ਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ

ਸੰਸਦ &lsquoਚ ਬਰਤਾਨਵੀ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ &lsquoਤੇ ਪਾਬੰਦੀ ਲਾਉਣ ਦੀ ਮੰਗ ਨੂੰ ਮੂਲੋਂ ਕੀਤਾ ਰੱਦ
ਚੰਡੀਗੜ੍ਹ,  : ਵਿਕਰਮ ਸਿੰਘ ਦਿਗਵਾ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਮਗਰੋਂ ਬਰਤਾਨੀਆ ਦੇ ਸਿੱਖ ਸੰਸਦ ਮੈਂਬਰਾਂ ਨੇ ਹੇਠਲੇ ਸਦਨ &lsquoਹਾਊਸ ਆਫ ਕਾਮਨਜ਼&rsquo ਵਿੱਚ ਹੋਈ ਬਹਿਸ ਦੌਰਾਨ ਸਿੱਖਾਂ ਦੇ ਧਾਰਮਿਕ ਕਕਾਰਾਂ ਦੀ ਆਜ਼ਾਦੀ ਦੀ ਰੱਖਿਆ ਲਈ ਮਜ਼ਬੂਤੀ ਨਾਲ ਪੱਖ ਰੱਖਿਆ ਕਿਉਂਕਿ ਇਸ ਮੁੱਦੇ ਨੂੰ ਬੇਵਜ੍ਹਾ ਤੂਲ ਦਿੰਦਿਆਂ ਕੱਟੜ ਦੱਖਣਪੰਥੀ ਗਰੁੱਪਾਂ ਨੇ ਸਿੱਖਾਂ ਵੱਲੋਂ ਧਾਰਨ ਕੀਤੇ ਜਾਣ ਵਾਲੇ ਧਾਰਮਿਕ ਕਕਾਰ &lsquoਕਿਰਪਾਨ&rsquo &rsquoਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ਜਦੋਂ ਕਿ ਇਸ ਅਪਰਾਧ ਮੌਕੇ ਅਸਲ ਵਿੱਚ ਕਿਰਪਾਨ ਦੀ ਵਰਤੋਂ ਹੀ ਨਹੀਂ ਸੀ ਹੋਈ। ਕਤਲ ਮੌਕੇ ਵਰਤਿਆ ਹਥਿਆਰ &lsquoਪੇਸ਼-ਕਬਜ਼&rsquo ਸੀ ਜੋ ਕਿ ਇੰਡੋ-ਫ਼ਾਰਸੀ ਸ਼ੈਲੀ ਦਾ ਇੱਕ ਘਾਤਕ ਚਾਕੂ ਹੁੰਦਾ ਹੈ ਜੋ ਸੁਰੱਖਿਆ ਕਵਚ ਨੂੰ ਤੋੜਨ ਲਈ ਤਿਆਰ ਕੀਤਾ ਜਾਂਦਾ ਹੈ।
ਜਿਕਰਯੋਗ ਹੈ ਕਿ ਇਹ ਚਰਚਾ ਉਸ ਵੇਲੇ ਹੋਈ ਜਦੋਂ 23 ਸਾਲਾ ਵਿਕਰਮ ਦਿਗਵਾ ਨੂੰ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਹੋਰ ਸਿੱਖ ਸੰਸਦ ਮੈਂਬਰਾਂ ਨੇ ਇਸ ਬਹਿਸ ਦੌਰਾਨ ਦਖ਼ਲ ਦਿੰਦਿਆਂ ਰਿਫਾਰਮ ਯੂਕੇ ਅਤੇ ਰਿਸਟੋਰ ਬ੍ਰਿਟੇਨ ਪਾਰਟੀਆਂ ਦੀ ਸਿੱਧੀ ਆਲੋਚਨਾ ਕੀਤੀ। ਢੇਸੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕ ਹਿੰਸਕ ਕਾਤਲ ਦੀ ਕਾਰਵਾਈ ਦੇ ਆਧਾਰ &rsquoਤੇ ਪੂਰੀ ਸਿੱਖ ਕੌਮ ਨੂੰ ਬਲੀ ਦਾ ਬੱਕਰਾ ਬਣਾ ਰਹੀਆਂ ਹਨ ਅਤੇ ਬੇਵਜ੍ਹਾ ਦੋਸ਼ੀ ਠਹਿਰਾ ਰਹੀਆਂ ਹਨ।
ਢੇਸੀ ਨੇ ਸਦਨ ਨੂੰ ਯਾਦ ਕਰਵਾਇਆ ਕਿ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਲੱਖਾਂ ਸਿੱਖ ਸੈਨਿਕਾਂ ਨੇ ਬਰਤਾਨਵੀ ਫੌਜ ਨਾਲ ਮਿਲ ਕੇ ਬਹਾਦਰੀ ਨਾਲ ਯੁੱਧ ਲੜਿਆ ਸੀ ਅਤੇ ਉਹ ਆਪਣੀ ਦਸਤਾਰ ਅਤੇ ਕਿਰਪਾਨ ਧਾਰਨ ਕਰਕੇ ਜੰਗ ਦੇ ਮੈਦਾਨ ਵਿੱਚ ਲੜੇ ਸਨ। ਉਨ੍ਹਾਂ ਨੇ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਅਪੀਲ ਕੀਤੀ ਕਿ ਸਿੱਖਾਂ ਨੂੰ ਇਹ ਭਰੋਸਾ ਦੇਣ ਕਿ ਉਹ ਆਪਣੀ ਆਸਥਾ ਦਾ ਆਜ਼ਾਦੀ ਅਤੇ ਸ਼ਾਂਤੀਪੂਰਵਕ ਪਾਲਣ ਕਰ ਸਕਣਗੇ।
