ਬਰਤਾਨੀਆ ਦੀ ਸੰਸਦ ਵਿੱਚ ਕਿਰਪਾਨ ਦੇ ਹੱਕ ਵਿੱਚ ਆਵਾਜ਼ ਬੁਲੰਦ

ਲੰਡਨ: ਬਰਤਾਨੀਆ ਵਿੱਚ ਇੱਕ ਸਿੱਖ ਨੌਜਵਾਨ ਵਿਕਰਮ ਦਿਗਵਾ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਮਗਰੋਂ ਉੱਥੋਂ ਦੀ ਸੰਸਦ ਵਿੱਚ ਕਿਰਪਾਨ ਨੂੰ ਲੈ ਕੇ ਅਹਿਮ ਬਹਿਸ ਹੋਈ। ਕੁਝ ਕੱਟੜਪੰਥੀ ਜਥੇਬੰਦੀਆਂ ਵੱਲੋਂ ਕਿਰਪਾਨ &rsquoਤੇ ਪਾਬੰਦੀ ਲਾਉਣ ਦੀ ਮੰਗ ਦਰਮਿਆਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਅਤੇ ਸਿੱਖ ਸੰਸਦ ਮੈਂਬਰਾਂ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਗੁਨਾਹ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਗੁਰਿੰਦਰ ਸਿੰਘ ਜੋਸਨ ਨੇ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਸ ਹਮਲੇ ਵਿੱਚ ਧਾਰਮਿਕ ਪ੍ਰਤੀਕ ਕਿਰਪਾਨ ਦੀ ਵਰਤੋਂ ਬਿਲਕੁਲ ਨਹੀਂ ਹੋਈ ਸੀ, ਫਿਰ ਵੀ ਵਿਰੋਧੀ ਧਿਰਾਂ ਵੱਲੋਂ ਇਸ ਸੰਵੇਦਨਸ਼ੀਲ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅਦਾਲਤ ਨੇ ਇਸ ਮਾਮਲੇ ਦੇ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਆਪਣੇ ਫੈਸਲੇ ਵਿੱਚ ਸਾਫ਼ ਕਿਹਾ ਸੀ ਕਿ ਮੁਲਜ਼ਮ ਨੇ ਅਜਿਹਾ ਘਿਨਾਉਣਾ ਕਾਰਨਾਮਾ ਕਰਕੇ ਸਿੱਖ ਧਰਮ ਦੇ ਪਵਿੱਤਰ ਸਿਧਾਂਤਾਂ ਦਾ ਘੋਰ ਅਪਮਾਨ ਕੀਤਾ ਹੈ।