ਭਾਰਤ ਨੇ ਦਹਾਕਿਆਂ ਤੱਕ ਅਮਰੀਕਾ ਦਾ ਫਾਇਦਾ ਉਠਾਇਆ, ਹੁਣ ਟੈਰਿਫ਼ ਤੋਂ ਅਸੀਂ ਕਮਾ ਰਹੇ ਹਾਂ : ਟਰੰਪ

ਵਾਸ਼ਿੰਗਟਨ ਡੀਸੀ,  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਵਪਾਰਕ ਸਬੰਧਾਂ ਬਾਰੇ ਕਹਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤ ਨੇ ਲੰਬੇ ਸਮੇਂ ਤੱਕ ਅਮਰੀਕੀ ਉਤਪਾਦਾਂ ''ਤੇ ਉੱਚੇ ਟੈਰਿਫ਼ ਲਗਾ ਕੇ ਅਮਰੀਕਾ ਦਾ ਫਾਇਦਾ ਉਠਾਇਆ। ਟਰੰਪ ਨੇ ਕਿਹਾ ਕਿ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਅਮਰੀਕਾ ਟੈਰਿਫ਼ਾਂ ਰਾਹੀਂ ਵਧੀਆ ਆਮਦਨ ਹਾਸਲ ਕਰ ਰਿਹਾ ਹੈ।
ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਕਾਰ ਜਲਦੀ ਹੀ ਇੱਕ ਮਹੱਤਵਪੂਰਨ ਵਪਾਰਕ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਬਹੁਤ ਚੰਗੇ ਸਬੰਧ ਹਨ। ਮੈਨੂੰ ਮੋਦੀ ਬਹੁਤ ਪਸੰਦ ਹਨ ਅਤੇ ਉਹ ਮੇਰੇ ਚੰਗੇ ਦੋਸਤ ਹਨ। ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਇਸ ਲਈ ਸਮਝੌਤੇ ਦੀ ਸੰਭਾਵਨਾ ਮਜ਼ਬੂਤ ਹੈ।
ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਵਫ਼ਦ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਵਿੱਚ ਭਾਰਤੀ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਗੱਲਬਾਤਾਂ ਕੀਤੀਆਂ ਹਨ। ਦੋਵੇਂ ਦੇਸ਼ ਇੱਕ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਕੋਸਿ਼ਸ਼ ਕਰ ਰਹੇ ਹਨ, ਤਾਂ ਜੋ ਲੰਬੇ ਸਮੇਂ ਤੋਂ ਚੱਲ ਰਹੇ ਵਪਾਰਕ ਵਿਵਾਦਾਂ ਅਤੇ ਰੁਕਾਵਟਾਂ ਦਾ ਹੱਲ ਕੀਤਾ ਜਾ ਸਕੇ।
ਭਾਰਤ ਦੇ ਵਣਜ ਮੰਤਰਾਲੇ ਅਨੁਸਾਰ ਗੱਲਬਾਤ ਸਕਾਰਾਤਮਕ ਰਹੀ ਹੈ ਅਤੇ ਦੋਵੇਂ ਪੱਖ ਅਜਿਹਾ ਸਮਝੌਤਾ ਚਾਹੁੰਦੇ ਹਨ ਜਿਸ ਨਾਲ ਦੋਨਾਂ ਅਰਥਵਿਵਸਥਾਵਾਂ ਨੂੰ ਲਾਭ ਮਿਲੇ। ਹਾਲਾਂਕਿ, ਇਸ ਦੌਰਾਨ ਇੱਕ ਨਵੀਂ ਚੁਣੌਤੀ ਵੀ ਸਾਹਮਣੇ ਆਈ ਹੈ। ਅਮਰੀਕਾ ਨੇ ਕੁਝ ਦੇਸ਼ਾਂ ''ਤੇ ਵਾਧੂ ਆਯਾਤ ਫੀਸ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਭਾਰਤ ਦਾ ਨਾਮ ਵੀ ਸ਼ਾਮਿਲ ਹੈ। ਜੇਕਰ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਅਮਰੀਕਾ ਨੂੰ ਨਿਰਯਾਤ ਕੀਤੇ ਜਾਣ ਵਾਲੇ ਭਾਰਤੀ ਉਤਪਾਦਾਂ ''ਤੇ 12.5 ਫ਼ੀਸਦੀ ਵਾਧੂ ਟੈਰਿਫ਼ ਲੱਗ ਸਕਦਾ ਹੈ।