ਢੇਸੀ ਨੇ ਕਿਹਾ ਕਿ ਅਜਿਹੀ ਗਲਤ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਧਾਰਮਿਕ ਤੌਰ ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਵਿਚਾਰ ਨਾਲ ਸਮੁੱਚਾ ਸਿੱਖ ਜਗਤ ਸਹਿਮਤ ਹੈ।
ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਮੰਨਿਆ ਕਿ ਕੁਝ ਕੱਟੜ ਦੱਖਣਪੰਥੀਆਂ ਨੇ ਸਿੱਖਾਂ ਵੱਲੋਂ ਕਿਰਪਾਨ ਪਹਿਨਣ &rsquoਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਰਪਾਨ ਨੂੰ &ldquoਸਿੱਖ ਧਰਮ ਦੇ ਪੰਜ ਪਵਿੱਤਰ ਕਕਾਰਾਂ ਵਿੱਚੋਂ ਇੱਕ&rdquo ਕਰਾਰ ਦਿੱਤਾ।
ਮੰਤਰੀ ਨੇ ਸਾਲ 2019 ਦੇ &lsquoਆਫੈਂਸਿਵ ਵੇਪਨਜ਼ ਐਕਟ&rsquo ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕਾਨੂੰਨ ਨੇ ਲੰਬੀ ਕਿਰਪਾਨ ਸਬੰਧੀ ਪਹਿਲਾਂ ਤੋਂ ਮੌਜੂਦ ਕਾਨੂੰਨੀ ਸੁਰੱਖਿਆ ਨੂੰ ਸਪੱਸ਼ਟ ਅਤੇ ਮਜ਼ਬੂਤ ਕੀਤਾ ਹੋਇਆ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਸਰਕਾਰ ਕਿਸੇ ਇੱਕ ਵਿਅਕਤੀ ਦੇ ਅਪਰਾਧ ਲਈ ਪੂਰੇ ਸਿੱਖ ਜਗਤ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਇਸ ਦੇਸ਼ ਵਿੱਚ ਸਭ ਨੂੰ ਸਜ਼ਾ ਦੇਣ ਦੀ ਧਾਰਨਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ। ਇਸ ਦੀ ਬਜਾਏ ਅਸੀਂ ਇਸ ਭੈੜੀ ਬੁਰਾਈ ਦੀ ਘਟਨਾ ਵਿਰੁੱਧ ਇਕਜੁੱਟ ਹਾਂ। ਅਸੀਂ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੀ ਨਿੰਦਾ ਕਰਦੇ ਹਾਂ ਨਾ ਕਿ ਉਨ੍ਹਾਂ ਸਾਰਿਆਂ ਦੀ ਜੋ ਉਸ ਦੇ ਧਰਮ ਜਾਂ ਨਸਲੀ ਪਿਛੋਕੜ ਨਾਲ ਸਬੰਧਿਤ ਹਨ।
ਮਹਿਮੂਦ ਨੇ ਇਹ ਵੀ ਕਿਹਾ ਕਿ ਇਸ ਕਤਲ ਨੂੰ ਭਾਈਚਾਰਿਆਂ ਵਿੱਚ ਵੰਡ ਪੈਦਾ ਕਰਨ ਦੇ ਸਾਧਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ। ਉਨ੍ਹਾਂ ਨੇ ਦੁਹਰਾਇਆ ਕਿ ਕਿਸੇ ਇੱਕ ਵਿਅਕਤੀ ਦੇ ਘਿਣਾਉਣੇ ਅਪਰਾਧ ਲਈ ਸਾਰੇ ਸਿੱਖਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਇਸ ਚਰਚਾ ਨੇ ਬਰਤਾਨੀਆ ਅਤੇ ਵਿਸ਼ਵ ਭਰ ਦੇ ਸਿੱਖ ਜਗਤ ਦਾ ਵਿਆਪਕ ਧਿਆਨ ਖਿੱਚਿਆ ਹੈ। ਧਾਰਮਿਕ ਅਤੇ ਭਾਈਚਾਰਕ ਆਗੂਆਂ ਨੇ ਇਕਸੁਰ ਹੋ ਕੇ ਨਾ ਸਿਰਫ਼ ਇਸ ਹੱਤਿਆ ਦੀ ਨਿੰਦਾ ਕੀਤੀ ਹੈ ਸਗੋਂ ਉਹਨਾਂ ਰਾਜਨੀਤਿਕ ਕੋਸ਼ਿਸ਼ਾਂ ਦੀ ਵੀ ਸਖ਼ਤ ਨਿੰਦਾ ਕੀਤੀ ਹੈ ਜਿਨ੍ਹਾਂ ਰਾਹੀਂ ਸਦੀਆਂ ਪੁਰਾਣੀ ਧਾਰਮਿਕ ਪਰੰਪਰਾ &rsquoਤੇ ਪਾਬੰਦੀ ਲਗਾਉਣ ਦਾ ਆਧਾਰ ਬਣਾਉਣ ਦੀ ਘਟੀਆ ਕੋਸ਼ਿਸ਼ ਕੀਤੀ ਜਾ ਰਹੀ ਹੈ।