ਇਟਲੀ ਵਿੱਚ ਦੋ ਪਾਕਿਸਤਾਨੀ ਮੂਲ ਦੇ ਨਾਗਰਿਕਾਂ ਵਲੋ ਅਪਣੇ ਹੀ ਮੁਲਕ ਦੇ ਨਾਗਰਿਕਾਂ ਨਾਲ ਕੀਤੀ ਰੂਹ ਕੰਬਾਊ ਵਾਰਦਾਤ , ਚਾਰ ਲੋਕਾਂ ਨੂੰ ਜਿੰਦਾ ਸਾੜਿਆ

 ਰੋਮ ਇਟਲੀ 2 ਜੂਨ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਦੱਖਣੀ ਸੂਬਾ ਕਲਾਬਰੀਆ ਦੇ ਜਿਲ੍ਹਾ ਕੋਜੇਂਸਾ ਦੇ ਕਸਬਾ ਐਮੋਦੋਲਾਰਾ ਵਿਖੇ ਬੀਤੇ ਕੱਲ ਸਵੇਰੇ ਬਹੁਤ ਹੀ ਰੂਹ ਕੰਬਾਊ ਘਟਨਾ ਵਾਪਰੀ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਮੂਲ ਦੇ ਦੋ ਵਿਅਕਤੀਆਂ ਵਲੋਂ ਆਪਣੇ ਹੀ ਦੇਸ਼ ਦੇ 4 ਲੋਕਾਂ ਨੂੰ ਕਾਰ ਵਿੱਚ ਜਿੰਦਾ ਸ਼ਾੜ੍ਹ ਕੇ ਮਾਰ ਦਿੱਤਾ ਗਿਆ. ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਅੱਗ ਬੁਝਾਊ ਦਸਤੇ ਨੂੰ ਮਿਲੀ ਸੀ। ਜਦੋਂ ਦਸਤੇ ਨੇ ਕਾਰ ਦੀ ਅੱਗ 'ਤੇ ਕਾਬੂ ਪਾਇਆ, ਤਾਂ ਅੰਦਰੋਂ ਚਾਰ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ। ਕੋਜੇਂਸਾ ਪੁਲਸ ਨੇ ਜਦੋਂ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ, ਤਾਂ ਇਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਵੀਡੀਓ ਨਿਗਰਾਨੀ ਫੁਟੇਜ ਵਿੱਚ ਦੇਖਿਆ ਗਿਆ ਕਿ ਦੋ ਵਿਅਕਤੀ ਗੱਡੀ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕਾਰ ਦੇ ਅੰਦਰੋਂ ਦਰਵਾਜ਼ੇ ਬੰਦ ਕਰ ਰਿਹਾ ਸੀ, ਜਦਕਿ ਦੂਜਾ ਕਾਰ ਦੇ ਅਗਲੇ ਹਿੱਸੇ 'ਤੇ ਕੋਈ ਜਲਣਸ਼ੀਲ ਪਦਾਰਥ ਸੁੱਟ ਰਿਹਾ ਸੀ। ਇਸ ਸਾਜ਼ਿਸ਼ ਤਹਿਤ ਚਾਰਾਂ ਮਜ਼ਦੂਰਾਂ ਨੂੰ ਕਾਰ ਦੇ ਅੰਦਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵਲੋਂ ਕੱਲ ਸ਼ਾਮੀ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਵਿੱਲਾ ਪਿਆਨਾ ਤੋਂ ਗ੍ਰਿਫਤਾਰ ਕਰਕੇ ਕੋਜੇਂਸਾ ਥਾਣੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਤੋ ਇਸ ਘਟਨਾ ਦੇ ਕਾਰਨਾਂ ਵਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਰੂਹ ਕੰਬਾਊ ਘਟਨਾ ਦੇ ਕਾਰਨ ਪੂਰੇ ਇਟਲੀ ਵਿੱਚ ਸੋਗ ਦੀ ਲਹਿਰ ਹੈ ਅਤੇ ਪ੍ਰਵਾਸੀ ਭਾਈਚਾਰਾ ਇਨ੍ਹਾਂ ਬੇਰਹਿਮੀਆਂ ਦੋਸ਼ੀਆਂ ਲਈ ਸਖ਼ਤ ਤੋ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰ ਰਿਹਾ ਹੈ।