰਿਕ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਜਨਤਕ ਥਾਵਾਂ 'ਤੇ ਕਿਰਪਾਨ ਲੈ ਕੇ ਜਾਣ 'ਤੇ ਮੁਕੰਮਲ ਪਾਬੰਦੀ ਲਗਾਉਣ ਲਈ ਕਾਨੂੰਨੀ ਚਾਰਾਜੋਈ ਕਰੇਗੀ।

ਸਿੱਖਾਂ ਵਿਰੁਧ ਨਸਲਵਾਦ,ਕੀ ਕਿਰਪਾਨ ਉਪਰ ਪਾਬੰਦੀ ਲਗੇਗੀ?

​ਯੂਕੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਅਤੇ ਪੂਰੇ ਭਾਈਚਾਰੇ ਦੇ ਅਕਸ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ 'ਤੇ ਯੂਕੇ ਸਿੱਖ ਫੈਡਰੇਸ਼ਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਫੈਡਰੇਸ਼ਨ ਦੇ ਪ੍ਰਮੁੱਖ ਆਗੂ ਭਾਈ ਦਬਿੰਦਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਆਲੇ-ਦੁਆਲੇ ਹੋਈ ਬਿਆਨਬਾਜ਼ੀ ਕਾਰਨ ਸਿੱਖ ਕਮਿਊਨਿਟੀ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਤਲ ਦੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਪੂਰੀ ਸਿੱਖ ਕੌਮ ਨੂੰ 'ਦੈਤ' ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਧੱਕਾ ਹੈ। ਭਾਈ ਦਬਿੰਦਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਕੋਈ ਇੱਕ ਵਿਅਕਤੀ ਕਾਨੂੰਨ ਤੋੜ ਕੇ ਕਿਸੇ ਦਾ ਕਤਲ ਕਰ ਸਕਦਾ ਹੈ, ਪਰ ਉਸ ਦੇ ਆਧਾਰ 'ਤੇ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਸਿੱਖ ਧਰਮ ਦਾ ਮਾਮਲਾ ਨਹੀਂ, ਬਲਕਿ ਇੱਕ ਵਿਅਕਤੀ ਦਾ ਨਿੱਜੀ ਗੁਨਾਹ ਹੈ।
​ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਦੋਸ਼ੀ ਕੋਲ ਕੋਈ 'ਆਮ ਕਿਰਪਾਨ' ਨਹੀਂ ਸੀ, ਬਲਕਿ ਉਹ ਇੱਕ ਘਾਤਕ ਹਮਲਾਵਰ ਹਥਿਆਰ ਸੀ। ਯੂਕੇ ਦੇ ਮੌਜੂਦਾ ਕਾਨੂੰਨ (ਫੌਜਦਾਰੀ ਨਿਆਂ ਕਾਨੂੰਨ 1988 ਦੀ ਧਾਰਾ 139) ਤਹਿਤ ਅੰਮ੍ਰਿਤਧਾਰੀ ਸਿੱਖਾਂ ਨੂੰ ਧਾਰਮਿਕ ਕਾਰਨਾਂ ਕਰਕੇ ਜਨਤਕ ਥਾਵਾਂ 'ਤੇ ਛੋਟੀ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ, ਜੋ ਸਕਾਟਲੈਂਡ ਦੇ ਰਵਾਇਤੀ ਪਹਿਰਾਵੇ 'ਸਗੀਅਨ ਡੂ' 'ਤੇ ਵੀ ਲਾਗੂ ਹੁੰਦੀ ਹੈ। ਪਰ ਕਾਨੂੰਨ ਮੁਤਾਬਕ ਹਮਲਾਵਰ ਇਰਾਦੇ ਨਾਲ ਕਿਰਪਾਨ ਨੂੰ ਬਾਹਰ ਕੱਢਣਾ ਸਖ਼ਤ ਗ਼ੈਰ-ਕਾਨੂੰਨੀ ਹੈ ਅਤੇ ਕਿਸੇ ਹਿੰਸਕ ਕਾਰਵਾਈ ਵਿੱਚ ਵਰਤੋਂ ਹੋਣ 'ਤੇ ਇਸ ਨੂੰ 'ਧਾਰਮਿਕ ਪ੍ਰਤੀਕ' ਨਹੀਂ, ਬਲਕਿ 'ਹਮਲਾਵਰ ਹਥਿਆਰ' ਮੰਨਿਆ ਜਾਂਦਾ ਹੈ।
​ਫੈਡਰੇਸ਼ਨ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਰਪਾਨ ਧਾਰਨ ਕਰਨ ਦੇ ਨਾਲ ਜੁੜੀ ਗੰਭੀਰ ਜ਼ਿੰਮੇਵਾਰੀ ਅਤੇ ਕਾਨੂੰਨੀ ਸੀਮਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਕਿਉਂਕਿ ਜੇਕਰ ਕੋਈ ਇਸ ਦੀ ਗ਼ਲਤ ਵਰਤੋਂ ਕਰਦਾ ਹੈ, ਤਾਂ ਉਹ ਪਵਿੱਤਰ ਕਿਰਪਾਨ ਨਹੀਂ ਰਹਿ ਜਾਂਦੀ। ਇਸ ਦੇ ਨਾਲ ਹੀ, ਫੈਡਰੇਸ਼ਨ ਨੇ ਯੂਕੇ ਦੀ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਯੂਕੇ ਵਿੱਚ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਨ੍ਹਾਂ ਨੂੰ ਉਸੇ ਤਰ੍ਹਾਂ ਅਧਿਕਾਰਤ ਤੌਰ 'ਤੇ ਦਰਜ ਕੀਤਾ ਜਾਵੇ, ਜਿਵੇਂ ਯਹੂਦੀਆਂ ਅਤੇ ਮੁਸਲਮਾਨਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਦਰਜ ਕੀਤਾ ਜਾਂਦਾ ਹੈ।

