ਲੀਡਰਸ਼ਿਪ ਚੋਣ ਨਾਲ ਦੇਸ਼ ਅਸਥਿਰਤਾ ਵੱਲ ਜਾਵੇਗਾ, ਮੈਂ ਅਸਤੀਫ਼ਾ ਨਹੀਂ ਦੇਵਾਂਗਾ: ਸਟਾਰਮਰ

 ਲੈਸਟਰ (ਇੰਗਲੈਂਡ), 5 ਜੂਨ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਲੇਬਰ ਪਾਰਟੀ ਅੰਦਰ ਸੰਭਾਵਿਤ ਲੀਡਰਸ਼ਿਪ ਚੁਣੌਤੀ ਨੂੰ ਲੈ ਕੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਉਹ ਆਪਣਾ ਅਹੁਦਾ ਛੱਡਣ ਵਾਲੇ ਨਹੀਂ ਹਨ ਅਤੇ ਇਸ ਸਮੇਂ ਪਾਰਟੀ ਅੰਦਰ ਲੀਡਰਸ਼ਿਪ ਦੀ ਲੜਾਈ ਛੇੜਨਾ ਦੇਸ਼ ਨੂੰ ਅਸਥਿਰਤਾ ਅਤੇ ਹਫੜਾ-ਦਫੜੀ ਵੱਲ ਧੱਕਣ ਦੇ ਬਰਾਬਰ ਹੋਵੇਗਾ।  ਸਟਾਰਮਰ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਗ੍ਰੇਟਰ ਮੈਨਚੈਸਟਰ ਦੇ ਮੇਅਰ ਐਂਡੀ ਬਰਨਹੈਮ ਨੇ ਕਿਹਾ ਕਿ ਜੇਕਰ ਉਹ 18 ਜੂਨ ਨੂੰ ਹੋਣ ਵਾਲੀ ਮੇਕਰਫੀਲਡ ਉਪ ਚੋਣ ਜਿੱਤ ਜਾਂਦੇ ਹਨ ਤਾਂ ਉਹ ਲੇਬਰ ਪਾਰਟੀ ਦੀ ਲੀਡਰਸ਼ਿਪ ਲਈ ਚੁਣੌਤੀ ਦੇਣ ਬਾਰੇ ਵਿਚਾਰ ਕਰਨਗੇ। ਸਟਾਰਮਰ ਨੇ ਕਿਹਾ ਕਿ ਐਂਡੀ ਬਰਨਹੈਮ ਵਿਚ ਬੇਸ਼ੱਕ ਕਾਬਲੀਅਤ ਹੈ, ਪਰ ਮੌਜੂਦਾ ਸਮੇਂ ਜਦੋਂ ਯੂਕਰੇਨ ਅਤੇ ਮੱਧ ਪੂਰਬ ਵਿਚ ਟਕਰਾਅ ਜਾਰੀ ਹਨ ਅਤੇ ਦੁਨੀਆ ਅਸਥਿਰ ਦੌਰ ਵਿਚੋਂ ਲੰਘ ਰਹੀ ਹੈ, ਉਸ ਵੇਲੇ ਪਾਰਟੀ ਅੰਦਰੂਨੀ ਲੜਾਈ ਵਿਚ ਉਲਝਣਾ ਲੋਕਾਂ ਦੀਆਂ ਉਮੀਦਾਂ ਦੇ ਉਲਟ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜੀਵਨ-ਯਾਪਨ ਦੀ ਵੱਧ ਰਹੀ ਲਾਗਤ, ਐਨ.ਐਚ.ਐਸ. ਦੀਆਂ ਉਡੀਕ ਸੂਚੀਆਂ ਘਟਾਉਣ, ਸਰਹੱਦਾਂ 'ਤੇ ਕੰਟਰੋਲ ਮਜ਼ਬੂਤ ਕਰਨ ਅਤੇ ਗਰੀਬੀ ਘਟਾਉਣ ਵਰਗੇ ਮੁੱਦਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਉਪ ਪ੍ਰਧਾਨ ਮੰਤਰੀ ਡੇਵਿਡ ਲੈਮੀ ਨੇ ਵੀ ਸਟਾਰਮਰ ਦੇ ਹੱਕ ਵਿਚ ਖੜ੍ਹਦਿਆਂ ਕਿਹਾ ਕਿ ਇਸ ਸਮੇਂ ਕੋਈ ਲੀਡਰਸ਼ਿਪ ਮੁਕਾਬਲਾ ਨਹੀਂ ਹੈ ਅਤੇ ਅਜਿਹੀ ਕੋਈ ਵੀ ਚਰਚਾ ਸਰਕਾਰ ਦੇ ਕੰਮਕਾਜ ਤੋਂ ਧਿਆਨ ਭਟਕਾਉਣ ਵਾਲੀ ਹੋਵੇਗੀ। ਦੂਜੇ ਪਾਸੇ ਬਰਨਹੈਮ ਦਾ ਕਹਿਣਾ ਹੈ ਕਿ ਲੋਕਾਂ ਦਾ ਸਿਆਸਤਦਾਨਾਂ 'ਤੇ ਭਰੋਸਾ ਮੁੜ ਕਾਇਮ ਕਰਨ ਲਈ ਵੈਸਟਮਿੰਸਟਰ ਵਿਚ ਬੁਨਿਆਦੀ ਤਬਦੀਲੀਆਂ ਦੀ ਲੋੜ ਹੈ। ਤਾਜ਼ਾ ਸਰਵੇਖਣ ਅਨੁਸਾਰ ਮੇਕਰਫੀਲਡ ਉਪ ਚੋਣ ਵਿਚ ਬਰਨਹੈਮ ਨੂੰ 49 ਫ਼ੀਸਦੀ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਹੈ, ਜਦਕਿ ਰਿਫਾਰਮ ਯੂਕੇ ਦੇ ਉਮੀਦਵਾਰ ਰਾਬਰਟ ਕੇਨਯਨ 39 ਫ਼ੀਸਦੀ ਸਮਰਥਨ ਨਾਲ ਦੂਜੇ ਸਥਾਨ 'ਤੇ ਹਨ।