ਹਰਮੀਤ ਸਿੰਘ ਕਾਲਕਾ "ਪੰਥ ਰਤਨ ਜਾਂ ਨਾਕਾਮੀਆਂ ਦਾ ਰਤਨ..?" — ਪਰਮਜੀਤ ਸਿੰਘ ਵੀਰਜੀ

 ਸੰਗਤ ਨੂੰ ਕਾਲਕਾ ਵਾਸਤੇ 'ਪੰਥ ਰਤਨ' ਨਹੀਂ, 'ਵਿਵਾਦ ਰਤਨ' ਦਾ ਕਰਨਾ ਪਵੇਗਾ ਨਵਾਂ ਖ਼ਿਤਾਬ ਸ਼ੁਰੂ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਪਰਮਜੀਤ ਸਿੰਘ ਵੀਰਜੀ ਨੇ ਹਰਮੀਤ ਸਿੰਘ ਕਾਲਕਾ ਉੱਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਚੋਣਾਂ ਕਰਵਾਉਣ ਤੋਂ ਭੱਜਦਾ ਹੋਵੇ, ਕਮੇਟੀ ਦੇ ਖ਼ਜ਼ਾਨੇ ਨੂੰ ਅਦਾਲਤੀ ਕੇਸਾਂ ਅਤੇ ਵਿਵਾਦਾਂ ਵਿੱਚ ਰੋਲ ਰਿਹਾ ਹੋਵੇ, ਸੰਗਤ ਅੱਗੇ ਹਿਸਾਬ-ਕਿਤਾਬ ਰੱਖਣ ਤੋਂ ਕਤਰਾਉਂਦਾ ਹੋਵੇ, ਉਹ ਅੱਜ ਆਪਣੇ ਆਪ ਨੂੰ ਪੰਥਕ ਆਗੂ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ। ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਨੇ ਆਪਣੀ ਜ਼ਿੰਦਗੀ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਕੀਤੀ ਸੀ, ਜਦਕਿ ਕਾਲਕਾ ਦੇ ਕਾਰਜਕਾਲ ਦੌਰਾਨ ਸਕੂਲ ਅਧਿਆਪਕਾਂ ਦਾ ਬਕਾਇਆ ਹੀ ਕਰੀਬ 600 ਕਰੋੜ ਰੁਪਏ ਤੱਕ ਪਹੁੰਚ ਗਿਆ। ਕਈ ਸਕੂਲ ਅਤੇ ਕਾਲਜ ਬੰਦ ਹੋ ਗਏ, ਵਿਦਿਅਕ ਅਦਾਰੇ ਤਬਾਹੀ ਦੇ ਕੰਢੇ 'ਤੇ ਪਹੁੰਚ ਗਏ ਅਤੇ ਬਾਲਾ ਸਾਹਿਬ ਹਸਪਤਾਲ ਦੀ ਹਾਲਤ ਵੀ ਸੰਗਤ ਤੋਂ ਲੁਕੀ ਨਹੀਂ। ਉਨ੍ਹਾਂ ਤਨਜ਼ ਕਰਦਿਆਂ ਕਿਹਾ, "ਟੋਕਰੀ ਨੂੰ ਚੋਣ ਨਿਸ਼ਾਨ ਬਣਾ ਲੈਣ ਨਾਲ ਕੋਈ ਬਾਬਾ ਹਰਬੰਸ ਸਿੰਘ ਨਹੀਂ ਬਣ ਜਾਂਦਾ। ਜੇ ਇਹਨਾ ਹੀ ਸੌਖਾ ਹੁੰਦਾ ਤਾਂ ਹਰ ਕੋਈ ਟੋਕਰੀ ਚੁੱਕ ਕੇ ਪੰਥ ਰਤਨ ਬਣ ਜਾਂਦਾ। ਬਾਬਾ ਜੀ ਨੇ ਸੇਵਾ ਨਾਲ ਨਾਮ ਕਮਾਇਆ ਸੀ, ਜਦਕਿ ਇੱਥੇ ਤਾਂ ਲੋਕ ਨਾਕਾਮੀਆਂ ਦੇ ਪਹਾੜ ਉੱਤੇ ਖੜ੍ਹ ਕੇ ਸਨਮਾਨਾਂ ਦੀ ਮੰਗ ਕਰ ਰਹੇ ਹਨ।" ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਚੇਲੇ ਆਪਣੇ ਨੇਤਾ ਨੂੰ "ਪੰਥ ਰਤਨ" ਦੇਣ ਦੀ ਮੰਗ ਕਰ ਰਹੇ ਹਨ। ਜਦਕਿ ਸੰਗਤ ਪੁੱਛ ਰਹੀ ਹੈ ਕਿ ਪੰਥ ਲਈ ਉਨ੍ਹਾਂ ਵਲੋਂ ਕੀ ਪ੍ਰਾਪਤੀ ਕੀਤੀ ਗਈ ਹੈ..? ਸਕੂਲਾਂ ਦੀ ਬੰਦਸ਼, ਅਧਿਆਪਕਾਂ ਦੇ ਬਕਾਏ, ਹਸਪਤਾਲਾਂ ਦੀ ਬਦਹਾਲੀ ਅਤੇ ਕਮੇਟੀ ਦੇ ਖਾਤਿਆਂ ਉੱਤੇ ਉੱਠ ਰਹੇ ਸਵਾਲ &mdash ਕੀ ਇਹੀ ਪੰਥਕ ਪ੍ਰਾਪਤੀਆਂ ਹਨ..? ਅਖੀਰ ਵਿੱਚ ਉਨ੍ਹਾਂ ਚੁਭਵਾਂ ਵਿਅੰਗ ਕਰਦਿਆਂ ਕਿਹਾ ਪੰਥ ਰਤਨ ਦੀ ਮੰਗ ਕਰਨ ਵਾਲੇ ਚੇਲੇ ਸ਼ਾਇਦ ਇਹ ਵੀ ਦੱਸਣ ਕਿ ਕਾਲਕਾ ਸਾਹਿਬ ਦੀ ਸਭ ਤੋਂ ਵੱਡੀ ਉਪਲਬਧੀ ਕੀ ਹੈ..? ਕੀ 600 ਕਰੋੜ ਦਾ ਅਧਿਆਪਕ ਬਕਾਇਆ, ਬੰਦ ਹੋਏ ਸਕੂਲ-ਕਾਲਜ, ਬਦਹਾਲ ਹਸਪਤਾਲ ਜਾਂ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾਣਾ..? ਜੇ ਇਹੀ ਮਾਪਦੰਡ ਹਨ ਤਾਂ ਫਿਰ ਸੰਗਤ ਨੂੰ 'ਪੰਥ ਰਤਨ' ਨਹੀਂ, 'ਵਿਵਾਦ ਰਤਨ' ਦਾ ਨਵਾਂ ਖ਼ਿਤਾਬ ਸ਼ੁਰੂ ਕਰਨਾ ਪਵੇਗਾ।"