ਭਾਰਤੀ ਨਾਗਰਿਕ ਦਾ ਨਾਂ ਵਿਦੇਸ਼ੀ ਅਪਰਾਧੀਆਂ ਦੀ ਜਨਤਿਕ ਸੂਚੀ ਵਿੱਚ ਸ਼ਾਮਿਲ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ.ਐਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਨੇ ਭਾਰਤੀ ਨਾਗਰਿਕ ਲੁਬਾਣਾ ਸਿੰਘ ਨੂੰ ਆਪਣੀ ਸਭ ਤੋਂ ਭੈੜੀ ਜਨਤਿਕ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜੋ ਕਿ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੁਆਰਾ ਦੇਸ਼ ਭਰ ਵਿੱਚ ਗ੍ਰਿਫਤਾਰ ਕੀਤੇ ਗਏ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਦੀ ਹੈ। ਡੀ ਐਚ ਐਸ ਅਨੁਸਾਰ, ਲੁਬਾਣਾ ਸਿੰਘ ਨੂੰ ਮਿਲਾਨ, ਮਿਸ਼ੀਗਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਏਜੰਸੀ ਨੇ ਕਿਹਾ ਕਿ ਉਸ ਦੇ ਅਪਰਾਧਿਕ ਇਤਿਹਾਸ ਵਿੱਚ ਸਿੰਥੈਟਿਕ ਨਸ਼ੀਲੇ ਪਦਾਰਥਾਂ ਅਤੇ ਹੋਰ ਖਤਰਨਾਕ ਨਸ਼ਿਆਂ ਦੀ ਵਿਕਰੀ ਨਾਲ ਜੁੜੇ ਅਪਰਾਧ ਸ਼ਾਮਲ ਹਨ। ਇਸ ਸੂਚੀ ਵਿਚ 5000 ਨਾਂ ਸ਼ਾਮਿਲ ਹੋ ਚੁੱਕੇ ਹਨ ਜਿਨਾਂ ਦਾ ਪਿਛੋਕੜ ਅਪਰਾਧ ਨਾਲ ਜੁੜਿਆ ਹੋਇਆ ਹੈ। 8 ਦਸੰਬਰ, 2025 ਨੂੰ ਸ਼ੁਰੂ ਕੀਤਾ ਗਿਆ ਇਹ ਔਨਲਾਈਨ ਜਨਤਿਕ ਪਲੇਟਫਾਰਮ ਹੈ ਜਿਸ ਵਿੱਚ ਬਾਲ ਸੋਸ਼ਣ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਚੋਰੀ, ਨਸ਼ੇ ਦੀ
ਹਾਲਤ ਵਿਚ ਗੱਡੀ ਚਲਾਉਣਾ ਤੇ ਕਤਲ ਵਰਗੇ ਅਪਰਾਧਾਂ ਨਾਲ ਜੁੜੇ ਵਿਦੇਸ਼ੀ ਨਾਗਰਿਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਡੀ ਐਚ ਐਸ ਦੀ ਕਾਰਜਕਾਰੀ ਸਹਾਇਕ ਸਕੱਤਰ ਲੌਰੇਨ ਬਿਸ ਨੇ ਕਿਹਾ ਕਿ ਇਹ ਅਪਡੇਟ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਕਾਰਵਾਈਆਂ ਬਾਰੇ ਪਾਰਦਰਸ਼ਤਾ ਵਧਾਉਣ ਲਈ ਪ੍ਰਸ਼ਾਸਨ ਦੇ ਯਤਨਾਂ ਦਾ ਹਿੱਸਾ ਹੈ। ਇਸ ਸੂਚੀ ਵਿਚ ਹੋਂਡੁਰਾਸ, ਕਿਊਬਾ, ਮੈਕਸੀਕੋ, ਗੁਆਟੇਮਾਲਾ, ਵੀਅਤਨਾਮ, ਲਾਇਬੇਰੀਆ, ਅਲ ਸੈਲਵਾਡੋਰ, ਯੂਕਰੇਨ ਅਤੇ ਲਾਓਸ ਦੇ ਵਿਅਕਤੀ ਵੀ ਸ਼ਾਮਲ ਹਨ।