ਯੂ.ਕੇ ਦਾ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ 28 ਜੂਨ ਨੂੰ

 

ਲੈਸਟਰ (ਇੰਗਲੈਂਡ), 3 ਜੂਨ (ਸੁਖਜਿੰਦਰ ਸਿੰਘ ਢੱਡੇ)- ਪੰਜਾਬੀ ਸੱਭਿਆਚਾਰ, ਲੋਕ ਕਲਾ ਅਤੇ ਅਮੀਰ ਵਿਰਸੇ ਨੂੰ ਸਮਰਪਿਤ ਯੂ.ਕੇ ਦਾ ਬਹੁ-ਚਰਚਿੱਤ 5ਵਾਂ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ 2026 ਇਸ ਵਾਰ ਵੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਜਾਣੇ ਜਾਂਦੇ ਪ੍ਰੇਮਸ ਵੈਡਿੰਗ ਡੈਕੋਰੇਸ਼ਨ ਦੇ ਮੁਖੀ ਮੁਕੇਸ਼ ਅਤੇ ਸੁਨੀਤਾ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ਾਲ ਸਮਾਗਮ ਨੂੰ ਲੈ ਕੇ ਯੂ.ਕੇ ਭਰ ਦੀਆ ਗਿੱਧਾ ਟੀਮਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਆਯੋਜਕਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਸ਼ਾਨਦਾਰ ਅਤੇ ਪਰਿਵਾਰਕ ਸਮਾਗਮ ਐਤਵਾਰ, 28 ਜੂਨ 2026 ਨੂੰ ਯੂਨੀਵਰਸਿਟੀ ਆਫ ਬਰਮਿੰਘਮ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੀਆਂ ਪ੍ਰਤਿਭਾਸ਼ਾਲੀ ਗਿੱਧਾ ਟੀਮਾਂ ਆਪਣੇ ਕਲਾ-ਕੌਸ਼ਲ, ਰਵਾਇਤੀ ਬੋਲੀਆਂ, ਲੋਕ ਨਾਚ ਅਤੇ ਪੰਜਾਬੀ ਸੱਭਿਆਚਾਰ ਦੀਆਂ ਰੰਗ-ਬਿਰੰਗੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਹੁਣ ਯੂਕੇ ਵਿੱਚ ਪੰਜਾਬੀ ਸੱਭਿਆਚਾਰਕ ਸਮਾਗਮਾਂ ਦੀ ਇੱਕ ਵਿਸ਼ੇਸ਼ ਪਛਾਣ ਬਣ ਚੁੱਕਾ ਹੈ, ਜਿਸ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਕਲਾਕਾਰ ਸ਼ਿਰਕਤ ਕਰਦੇ ਹਨ। ਇਸ ਵਾਰ ਵੀ ਮੁਕਾਬਲੇ ਨੂੰ ਹੋਰ ਭਵਿਆ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਾਣਯੋਗ ਮਹਿਮਾਨਾਂ ਅਤੇ ਤਜਰਬੇਕਾਰ ਜੱਜਾਂ ਨੂੰ ਸੱਦਾ ਦਿੱਤਾ ਗਿਆ ਹੈ, ਜੋ ਗਿੱਧਾ ਟੀਮਾਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕਰਨਗੇ।
ਸਮਾਗਮ ਦੌਰਾਨ ਦਰਸ਼ਕਾਂ ਲਈ ਪੰਜਾਬੀ ਵਿਰਸੇ ਨਾਲ ਜੁੜੀਆਂ ਵਿਸ਼ੇਸ਼ ਝਲਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਸਿੱਧ ਮੰਚ ਸੰਚਾਲਕ ਅਤੇ ਕਲਾਕਾਰ ਮੋਹਣੀ ਬਸਰਾ, ਮਨਜਿੰਦਰ ਪੁਰੇਵਾਲ ਅਤੇ ਇਟਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਮਨਦੀਪ ਸਿੰਘ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਰੌਣਕ ਨੂੰ ਹੋਰ ਵਧਾਉਣਗੇ।
ਮੁਕੇਸ਼ ਅਤੇ ਸੁਨੀਤਾ ਨੇ ਕਿਹਾ ਕਿ ਪ੍ਰੇਮਸ ਵੈਡਿੰਗ ਡੈਕੋਰੇਸ਼ਨ ਪਿਛਲੇ ਪੰਜ ਸਾਲਾਂ ਤੋਂ ਪੰਜਾਬੀ ਸੱਭਿਆਚਾਰ, ਲੋਕ ਨਾਚ ਅਤੇ ਗਿੱਧੇ ਦੀ ਅਮੀਰ ਪਰੰਪਰਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਸਮਾਗਮ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਕਾਰਨ ਟਿਕਟਾਂ ਤੇਜ਼ੀ ਨਾਲ ਵਿਕ ਰਹੀਆਂ ਹਨ। ਉਨ੍ਹਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਟਿਕਟਾਂ ਜਲਦ ਤੋਂ ਜਲਦ ਬੁੱਕ ਕਰਵਾਉਣ ਅਤੇ ਆਪਣੇ ਪਰਿਵਾਰਾਂ ਸਮੇਤ ਇਸ ਵਿਸ਼ਾਲ ਸੱਭਿਆਚਾਰਕ ਸਮਾਗਮ ਦਾ ਹਿੱਸਾ ਬਣਨ। ਟਿਕਟਾਂ ਦੀ ਬੁਕਿੰਗ ਲਈ Eventbrite ਦੇ ਕਿਊ.ਆਰ. ਕੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੰਜਾਬੀ ਸੱਭਿਆਚਾਰ ਦੇ ਪ੍ਰੇਮੀਆਂ ਦਾ ਮੰਨਣਾ ਹੈ ਕਿ ਯੂਕੇ ਦਾ ਇਹ ਗ੍ਰੈਂਡ ਇੰਟਰਨੈਸ਼ਨਲ ਗਿੱਧਾ ਮੁਕਾਬਲਾ ਸਿਰਫ਼ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਨਹੀ ਕਰਦਾ , ਸਗੋਂ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਵੀ ਅਹਿਮ ਯੋਗਦਾਨ ਪਾ ਰਿਹਾ ਹੈ। ਇਸੇ ਕਰਕੇ ਹਰ ਸਾਲ ਇਸ ਸਮਾਗਮ ਦੀ ਲੋਕਪ੍ਰਿਯਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਵਾਰ ਵੀ ਰਿਕਾਰਡ ਹਾਜ਼ਰੀ ਦੀ ਉਮੀਦ ਕੀਤੀ ਜਾ ਰਹੀ ਹੈ।