ਮੌਜੂਦਾ ਸਮੇਂ ਕਿਰਪਾਨ 'ਤੇ ਕੋਈ ਸਰਕਾਰੀ ਪਾਬੰਦੀ ਨਹੀਂ ਲੱਗੀ ਹੈ, ਪਰ ਸੱਜੇ ਪੱਖੀ ਪਾਰਟੀਆਂ ਵੱਲੋਂ ਇਸ ਨੂੰ ਸਿਆਸੀ ਮੁੱਦਾ ਜ਼ਰੂਰ ਬਣਾਇਆ ਜਾ ਰਿਹਾ ਹੈ। ਸਿੱਖ ਭਾਈਚਾਰਾ ਬ੍ਰਿਟਿਸ਼ ਸਰਕਾਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇੱਕ ਵਿਅਕਤੀ ਦੇ ਅਪਰਾਧ ਕਾਰਨ ਸਦੀਆਂ ਪੁਰਾਣੇ ਧਾਰਮਿਕ ਅਧਿਕਾਰ 'ਤੇ ਪਾਬੰਦੀ ਲਗਾਉਣਾ ਗ਼ਲਤ ਹੋਵੇਗਾ।ਯੂਕੇ ਦੇ 'Criminal Justice Act 1988' ਦੇ ਤਹਿਤ ਮਿਲੀ ਛੋਟ ਇੰਨੀ ਆਸਾਨੀ ਨਾਲ ਖ਼ਤਮ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਬ੍ਰਿਟੇਨ ਵਿੱਚ ਸਿੱਖਾਂ ਦੇ ਸਦੀਆਂ ਪੁਰਾਣੇ ਇਤਿਹਾਸ ਅਤੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਨਾਲ ਜੁੜੀ ਹੋਈ ਹੈ। ਮੌਜੂਦਾ ਲੇਬਰ ਪਾਰਟੀ ਦੀ ਸਰਕਾਰ ਨੇ ਅਜਿਹੀ ਕਿਸੇ ਪਾਬੰਦੀ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ।