ਯੂਨੀਵਰਸਿਟੀ ਦੇ ਵਿਿਦਆਰਥੀ ਹੈਨਰੀ ਨੋਵਾਕ ਦੇ ਕਤਲ ਦੀ ਸਿੱਖ ਆਗੂਆਂ ਵੱਲੋਂ ਨਿੰਦਾ
_02Jun26081322AM.jpeg)
ਕਿਸੇ ਇੱਕ ਦੇ ਜੁਰਮ ਕਾਰਨ ਸਾਰੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ - ਸਿੰਘ ਸਾਹਿਬ ਗਿਆਨੀ ਮੇਜਰ ਸਿੰਘ, ਰਘਬੀਰ ਸਿੰਘ ਅਤੇ ਰਾਜਿੰਦਰ ਸਿੰਘ ਪੁਰੇਵਾਲ
ਡਰਬੀ (ਪੰਜਾਬ ਟਾਈਮਜ਼) - ਬੀਤੇ ਦਿਨੀਂ ਸਾਊਥੈਂਪਟਨ ਵਿੱਚ ਇੱਕ ਸਿੱਖ ਨੌਜਵਾਨ ਵਿਕਰਮ ਦਿਗਵਾ ਵੱਲੋਂ ਇੱਕ ਯੂਨੀਵਰਸਿਟੀ ਦੇ ਵਿਿਦਆਰਥੀ ਹੈਨਰੀ ਨੌਵਾਕ ਦਾ ਕਤਲ ਕਰਨ ਦੀ ਸਿੱਖ ਆਗੂਆਂ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ । ਇਸ ਘਟਨਾ ਸਬੰਧੀ ਪੰਜਾਬ ਟਾਈਮਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਘਟਨਾ ਵਾਪਰਨੀ ਨਹੀਂ ਚਾਹੀਦੀ ਸੀ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਪੰਜ ਪਿਆਰਿਆਂ ਵਿੱਚੋਂ ਸਿੰਘ ਸਾਹਿਬ ਗਿਆਨੀ ਮੇਜਰ ਸਿੰਘ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ ਅਤੇ ਸਿੱਖ ਅਜਾਇਬਘਰ ਦੇ ਚੇਅਰਮੈਨ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਾਨੂੰ ਹੈਨਰੀ ਨੌਵਾਕ ਦੇ ਪਰਿਵਾਰ ਨਾਲ ਹਮਦਰਦੀ ਹੈ । ਉਹਨਾਂ ਕਿਹਾ ਕਿ ਸਿੱਖ ਦੀ ਕਿਰਪਾਨ ਗਰੀਬ ਤੇ ਕਮਜ਼ੋਰ ਦੀ ਰੱਖਿਆ ਵਾਸਤੇ ਹੈ, ਇਸ ਦੀ ਦੁਰਵਰਤੋਂ ਕਿਸੇ ਉਤੇ ਹਮਲਾ ਕਰਨ ਲਈ ਨਹੀਂ ਹੋਣੀ ਚਾਹੀਦੀ । ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਸ ਵੀ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਉਥੇ ਚੰਗੇ ਨਾਗਰਿਕ ਬਣੋ ਤੇ ਕਾਨੂੰਨ ਦੀ ਪਾਲਣਾ ਕਰੋ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੋ । ਉਕਤ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੁੱਝ ਇਕ ਗੁਰੂ ਘਰਾਂ ਵਿੱਚ ਇੱਕ ਦੂਜੇ ਵਿਰੁੱਧ ਵੀ ਕਿਰਪਾਨ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਤੋਂ ਸਿੱਖਾਂ ਨੂੰ ਸੰਕੋਚ ਕਰਨਾ ਚਾਹੀਦਾ ਹੈ ।
ਉਹਨਾਂ ਹੋਰ ਕਿਹਾ ਕਿ ਅਪਰਾਧ ਕਰਨ ਵਾਲੇ ਵਿਕਰਮ ਦਿਗਵਾ ਨੂੰ ਜੁਰਮ ਦੀ ਸਜ਼ਾ ਮਿਲ ਗਈ ਹੈ, ਪਰ ਇਕ ਵਿਅਕਤੀ ਦੇ ਜੁਰਮ ਕਾਰਨ ਸਮੁੱਚੇ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ । ਇਥੋਂ ਦਾ ਮੀਡੀਆ ਇਸ ਘਟਨਾ ਨੂੰ ਇਕ ਭਾਈਚਾਰੇ ਦੇ ਖਿਲਾਫ਼ ਬਹੁਤ ਵਧਾ ਚੜਾਅ ਕੇ ਪੇਸ਼ ਕਰ ਰਿਹਾ ਹੈ । ਇਸ ਤੋਂ ਪਹਿਲਾਂ ਪਿਛਲੇ 70 ਸਾਲਾਂ ਵਿੱਚ ਸਿੱਖਾਂ ਦੇ ਬਜ਼ੁਰਗਾਂ ਨਾਲ ਅਤੇ ਹੁਣ ਵੀ ਕਈ ਥਾਂਈਂ ਜੁਰਮਾਂ ਦੀਆਂ ਘਟਨਾਵਾਂ ਵਾਪਰੀਆਂ ਹਨ । ਉਕਤ ਆਗੂਆਂ ਨੇ ਅਪੀਲ ਕੀਤੀ ਕਿ ਸਾਰਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ।