ਇਰਾਨ ਵੱਲੋਂ ਮਿਜ਼ਾਈਲ ਹਮਲੇ, ਜਵਾਬੀ ਕਾਰਵਾਈ ਵਿੱਚ ਅਮਰੀਕਾ ਨੇ ਫ਼ੌਜੀ ਟਿਕਾਣੇ ਕੀਤੇ ਤਬਾਹ

ਦੁਬਈ: ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਇਰਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੇ ਜਵਾਬ ਵਿੱਚ ਅਮਰੀਕੀ ਫ਼ੌਜ ਨੇ ਇਰਾਨੀ ਟਿਕਾਣਿਆਂ &rsquoਤੇ ਜ਼ੋਰਦਾਰ ਬੰਬਾਰੀ ਕੀਤੀ। ਅਮਰੀਕੀ ਕੇਂਦਰੀ ਕਮਾਂਡ ਮੁਤਾਬਕ, ਇਰਾਨ ਨੇ ਕੁਵੈਤ ਅਤੇ ਬਹਿਰੀਨ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ ਸਨ, ਜੋ ਆਪਣੇ ਨਿਸ਼ਾਨੇ &rsquoਤੇ ਪਹੁੰਚਣ ਤੋਂ ਪਹਿਲਾਂ ਹੀ ਨਾਕਾਮ ਕਰ ਦਿੱਤੀਆਂ ਗਈਆਂ। ਇਸ ਦੀ ਜਵਾਬੀ ਕਾਰਵਾਈ ਵਜੋਂ ਅਮਰੀਕੀ ਫ਼ੌਜ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਸਥਿਤ ਕੁਰੈਸ਼ਮ ਟਾਪੂ &rsquoਤੇ ਬਣੇ ਇਰਾਨੀ ਫ਼ੌਜੀ ਜ਼ਮੀਨੀ ਕੰਟਰੋਲ ਕੇਂਦਰ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰ ਦਿੱਤਾ ਹੈ।
ਅਮਰੀਕੀ ਰਿਪੋਰਟਾਂ ਅਨੁਸਾਰ, ਕੁਵੈਤ ਵੱਲ ਆ ਰਹੀਆਂ ਦੋ ਇਰਾਨੀ ਮਿਜ਼ਾਈਲਾਂ ਰਸਤੇ ਵਿੱਚ ਹੀ ਹਵਾ &rsquoਚ ਫਟ ਗਈਆਂ, ਜਦੋਂ ਕਿ ਬਹਿਰੀਨ ਵੱਲ ਵੱਧ ਰਹੀਆਂ ਮਿਜ਼ਾਈਲਾਂ ਨੂੰ ਅਮਰੀਕੀ ਅਤੇ ਬਹਿਰੀਨ ਦੀਆਂ ਰੱਖਿਆ ਪ੍ਰਣਾਲੀਆਂ ਨੇ ਅਸਮਾਨ ਵਿੱਚ ਹੀ ਸਫ਼ਲਤਾਪੂਰਵਕ ਢੇਰ ਕਰ ਦਿੱਤਾ।
ਸ਼ਾਂਤੀ ਵਾਰਤਾ ਟੁੱਟਣ ਦੀਆਂ ਅਫ਼ਵਾਹਾਂ ਅਤੇ ਜੰਗਬੰਦੀ 'ਤੇ ਰੋਕ
ਇਹ ਹਮਲੇ ਉਸ ਵੇਲੇ ਹੋਏ ਹਨ ਜਦੋਂ ਇਰਾਨੀ ਸੰਚਾਰ ਮਾਧਿਅਮਾਂ ਨੇ ਦਾਅਵਾ ਕੀਤਾ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲ ਨਾਲ ਚੱਲ ਰਹੀ ਜੰਗਬੰਦੀ ਦੀ ਵਾਰਤਾ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰਦਿਆਂ ਵਿਚੋਲਿਆਂ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਇਰਾਨੀ ਸੰਚਾਰ ਮਾਧਿਅਮਾਂ ਮੁਤਾਬਕ, ਜਦੋਂ ਤੱਕ ਲੈਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਚੱਲ ਰਹੀ ਇਜ਼ਰਾਇਲੀ ਜੰਗ ਨਹੀਂ ਰੁਕਦੀ, ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਵੇਗੀ।
ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਨ੍ਹਾਂ ਰਿਪੋਰਟਾਂ ਨੂੰ ਝੂਠੀਆਂ ਦੱਸਦਿਆਂ ਕਿਹਾ ਹੈ ਕਿ ਗੱਲਬਾਤ ਲਗਾਤਾਰ ਜਾਰੀ ਹੈ ਅਤੇ ਉਨ੍ਹਾਂ ਨੇ ਇਰਾਨ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਹੁਣ ਸਮਝੌਤਾ ਕਰਨ ਦਾ ਸਮਾਂ ਆ ਗਿਆ ਹੈ।